ਪਤੀ ਵੱਲੋਂ ਗਲਾ ਘੁੱਟ ਕੇ ਪਤਨੀ ਦੀ ਹੱਤਿਆ
ਜਸਬੀਰ ਸਿੰਘ ਚਾਨਾ
ਕਪੂਰਥਲਾ, 8 ਮਈ
ਜ਼ਿਲ੍ਹੇ ਦੇ ਪਿੰਡ ਧਾਲੀਵਾਲ ਬੇਟ ਵਿੱਚ ਕਥਿਤ ਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਰਾਜਵੀਰ ਕੌਰ (28) ਵਜੋਂ ਹੋਈ ਹੈ। ਥਾਣਾ ਢਿੱਲਵਾਂ ਦੇ ਐੱਸਐੱਚਓ ਮਨਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਕਰਮਜੀਤ ਕੌਰ ਵਾਸੀ ਸੁੰਨੜਾਵਾਲਾ ਨੇ ਪੁਲੀਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦੀ ਧੀ ਰਾਜਵੀਰ ਕੌਰ ਦਾ ਵਿਆਹ ਸਾਲ 2014 ਵਿੱਚ ਅੰਮ੍ਰਿਤਪਾਲ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਅੰਮ੍ਰਿਤਪਾਲ ਇਟਲੀ ਚਲਾ ਗਿਆ ਤੇ ਰਾਜਵੀਰ ਸਹੁਰੇ ਘਰ ਵਿੱਚ ਮਕਾਨ ਦੀ ਉਪਰਲੀ ਮੰਜ਼ਿਲ ’ਤੇ ਰਹਿੰਦੀ ਸੀ।
ਇਸ ਦੌਰਾਨ ਰਾਜਵੀਰ ਦੀ ਸੱਸ ਮਨਜਿੰਦਰ ਕੌਰ ਨੇ ਆਪਣੇ ਪੁੱਤਰ ਨੂੰ ਰਾਜਵੀਰ ਦੇ ਕਿਸੇ ਹੋਰ ਨਾਲ ਸਬੰਧਾਂ ਬਾਰੇ ਕਹਿ ਦਿੱਤਾ। ਕਰਮਜੀਤ ਕੌਰ ਨੇ ਦੱਸਿਆ ਕਿ ਛੇ ਮਈ ਨੂੰ ਰਾਜਵੀਰ ਦਾ ਫੋਨ ਆਇਆ ਤੇ ਉਸ ਨੇ ਦੱਸਿਆ ਕਿ ਅੰਮ੍ਰਿਤਪਾਲ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਇਸ ਮਗਰੋਂ ਉਨ੍ਹਾਂ ਨੂੰ ਪਿੰਡ ਦੇ ਸਾਬਕਾ ਸਰਪੰਚ ਤਰਲੋਚਨ ਸਿੰਘ ਤੋਂ ਰਾਜਵੀਰ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੀ ਸੂਚਨਾ ਮਿਲੀ। ਐੱਸਐੱਚਓ ਨੇ ਦੱਸਿਆ ਕਿ ਜਾਂਚ ਦੌਰਾਨ ਗੱਲ ਸਾਹਮਣੇ ਆਈ ਕਿ ਅੰਮ੍ਰਿਤਪਾਲ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਪੁਲੀਸ ਨੇ ਅੰਮ੍ਰਿਤਪਾਲ ਸਿੰਘ ਤੇ ਮਨਜਿੰਦਰ ਕੌਰ ਖ਼ਿਲਾਫ਼ ਕੇਸ ਦਰਜ ਕਰ ਕੇ ਮਨਜਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।