ਪਸਸਫ ਵੱਲੋਂ ਸੂਬਾਈ ਰੈਲੀ ਅਤੇ ਰੋਸ ਮਾਰਚ
ਜਲੰਧਰ, 10 ਅਪਰੈਲ
ਸੂਬੇ ਦੇ ਮੁਲਾਜ਼ਮਾਂ ਦੀ ਸੰਘਰਸ਼ਸ਼ੀਲ ਜਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ, ਮੁਲਾਜ਼ਮ ਮੰਗਾਂ ਦੀ ਪ੍ਰਾਪਤੀ ਅਤੇ ਮੁੱਖ ਮੰਤਰੀ ਦੀ ਵਾਅਦਾਖ਼ਿਲਾਫੀ ਨੂੰ ਉਜਾਗਰ ਕਰਨ ਹਿੱਤ ਕੀਤੇ ਜਾ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਅੱਜ ਇੱਥੇ ਦੇਸ਼ ਭਗਤ ਯਾਦਗਾਰ ਕੰਪਲੈਕਸ ਸੂਬਾ ਪੱਧਰੀ ਰੈਲੀ ਕੀਤੀ ਗਈ। ਇਹ ਰੈਲੀ ਜਥੇਬੰਦੀ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਦੀ ਅਗਵਾਈ ਹੇਠ ਹੋਈ। ਪਹਿਲਾਂ ਇੱਥੇ ਮੁਲਾਜ਼ਮਾਂ ਨੇ ਸ਼ਹਿਰ ਵਿੱਚ ਰੋਸ ਮਾਰਚ ਵੀ ਕੱਢਿਆ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਕਿਹਾ ਕਿ ਇਹ ਰੈਲੀ ਸੂਬਾ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਨਾਲ ਨਾਲ ਮੁੱਖ ਮੰਤਰੀ ਦੀ ਵਾਅਦਾਖਿਲਾਫੀ ਵਿਰੁੱਧ ਵੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਨਾਮ ਵਰਤ ਕੇ ਸੱਤਾ ਵਿੱਚ ਆਏ ਮੁੱਖ ਮੰਤਰੀ ਵੱਲੋਂ ਸਿਰਫ ਸਟੇਜਾਂ ’ਤੇ ਵੱਡੇ-ਵੱਡੇ ਝੂਠੇ ਭਾਸ਼ਣ ਹੀ ਦਿੱਤੇ ਜਾ ਰਹੇ ਹਨ ਅਤੇ ਸਰਕਾਰ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ’ਤੇ ਝੂਠੇ ਪਰਚੇ ਦਰਜ ਕਰਕੇ ਜੇਲ੍ਹਾਂ ਅੰਦਰ ਸੁੱਟਿਆ ਜਾ ਰਿਹਾ ਹੈ। ਇਸ ਮੌਕੇ ਆਲ ਇੰਡੀਆ ਸਟੇਟ ਗੌਰਮਿੰਟ ਐਂਪਲਾਈਜ਼ ਫੈਡਰੇਸ਼ਨ ਦੇ ਕੌਮੀ ਵਿੱਤ ਸਕੱਤਰ ਸਾਥੀ ਸ਼ਸ਼ੀਕਾਂਤ ਰਾਏ (ਬਿਹਾਰ) ਨੇ ਕਿਹਾ ਕਿ ਸੂਬਾ ਸਰਕਾਰਾਂ ਵਾਂਗ ਹੀ ਕੇਂਦਰ ਸਰਕਾਰ ਵੀ ਮੁਲਾਜ਼ਮ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ ਅਤੇ ਪ੍ਰਧਾਨ ਮੰਤਰੀ ਵੱਲੋਂ ਵੀ ਲੋਕਾਂ ਨੂੰ ਸਹੂਲਤਾਂ ਦਿੰਦੇ ਸਰਕਾਰੀ ਅਦਾਰਿਆਂ ਨੂੰ ਖਤਮ ਕਰਕੇ ਅਡਾਨੀਆਂ ਤੇ ਅੰਬਾਨੀਆਂ ਨੂੰ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਨੀਤੀਆਂ ਵਿਰੁੱਧ ਦੇਸ਼ ਦੀਆਂ ਵੱਖ-ਵੱਖ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਵੱਲੋਂ 20 ਮਈ ਨੂੰ ਕੀਤੀ ਜਾਣ ਵਾਲੀ ਦੇਸ਼ ਵਿਆਪੀ ਹੜਤਾਲ ਨੂੰ ਸਫਲ ਬਣਾਉਣ ਦਾ ਹੋਕਾ ਵੀ ਦਿੱਤਾ। ਇਸ ਦੌਰਾਨ ਆਲ ਇੰਡੀਆ ਸਟੇਟ ਗੌਰਮਿੰਟ ਪੈਨਸ਼ਨਰਜ਼ ਫੈਡਰੇਸ਼ਨ ਦੇ ਕੌਮੀ ਸਕੱਤਰ ਮਨਜੀਤ ਸਿੰਘ ਸੈਣੀ, ਜਥੇਬੰਦੀ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਨੇ ਸਾਂਝੇ ਸੰਘਰਸ਼ਾਂ ਨੂੰ ਹੋਰ ਤੇਜ਼ ਕਰਲ ਦੀ ਅਪੀਲ ਕੀਤੀ। ਇਸ ਮੌਕੇ ਜੱਥੇਬੰਦੀ ਦੇ ਸੂਬਾ ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ, ਜੀਟੀਯੂ ਦੇ ਸੂਬਾ ਪ੍ਰਧਾਨ ਸੁਖਵਿੰਦਰ ਚਾਹਲ, ਪੀਡਬਲਿਊਡੀ ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ, ਜੰਗਲਾਤ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ, ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦੀ ਸੂਬਾ ਪ੍ਰਧਾਨ ਹਰਮਨਪ੍ਰੀਤ ਕੌਰ ਗਿੱਲ, ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਦੀ ਸੂਬਾ ਪ੍ਰਧਾਨ ਰਾਣੋ ਖੇੜੀ ਗਿੱਲਾਂ ਆਦਿ ਨੇ ਸੰਬੋਧਨ ਕੀਤਾ।