For the best experience, open
https://m.punjabitribuneonline.com
on your mobile browser.
Advertisement

ਪਤਝੜੀ ਬੂਟਿਆਂ ਦੀ ਕਾਂਟ-ਛਾਂਟ ਦੇ ਫ਼ਲਦਾਰ ਨਤੀਜੇ

04:14 AM Jan 11, 2025 IST
ਪਤਝੜੀ ਬੂਟਿਆਂ ਦੀ ਕਾਂਟ ਛਾਂਟ ਦੇ ਫ਼ਲਦਾਰ ਨਤੀਜੇ
Advertisement

ਸੁਖਜੀਤ ਕੌਰ
ਯਾਮਿਨੀ ਸ਼ਰਮਾ
ਸਰਬਜੀਤ ਸਿੰਘ ਔਲਖ
ਪੱਤਝੜ ਵਾਲੇ ਫ਼ਲਦਾਰ ਬੂਟੇ ਜਿਵੇਂ ਕਿ ਆੜੂ, ਨਾਖ, ਆਲੂ ਬੁਖਾਰਾ, ਅੰਗੂਰ ਆਦਿ ਉਹ ਫ਼ਲਦਾਰ ਬੂਟੇ ਹੁੰਦੇ ਹਨ ਜਿਹੜੇ ਸਰਦੀਆਂ ਦੇ ਮੌਸਮ ਵਿੱਚ ਆਪਣੇ ਪੱਤੇ ਝਾੜ ਦਿੰਦੇ ਹਨ। ਫ਼ਲਦਾਰ ਬੂਟਿਆਂ ਦੀ ਸਿਧਾਈ, ਬੂਟਿਆਂ ਨੂੰ ਇੱਕ ਢੁੱਕਵਾਂ ਆਕਾਰ ਦਿੰਦੀ ਹੈ ਅਤੇ ਟਾਹਣੀਆਂ ਦਾ ਇਸ ਤਰ੍ਹਾਂ ਦਾ ਢਾਂਚਾ ਬਣਾਉਂਦੀ ਹੈ ਤਾਂ ਜੋ ਬੂਟੇ ਦੀ ਛਤਰੀ ਦਾ ਜ਼ਿਆਦਾ ਖੇਤਰਫਲ ਸੂਰਜ ਦੀ ਰੋਸ਼ਨੀ ਦੇ ਸੰਪਰਕ ਵਿੱਚ ਆ ਜਾਵੇ ਤੇ ਜ਼ਿਆਦਾ ਫ਼ਲ ਲੱਗੇ। ਇਸੇ ਤਰ੍ਹਾਂ ਕਾਂਟ-ਛਾਂਟ ਵੀ ਸਿਧਾਈ ਦੀ ਵਿਧੀ ਦਾ ਇੱਕ ਹਿੱਸਾ ਹੈ ਜਿਹੜੀ ਪੱਤਝੜ ਦੇ ਫ਼ਲਦਾਰ ਬੂਟਿਆਂ ਦੀ ਸਾਰੀ ਉਮਰ ਦੌਰਾਨ ਕੀਤੀ ਜਾਂਦੀ ਹੈ।
ਸਰਦੀ ਦੇ ਮੌਸਮ ਵਿੱਚ ਜਦੋਂ ਬੂਟੇ ਆਪਣੇ ਪੱਤੇ ਝਾੜ ਕੇ ਆਰਾਮ ਅਵਸਥਾ ਵਿੱਚ ਚਲੇ ਗਏ ਹੋਣ ਤਾਂ ਮੁੱਖ ਕਾਂਟ-ਛਾਂਟ ਉਦੋਂ ਕੀਤੀ ਜਾਂਦੀ ਹੈ। ਕਾਂਟ-ਛਾਂਟ ਕਰਨ ਨਾਲ ਫ਼ਲਦਾਰ ਬੂਟਿਆਂ ਦਾ ਵਿਕਾਸ, ਫੁੱਲਾਂ ਅਤੇ ਫ਼ਲਾਂ ਦਾ ਵਾਧਾ ਹੁੰਦਾ ਹੈ ਅਤੇ ਵਧੀਆ ਗੁਣਵੱਤਾ ਵਾਲੇ ਫ਼ਲ ਲੱਗਦੇ ਹਨ। ਕਾਂਟ-ਛਾਂਟ ਕਰਨ ਨਾਲ ਬੂਟੇ ਦਾ ਬਨਸਪਤੀ ਅਤੇ ਜਣਨ ਵਿਕਾਸ ਨਿਯੰਤਰਣ ਵਿੱਚ ਰਹਿੰਦਾ ਹੈ। ਇਸ ਤੋਂ ਇਲਾਵਾ ਜਿਹੜੇ ਬੂਟਿਆਂ ਦੀ ਚੰਗੀ ਤਰ੍ਹਾਂ ਨਾਲ ਸਿਧਾਈ ਨਹੀਂ ਕੀਤੀ ਜਾਂਦੀ, ਉਨ੍ਹਾਂ ਦੀਆਂ ਟਾਹਣੀਆਂ ਦਾ ਕੋਣ ਉੱਪਰ ਵੱਲ ਨੂੰ ਰਹਿੰਦਾ ਹੈ, ਜਿਸ ਕਰਕੇ ਟਾਹਣੀ ਉੱਪਰ ਜ਼ਿਆਦਾ ਫ਼ਲ ਲੱਗਣ ਕਰਕੇ ਉਹ ਭਾਰ ਨਾਲ ਟੁੱਟ ਜਾਂਦੀ ਹੈ ਅਤੇ ਬੂਟੇ ਦੀ ਉਮਰ ਅਤੇ ਫ਼ਲ ਲੱਗਣ ਦੀ ਸਮਰੱਥਾ ਵੀ ਘਟ ਜਾਂਦੀ ਹੈ।
ਸਿਧਾਈ ਅਤੇ ਕਾਂਟ-ਛਾਂਟ ਦੇ ਕਈ ਉਦੇਸ਼ ਹਨ। ਆਓ, ਇਨ੍ਹਾਂ ’ਤੇ ਨਜ਼ਰ ਮਾਰਦੇ ਹਾਂ। ਸਿਧਾਈ ਅਤੇ ਕਾਂਟ-ਛਾਂਟ ਕਰਨ ਨਾਲ ਬਿਮਾਰੀ ਵਾਲੀਆਂ, ਮਰੀਆਂ ਹੋਈਆਂ ਅਤੇ ਟੁੱਟੀਆਂ ਹੋਈਆਂ ਸ਼ਾਖਾਵਾਂ ਨੂੰ ਬੂਟੇ ਨਾਲੋਂ ਕੱਟਿਆ ਜਾਂਦਾ ਹੈ। ਸਹੀ ਢੰਗ ਨਾਲ ਸਿਧਾਈ ਅਤੇ ਕਾਂਟ-ਛਾਂਟ ਕਰਨ ਨਾਲ ਬੂਟੇ ਦੀ ਛਤਰੀ ਅੰਦਰ ਚੰਗੀ ਸੂਰਜ ਦੀ ਰੋਸ਼ਨੀ ਜਾਂਦੀ ਹੈ ਅਤੇ ਬੂਟੇ ਅੰਦਰ ਚੰਗੀ ਤਰ੍ਹਾਂ ਨਾਲ ਘੁੰਮਦੀ ਹੈ। ਸਹੀ ਢੰਗ ਨਾਲ ਸਿਧਾਈ ਕੀਤੇ ਬੂਟਿਆਂ ਵਿੱਚ ਬਿਮਾਰੀ ਲੱਗਣ ਦਾ ਖ਼ਤਰਾ ਵੀ ਘਟ ਜਾਂਦਾ ਹੈ। ਕਾਂਟ-ਛਾਂਟ ਅਸਥਾਈ ਤੌਰ ’ਤੇ ਬੂਟਿਆਂ ਦੀ ਉਚਾਈ ਨੂੰ ਸੀਮਤ ਰੱਖਦੀ ਹੈ ਜਿਸ ਨਾਲ ਬੂਟਿਆਂ ’ਤੇ ਸਪਰੇਅ ਕਰਨਾ ਅਤੇ ਫ਼ਲਾਂ ਦੀ ਤੁੜਾਈ ਕਰਨਾ ਆਸਾਨ ਹੋ ਜਾਂਦਾ ਹੈ। ਕਾਂਟ-ਛਾਂਟ ਕਰਨ ਨਾਲ ਫ਼ਲ ਲੱਗਣ ਵਾਲੀ ਤੋਂ ਵਾਧੂ ਟਾਹਣੀ ਕੱਟੀ ਜਾਂਦੀ ਹੈ ਅਤੇ ਇਸ ਨਾਲ ਬਾਕੀ ਟਾਹਣੀਆਂ ’ਤੇ ਵਧੀਆ ਗੁਣਵੱਤਾ ਵਾਲੇ ਫ਼ਲ ਲੱਗਦੇ ਹਨ।
ਆੜੂ ਦੀ ਕਾਂਟ- ਛਾਂਟ ਅਤੇ ਸਿਧਾਈ: ਇਹ ਫ਼ਲਦਾਰ ਬੂਟੇ ਦੀ ਫ਼ਲ ਲੱਗਣ ਦੀ ਆਦਤ ਉੱਤੇ ਨਿਰਭਰ ਕਰਦੀ ਹੈ। ਜਿਵੇਂ ਕਿ ਆੜੂ ਅਤੇ ਨੇਕਟ੍ਰੇਨ ਦੇ ਬੂਟਿਆਂ ’ਤੇ ਫ਼ਲ ਇੱਕ ਸਾਲ ਦੀ ਪੁਰਾਣੀ ਟਾਹਣੀ ਉੱਪਰ ਲੱਗਦੇ ਹਨ। ਇਸ ਲਈ ਫ਼ਲ ਲੱਗਣ ਵਾਲੀ ਟਾਹਣੀ ਨੂੰ ਬਣਾਈ ਰੱਖਣ ਲਈ ਆੜੂ ਵਿੱਚ ਹਰ ਸਾਲ ਕਾਂਟ-ਛਾਂਟ ਅਤੇ ਸਿਧਾਈ ਕਰਨ ਦੀ ਲੋੜ ਪੈਂਦੀ ਹੈ। ਜੇਕਰ ਬੂਟੇ ਦੀ ਕਾਂਟ-ਛਾਂਟ ਨਾ ਕੀਤੀ ਜਾਵੇ ਤਾਂ ਫ਼ਲ ਲੱਗਣ ਵਾਲੀਆਂ ਟਾਹਣੀਆਂ ਅੰਦਰ ਤੋਂ ਬਾਹਰਲੇ ਪਾਸੇ ਨੂੰ ਵਧਦੀਆਂ ਹਨ, ਜਿਸ ਕਰਕੇ ਬੂਟੇ ਦੀ ਛਤਰੀ ਦੇ ਵਿਚਕਾਰਲੇ ਹਿੱਸੇ ’ਤੇ ਫ਼ਲ ਨਹੀਂ ਲੱਗਦਾ। ਲਗਭਗ 40 ਪ੍ਰਤੀਸ਼ਤ ਇੱਕ ਸਾਲ ਪੁਰਾਣੀਆਂ ਲਟਕੀਆਂ ਹੋਈਆਂ ਟਾਹਣੀਆਂ ਦੀ ਕਾਂਟ-ਛਾਂਟ ਸਿਰੇ ਤੋਂ ਕੱਟ ਦਿਓ। ਕੁੱਝ ਸਮਾਂ ਪਹਿਲੇ ਆੜੂ ਅਤੇ ਨੇਕਟ੍ਰੇਨ ਦੀ ਸਿਧਾਈ ਇਸ ਤਰ੍ਹਾਂ ਨਾਲ ਕੀਤੀ ਜਾਂਦੀ ਸੀ ਤਾਂ ਜੋ ਬੂਟੇ ਦੀ ਛਤਰੀ ਦਾ ਵਿਚਕਾਰਲਾ ਹਿੱਸਾ ਖੁੱਲ੍ਹਾ ਰਹੇ, ਪਰ ਇਸ ਵਿਧੀ ਨਾਲ ਟਾਹਣੀਆਂ ਦੇ ਕੋਣ/ ਜੋੜ ਕਮਜ਼ੋਰ ਹੋ ਜਾਂਦੇ ਹਨ ਅਤੇ ਜ਼ਿਆਦਾ ਫ਼ਲ ਲੱਗਣ ਕਰਕੇ ਟੁੱਟ ਜਾਂਦੇ ਹਨ, ਪਰ ਹੁਣ ਇਸ ਵਿਧੀ ਦਾ ਬਦਲ ਸਿਧਾਈ ਦੀ ਸੁਧਰੀ ਹੋਈ ਟੀਸੀ ਵਿਧੀ ਹੈ। ਇਸ ਵਿਧੀ ਰਾਹੀਂ ਬੂਟਿਆਂ ਨੂੰ ਲਗਾਉਣ ਲੱਗਿਆਂ ਇੱਕ ਸਾਲ ਪੁਰਾਣੀ ਟਾਹਣੀ ਨੂੰ 90 ਸੈਂਟੀਮੀਟਰ ਤੋਂ ਰੱਖ ਕੇ ਕੱਟ ਦਿੱਤਾ ਜਾਂਦਾ ਹੈ ਅਤੇ ਸਭ ਤੋਂ ਹੇਠਲੀ ਟਾਹਣੀ ਜ਼ਮੀਨ ਤੋਂ 45 ਸੈਂਟੀਮੀਟਰ ਦੀ ਉਚਾਈ ’ਤੇ ਰੱਖਣੀ ਚਾਹੀਦੀ ਹੈ ਅਤੇ ਇਸ ਦੇ ਚਾਰੇ ਪਾਸੇ ਚਾਰ ਤੋਂ ਪੰਜ ਨਰੋਈਆਂ ਟਾਹਣੀਆਂ ਨਿਕਲਣ ਲੱਗ ਪੈਂਦੀਆਂ ਹਨ। ਇਸ ਨਾਲ ਬੂਟੇ ਦੀ ਛਤਰੀ ਦਾ ਆਕਾਰ ਚੰਗਾ ਬਣ ਜਾਂਦਾ ਹੈ। ਇਨ੍ਹਾਂ ਤੋਂ ਤਿੰਨ ਤੋਂ ਪੰਜ ਸ਼ਾਖਾਵਾਂ ਜੋ ਕਿ 15 ਤੋਂ 20 ਸੈਂਟੀਮੀਟਰ ਦੀ ਦੂਰੀ ’ਤੇ ਹੋਣ ਨੂੰ ਵਧਣ ਦਿੱਤਾ ਜਾਂਦਾ ਹੈ ਤਾਂ ਜੋ ਇਹ ਮੁੱਖ ਟਾਹਣੀਆਂ ਬਣ ਸਕਣ। ਆੜੂ ਦੇ ਬੂਟੇ ਜੋ ਸੰਘਣੀ ਪ੍ਰਣਾਲੀ (6x1.5 ਮੀਟਰ) ਰਾਹੀਂ ਲੱਗੇ ਹੋਣ ਦੀ ਸਿਧਾਈ ‘ਵਾਈ’ (Y) ਪ੍ਰਣਾਲੀ ਰਾਹੀਂ ਕੀਤੀ ਜਾਂਦੀ ਹੈ।
ਨਾਖ ਦੀ ਸਿਧਾਈ ਅਤੇ ਕਾਂਟ ਛਾਂਟ: ਸੇਬ ਦੇ ਬੂਟੇ ਦੀ ਤਰ੍ਹਾਂ ਨਾਖ ਦੀ ਟਾਹਣੀ ਵੀ ਲਚਕਦਾਰ ਹੋਣ ਕਰਕੇ ਇਸ ਦੀ ਸਿਧਾਈ ਕਰਨਾ ਬਹੁਤ ਆਸਾਨ ਹੈ। ਆੜੂ ਦੀ ਤਰ੍ਹਾਂ ਨਾਖ ਦੀ ਸਿਧਾਈ ਅਤੇ ਕਾਂਟ-ਛਾਂਟ ਵੀ ਸੁਧਰੀ ਹੋਈ ਟੀਸੀ ਵਾਲੇ ਤਰੀਕੇ ਨਾਲ ਕੀਤੀ ਜਾਂਦੀ ਹੈ। ਨਾਖ ਦੇ ਬੂਟੇ ਨੂੰ ਫ਼ਲ ਦੋ ਸਾਲ ਦੀਆਂ ਪੁਰਾਣੀਆਂ ਲਟਕਦੀਆਂ ਹੋਈਆਂ ਟਾਹਣੀਆਂ ਦੇ ਖੁੰਗਿਆਂ ’ਤੇ ਲੱਗਦਾ ਹੈ ਅਤੇ ਇਨ੍ਹਾਂ ਖੁੰਗਿਆਂ ਦਾ ਦੋ ਮਿਲੀਮੀਟਰ ਸਾਲਾਨਾ ਵਾਧਾ ਹੁੰਦਾ ਹੈ ਅਤੇ 8 ਤੋਂ 10 ਸਾਲ ਤੱਕ ਇਨ੍ਹਾਂ ਖੁੰਗਿਆਂ ’ਤੇ ਫ਼ਲ ਲੱਗਦਾ ਰਹਿੰਦਾ ਹੈ ਤੇ ਫੁੱਲ ਪੈਂਦੇ ਹਨ। ਜਦੋਂ ਟਾਹਣੀਆਂ ਧਰਤੀ ਦੀ ਸਤਹ ਦੇ ਬਰਾਬਰ ਨਿਰੰਤਰ ਵਧਦੀਆਂ ਹਨ ਅਤੇ ਇਨ੍ਹਾਂ ’ਤੇ ਜ਼ਿਆਦਾ ਫ਼ਲ ਲੱਗਦਾ ਹੈ। ਸਿੱਧੀਆਂ ਜਾਣ ਵਾਲੀਆਂ ਟਾਹਣੀਆਂ ਨੂੰ 30-50 ਪ੍ਰਤੀਸ਼ਤ ਤੱਕ 45 ਡਿਗਰੀ ਦੇ ਝੁਕਾਅ ’ਤੇ ਬਾਹਰ ਵੱਲ ਨੂੰ ਡੋਡੀਆਂ ਰੱਖ ਕੇ ਕੱਟ ਦੇਣਾ ਚਾਹੀਦਾ ਹੈ। ਚੰਗੀ ਗੁਣਵੱਤਾ ਵਾਲੇ ਫ਼ਲ ਲੈਣ ਲਈ ਅੱਠ ਸਾਲ ਤੋਂ ਬਾਅਦ ਜਦੋਂ ਇਨ੍ਹਾਂ ਖੁੰਗਿਆਂ ’ਤੇ ਫ਼ਲ ਲੱਗਣਾ ਬੰਦ ਹੋ ਜਾਏ ਤਾਂ ਇਨ੍ਹਾਂ ਨੂੰ ਕੱਟ ਦੇਣਾ ਚਾਹੀਦਾ ਹੈ। ਲਟਕਦੀਆਂ ਹੋਈਆਂ ਟਾਹਣੀਆਂ ਦੀ ਵੀ ਲਗਾਤਾਰ ਕਟਾਈ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ ਨੂੰ 20-30 ਪ੍ਰਤੀਸ਼ਤ ਤੱਕ ਸਿਰੇ ਤੋਂ ਕੱਟ ਦਿਓ ਤਾਂ ਜੋ ਨਵੀਆਂ ਸ਼ਾਖਾਵਾਂ ਫੁੱਟ ਸਕਣ ਅਤੇ ਪੁਰਾਣੀਆਂ ਅਤੇ ਨਵੀਆਂ ਟਾਹਣੀਆਂ ਦਾ ਸੰਤੁਲਨ ਬਣਿਆ ਰਹੇ।
ਪੁਰਾਣੇ ਨਾਖ ਦੇ ਬੂਟਿਆਂ ਦੀ ਕਾਂਟ-ਛਾਂਟ: ਪੁਰਾਣੇ ਨਾਖ ਦੇ ਬੂਟਿਆਂ ’ਤੇ ਬਹੁਤ ਘੱਟ ਨਵੀਆਂ ਸ਼ਾਖਾਵਾਂ ਨਿਕਲਦੀਆਂ ਹਨ ਅਤੇ ਜ਼ਿਆਦਾਤਰ ਖੁੰਗੇ ਬਹੁਤ ਪੁਰਾਣੇ ਹੋ ਜਾਂਦੇ ਹਨ ਅਤੇ ਇਨ੍ਹਾਂ ਉੱਪਰ ਬਹੁਤ ਘੱਟ ਫ਼ਲ ਲੱਗਦਾ ਹੈ। ਇਸ ਲਈ ਇਨ੍ਹਾਂ ਬੂਟਿਆਂ ਨੂੰ ਮੁੜ ਸੁਰਜੀਤ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਇਨ੍ਹਾਂ ਪੁਰਾਣੇ ਬੂਟਿਆਂ ਨੂੰ ਮੁੜ ਸੁਰਜੀਤ ਕਰਕੇ ਦੁਬਾਰਾ ਫ਼ਲ ਲੱਗਣ ਦੀ ਸਮਰੱਥਾ ਨੂੰ ਵਾਪਸ ਲਿਆਂਦਾ ਜਾ ਸਕਦਾ ਹੈ। ਸਰਦੀਆਂ ਵਿੱਚ ਪੁਰਾਣੇ ਨਾਖਾਂ ਦੇ ਬੂਟਿਆਂ ਵਿੱਚ ਚਾਰ ਤੋਂ ਪੰਜ ਮੁੱਖ ਟਾਹਣੇ ਨੂੰ ਰੱਖ ਕੇ ਸਿਰੇ ਤੋਂ ਕੱਟ ਦਿੱਤਾ ਜਾਂਦਾ ਹੈ। ਜੇਕਰ ਇਨ੍ਹਾਂ ਕੱਟਾਂ ਦੀ ਲੰਬਾਈ 5 ਸੈਂਟੀਮੀਟਰ ਤੋਂ ਜ਼ਿਆਦਾ ਹੋਵੇ ਤਾਂ ਇਨ੍ਹਾਂ ਉੱਪਰ ਬੋਰਡੋ ਪੇਸਟ/ ਪੈਂਟ ਲਗਾ ਦਿਓ। ਮਾਰਚ ਵਿੱਚ ਬਹਾਰ ਰੁੱਤ ਸਮੇਂ ਇਨ੍ਹਾਂ ਕੱਟੇ ਹੋਏ ਮੁੱਖ ਤਣਿਆਂ ਉੱਪਰ ਨਵੀਆਂ ਸ਼ਾਖਾਵਾਂ ਫੁੱਟ ਜਾਂਦੀਆਂ ਹਨ। ਹਰ ਇੱਕ ਟਾਹਣੀ ’ਤੇ ਇੱਕ ਤੋਂ ਦੋ ਸ਼ਾਖਾਵਾਂ ਰੱਖ ਕੇ ਇਨ੍ਹਾਂ ਦੀ ਕਾਂਟ-ਛਾਂਟ ਕਰ ਦਿਓ ਅਤੇ ਇਸ ਢੰਗ ਨਾਲ ਪੂਰੇ ਮੁੜ ਸੁਰਜੀਤ ਕੀਤੇ ਦਰੱਖਤ ਉੱਪਰ 6-8 ਨਵੀਆਂ ਟਾਹਣੀਆਂ ਦਾ ਢਾਂਚਾ ਤਿਆਰ ਹੋ ਜਾਂਦਾ ਹੈ। ਇਨ੍ਹਾਂ ਮੁੜ ਸੁਰਜੀਤ ਕੀਤੇ ਨਾਖ ਦੇ ਬੂਟਿਆਂ ’ਤੇ ਦੋ ਸਾਲ ਬਾਅਦ ਖੁੰਗੇ ਬਣਨ ਲੱਗ ਪੈਂਦੇ ਹਨ ਅਤੇ ਇਨ੍ਹਾਂ ’ਤੇ ਅਗਲੇ ਸਾਲ ਫ਼ਲ ਲੱਗਣ ਲੱਗ ਪੈਂਦਾ ਹੈ।
ਅਲੂਚੇ ਦੀ ਸਿਧਾਈ ਅਤੇ ਕਾਂਟ-ਛਾਂਟ: ਅਲੂਚੇ ਦੀ ਟਾਹਣੀ ਵੀ ਕਾਫ਼ੀ ਲਚਕਦਾਰ ਹੁੰਦੀ ਹੈ ਅਤੇ ਇਸ ਦੀ ਸੁਧਾਈ ਕਾਫ਼ੀ ਸੁਧਰੀਆਂ ਹੋਈਆਂ ਪ੍ਰਣਾਲੀਆਂ ਨਾਲ ਕੀਤੀ ਜਾਂਦੀ ਹੈ। ਅਲੂਚੇ ਦੇ ਬੂਟੇ ’ਤੇ ਫ਼ਲ ਇੱਕ ਸਾਲ ਪੁਰਾਣੀ ਟਾਹਣੀ ਉੱਪਰ ਖੁੰਗਿਆਂ ’ਤੇ ਲੱਗਦਾ ਹੈ। ਜੇਕਰ ਅਲੂਚੇ ਦੇ ਬੂਟੇ ਦੀ ਸਿਧਾਈ ਸਮੇਂ ਸਿਰ ਨਾ ਕੀਤੀ ਜਾਵੇ ਤਾਂ ਇਹ ਬਹੁਤ ਹੀ ਜ਼ਿਆਦਾ ਵਧਦਾ ਹੈ ਅਤੇ ਇਸ ਉੱਪਰ ਬਹੁਤ ਜ਼ਿਆਦਾ ਫ਼ਲ ਲੱਗਦੇ ਹਨ ਜਿਨ੍ਹਾਂ ਦੀ ਗੁਣਵੱਤਾ ਬਹੁਤ ਮਾੜੀ ਹੁੰਦੀ ਹੈ। ਆੜੂ ਦੀ ਤਰ੍ਹਾਂ ਅਲੂਚੇ ਦੀ ਵੀ ਸੁਧਰੀ ਹੋਈ ਟੀਸੀ ਦੁਆਰਾ ਸੁਧਾਈ ਕੀਤੀ ਜਾਂਦੀ ਹੈ ਜਿਸ ਵਿੱਚ ਪਤਲੀਆਂ ਅਤੇ ਆਪਸ ਵਿੱਚ ਫਸੀਆਂ ਟਾਹਣੀਆਂ ਨੂੰ ਕੱਟ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਜੜਾਂ ਅਤੇ ਤਣੇ ਦੇ ਮੁੱਢ ’ਤੇ ਉੱਗਣ ਵਾਲੀਆਂ ਟਾਹਣੀਆਂ ਨੂੰ ਬਰਾਬਰ ਕੱਟਦੇ ਰਹਿਣਾ ਚਾਹੀਦਾ ਹੈ। ਹਰ ਚਾਰ ਤੋਂ ਪੰਜ ਸਾਲਾਂ ਬਾਅਦ ਬੂਟਿਆਂ ਦੀਆਂ ਲੰਬੀਆਂ ਟਾਹਣੀਆਂ ਨੂੰ ਸਿਰੇ ਤੋਂ ਲਗਭਗ ਅੱਧੀ ਟਾਹਣੀ ਰੱਖ ਕੇ ਭਾਰੀ ਕਾਂਟ-ਛਾਂਟ ਕਰ ਦਿਓ।
ਅੰਗੂਰਾਂ ਦੀ ਸਿਧਾਈ ਅਤੇ ਕਾਂਟ-ਛਾਂਟ: ਅੰਗੂਰਾਂ ਦੀਆਂ ਵੇਲਾਂ ਦੀ ਸਿਧਾਈ ਬਾਵਰ ਜਾਂ ‘ਵਾਈ’ (Y) ਆਕਾਰ ਦੇ ਢੰਗ ਰਾਹੀਂ ਕੀਤੀ ਜਾਂਦੀ ਹੈ। ਇਸ ਵਿਧੀ ਰਾਹੀਂ ਵੇਲਾਂ ਦੀ ਇਕੱਲੀ ਟਾਹਣੀ ਨੂੰ ਬਾਵਰ ਦੀ ਉਚਾਈ ਅਨੁਸਾਰ ਰੱਖ ਕੇ ਸਿਧਾਈ ਕਰੋ ਅਤੇ ਤਣੇ ’ਤੇ ਜਿਹੜੀਆਂ ਸਾਈਡ ਵੱਲ ਨੂੰ ਟਾਹਣੀਆਂ ਨਿਕਲਦੀਆਂ ਹਨ, ਨੂੰ ਕੱਟ ਦਿਓ, ਵਧਣ ਵਾਲੀਆਂ ਸ਼ਾਖਾਵਾਂ ਨੂੰ 15 ਸੈਂਟੀਮੀਟਰ ਤੱਕ ਬਾਵਰ ਦੀ ਉਚਾਈ ਤੋਂ ਥੱਲੇ ਕੱਟ ਦਿਓ। ਦੋ ਲਟਕਦੀਆਂ ਹੋਈਆਂ ਟਾਹਣੀਆਂ ਨੂੰ ਚੁਣ ਲਓ ਅਤੇ ਇਨ੍ਹਾਂ ਨੂੰ ਇੱਕ ਦੂਜੇ ਤੋਂ ਉਲਟ ਦਿਸ਼ਾ ਵੱਲ ਬਾਵਰ ਦੀ ਤਾਰ ਉੱਪਰ ਵਧਣ ਦਿਓ ਤਾਂ ਜੋ ਇਹ ਮੁੱਖ ਸ਼ਾਖਾਵਾਂ ਬਣ ਜਾਣ। ਇਹ ਮੁੱਖ ਸ਼ਾਖਾਵਾਂ ’ਤੇ ਲੱਗੀਆਂ ਤਿੰਨ ਜੋੜੇ ਵਾਲੀਆਂ ਦੂਜੇ ਦਰਜੇ ਦੀਆਂ ਟਾਹਣੀਆਂ ਨੂੰ ਵਧਣ ਦਿਓ ਅਤੇ ਇਨ੍ਹਾਂ ਦੀ ਸਿਧਾਈ ਇੱਕ ਦੂਜੇ ਤੋਂ ਉਲਟ ਦਿਸ਼ਾ ਵੱਲ ਬਾਵਰ ਦੀ ਤਾਰ ’ਤੇ ਕਰ ਦਿਓ। ਅੰਗੂਰਾਂ ਦੀਆਂ ਵੇਲਾਂ ਦੀ ਸਿਧਾਈ ‘ਵਾਈ’ ਟ੍ਰੇਲਿਸ ਢਾਂਚੇ ’ਤੇ ਜੋ ਕਿ ਇੱਕ ਦੂਜੇ ਤੋਂ 1.5x4.0 ਮੀਟਰ ਦੀ ਦੂਰੀ ’ਤੇ ਹੋਣ ਉੱਪਰ ਕੀਤੀ ਜਾਂਦੀ ਹੈ। ਸਿਧਾਈ ਦੇ ਇਸ ਢੰਗ ਨਾਲ ਫ਼ਲਾਂ ਦਾ ਝਾੜ ਜ਼ਿਆਦਾ ਹੁੰਦਾ ਹੈ ਅਤੇ ਗੁਣਵੱਤਾ ਭਰਪੂਰ ਫ਼ਲ ਲੱਗਦੇ ਹਨ ਅਤੇ ਇਹ ਫ਼ਲ ਜਲਦੀ ਪੱਕਦੇ ਹਨ। ਅੰਗੂਰਾਂ ਦੀਆਂ ਵੇਲਾਂ ਜੋ ਕਿ 3x3ਮੀਟਰ ਦੀ ਦੂਰੀ ’ਤੇ ਬਾਵਰ ਢੰਗ ਨਾਲ ਲਗਾਈਆਂ ਹੋਣ ’ਤੇ 60-80 ਚਾਰ ਡੋਡੀਆਂ ਵਾਲੀਆਂ ਛੋਟੀਆਂ ਟਾਹਣੀਆਂ ਜ਼ਿਆਦਾ ਝਾੜ ਅਤੇ ਚੰਗੀ ਗੁਣਵੱਤਾ ਵਾਲੇ ਫ਼ਲ ਪ੍ਰਾਪਤ ਕਰਨ ਲਈ ਰੱਖ ਲਵੋ। ਪੁਰਾਣੀਆਂ ਅੰਗੂਰਾਂ ਦੀਆਂ ਵੇਲਾਂ ਜਦੋਂ ਇਹ ਆਰਾਮ ਅਵਸਥਾ ਵਿੱਚ ਹੋਣ ਇਨ੍ਹਾਂ ਨੂੰ ਮੁੱਢ ਤੋਂ ਕੱਟ ਦਿਓ ਅਤੇ ਜਦੋਂ ਇਨ੍ਹਾਂ ਕੱਟੇ ਹੋਏ ਮੁੱਢਾਂ ਤੋਂ ਹੋਰ ਵੇਲਾਂ ਫੁੱਟ ਪੈਣ ਤਾਂ ਸਿਰਫ਼ ਇੱਕ ਹੀ ਵੇਲ ਰੱਖੋ ਅਤੇ ਬਾਕੀ ਸਾਰੀਆਂ ਨੂੰ ਕੱਟ ਦਿਓ।
*ਕ੍ਰਿਸ਼ੀ ਵਿਗਿਆਨ ਕੇਂਦਰ, ਗੁਰਦਾਸਪੁਰ।

Advertisement

Advertisement
Advertisement
Author Image

Balwinder Kaur

View all posts

Advertisement