ਪਰਵੇਜ਼ ਮੁਸ਼ੱਰਫ ਨੂੰ ਕਰਾਚੀ ’ਚ ਕੀਤਾ ਜਾਵੇਗਾ ਸਪੁਰਦ-ਏ-ਖ਼ਾਕ
ਇਸਲਾਮਾਬਾਦ, 6 ਫਰਵਰੀ
ਭਾਰਤ ਨਾਲ ਕਾਰਗਿਲ ਜੰਗ ਛੇੜਨ ਵਾਲੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਨੂੰ ਕਰਾਚੀ ਵਿੱਚ ਸਪੁਰਦ-ਏ-ਖਾਕ ਕੀਤਾ ਜਾਵੇਗਾ। ਇਸ ਸਬੰਧੀ ਇੱਥੇ ਮਲੀਰ ਫੌਜੀ ਛਾਉਣੀ ਵਿੱਚ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਦੀ ਮ੍ਰਿਤਕ ਦੇਹ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਦੁਬਈ ਤੋਂ ਪਾਕਿਸਤਾਨ ਲਿਆਂਦਾ ਜਾ ਰਿਹਾ ਹੈ। ਪਾਕਿਸਤਾਨ ਦੇ ਆਖ਼ਰੀ ਫੌਜੀ ਸ਼ਾਸਕ ਮੁਸ਼ੱਰਫ ਦਾ ਲੰਮੀ ਬਿਮਾਰੀ ਮਗਰੋਂ ਐਤਵਾਰ ਨੂੰ ਦੁਬਈ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ। 79 ਸਾਲਾ ਮੁਸ਼ੱਰਫ 2016 ਤੋਂ ਸੰਯੁਕਤ ਅਰਬ ਅਮੀਰਾਤ ਵਿੱਚ ਰਹਿ ਰਹੇ ਸਨ। ਅਧਿਕਾਰੀਆਂ ਅਤੇ ਪਰਿਵਾਰ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਮੁਸ਼ੱਰਫ ਦੀ ਮ੍ਰਿਤਕ ਦੇਹ ਵਿਸ਼ੇਸ਼ ਜਹਾਜ਼ ਰਾਹੀਂ ਦੁਬਈ ਤੋਂ ਕਰਾਚੀ ਲਿਆਂਦੀ ਜਾਵੇਗੀ। ਇੱਕ ਸੂਤਰ ਨੇ ਦੱਸਿਆ, ”ਇੱਥੇ ਕਰਾਚੀ ਦੇ ਪੁਰਾਣੇ ਫੌਜੀ ਕਬਰਿਸਤਾਨ ਵਿੱਚ ਉਨ੍ਹਾਂ ਨੂੰ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ।” -ਪੀਟੀਆਈ
ਥਰੂਰ ਨੇ ਭਾਜਪਾ ਨੂੰ ਮੁਸ਼ੱਰਫ਼ ਨਾਲ ਜਾਰੀ ਕੀਤਾ ਸਾਂਝਾ ਬਿਆਨ ਯਾਦ ਕਰਾਇਆ
ਨਵੀਂ ਦਿੱਲੀ: ਪਰਵੇਜ਼ ਮੁਸ਼ੱਰਫ਼ ਦੇ ਦੇਹਾਂਤ ‘ਤੇ ਕੀਤੇ ਗਏ ਟਵੀਟ ‘ਤੇ ਭਾਜਪਾ ਆਗੂਆਂ ਦੀ ਆਲੋਚਨਾ ਦਾ ਸਾਹਮਣਾ ਕਰਨ ਵਾਲੇ ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਅੱਜ ਭਾਜਪਾ ਨੂੰ ਮੋੜਵਾਂ ਸਵਾਲ ਕਰਦਿਆਂ ਕਿਹਾ ਕਿ ਜੇ ਸਾਬਕਾ ਪਾਕਿਸਤਾਨੀ ਰਾਸ਼ਟਰਪਤੀ ਸਾਰੇ ਭਾਰਤੀਆਂ ਲਈ ਸਰਾਪ ਸਨ, ਤਾਂ 2004 ਵਿਚ ਤਤਕਾਲੀ ਭਾਜਪਾ ਸਰਕਾਰ ਨੇ ਉਨ੍ਹਾਂ ਨਾਲ ਗੋਲੀਬੰਦੀ ਸਮਝੌਤਾ ਕਰ ਕੇ ਸਾਂਝਾ ਬਿਆਨ ਕਿਉਂ ਜਾਰੀ ਕੀਤਾ ਸੀ। ਜ਼ਿਕਰਯੋਗ ਹੈ ਕਿ ਭਾਜਪਾ ਆਗੂਆਂ ਨੇ ਦੋਸ਼ ਲਾਇਆ ਸੀ ਕਿ ਥਰੂਰ ਕਾਰਗਿਲ ਜੰਗ ਦੇ ਰਣਨੀਤੀਕਾਰ ਮੁਸ਼ੱਰਫ਼ ਦੇ ‘ਸੋਹਲੇ ਗਾ ਰਹੇ ਹਨ।’ ਥਰੂਰ ਵੱਲੋਂ ਸੰਵੇਦਨਾ ਪ੍ਰਗਟ ਕਰਦਿਆਂ ਕੀਤੇ ਟਵੀਟ ‘ਤੇ ਭਾਜਪਾ ਨੇ ਕਿਹਾ ਸੀ ਕਿ ਕਾਂਗਰਸ ‘ਪਾਕਿਸਤਾਨਪ੍ਰਸਤੀ’ ਵਿਚ ਲੱਗੀ ਹੋਈ ਹੈ। ਕੇਂਦਰੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਨੇ ਵੀ ਪਾਰਟੀ ‘ਤੇ ਵਿਅੰਗ ਕੀਤਾ ਸੀ। ਥਰੂਰ ਨੇ ਨਾਲ ਹੀ ਇਹ ਤੱਥ ਵੀ ਉਭਾਰਿਆ ਕਿ ਸੰਨ 2003 ਵਿਚ ਤਤਕਾਲੀ ਭਾਜਪਾ ਸਰਕਾਰ ਨੇ ਮੁਸ਼ੱਰਫ਼ ਨਾਲ ਗੋਲੀਬੰਦੀ ਸਮਝੌਤਾ ਵੀ ਕੀਤਾ ਸੀ। ਕਾਂਗਰਸ ਆਗੂ ਨੇ ਕਿਹਾ ਕਿ, ‘ਕੀ ਉਦੋਂ ਜਨਰਲ ਮੁਸ਼ੱਰਫ਼ ਉਨ੍ਹਾਂ ਨੂੰ ਭਰੋਸੇਯੋਗ ਸ਼ਾਂਤੀ ਭਾਈਵਾਲ ਨਹੀਂ ਲੱਗ ਰਹੇ ਸਨ?’ -ਪੀਟੀਆਈ