For the best experience, open
https://m.punjabitribuneonline.com
on your mobile browser.
Advertisement

ਕੀਟਨਾਸ਼ਕ: ਧੀਮੀ ਮੌਤ ਦੇ ਸਿਰਜਕ

04:12 AM Jan 11, 2025 IST
ਕੀਟਨਾਸ਼ਕ  ਧੀਮੀ ਮੌਤ ਦੇ ਸਿਰਜਕ
Advertisement

ਗੁਰਚਰਨ ਸਿੰਘ ਨੂਰਪੁਰ

Advertisement

ਅਸੀਂ ਸਾਰੇ ਅੱਜ ਧੀਮੀ ਮੌਤ ਅਤੇ ਬਿਮਾਰੀਆਂ ਦੇ ਪ੍ਰਭਾਵ ਹੇਠ ਜਿਉਂ ਰਹੇ ਹਾਂ। ਹੁਣ ਅਸੀਂ ਜਦੋਂ ਵੀ ਆਪਣੇ ਆਹਾਰ ਲਈ ਬਾਜ਼ਾਰ ’ਚੋਂ ਕੁਝ ਖ਼ਰੀਦਣ ਜਾਂਦੇ ਹਾਂ ਤਾਂ ਕੁੱਝ ਕੁ ਮਾਤਰਾ ਜ਼ਹਿਰ ਦੀ ਵੀ ਖ਼ਰੀਦ ਕੇ ਲਿਆਂਉਂਦੇ ਹਾਂ। ਅਸੀਂ ਇਹ ਜਾਣਦੇ ਤੇ ਸਮਝਦੇ ਹਾਂ, ਪਰ ਇਹ ਸਭ ਕੁਝ ਸਾਨੂੰ ਪਰੇਸ਼ਾਨ ਨਹੀਂ ਕਰਦਾ ਜਿਵੇਂ ਇਸ ਸਭ ਕੁੱਝ ਨੂੰ ਅਸੀਂ ਆਤਮਸਾਤ ਕਰ ਲਿਆ ਹੈ। ਹਰ ਸਾਲ ਹਜ਼ਾਰਾਂ ਟਨ ਸਪਰੇਅ ਕੀਟਾਂ ਨੂੰ ਮਾਰਨ ਲਈ ਫ਼ਸਲਾਂ, ਅਨਾਜਾਂ ਅਤੇ ਫ਼ਲਾਂ ’ਤੇ ਕੀਤੀ ਜਾਂਦੀ ਹੈ। ਜ਼ਹਿਰਾਂ ਦੇ ਛਿੜਕਾਅ ਲਈ ਛੋਟੀਆਂ ਹੱਥ ਨਾਲ ਚੱਲਣ ਵਾਲੀਆਂ ਮਸ਼ੀਨਾਂ ਦਾ ਯੁੱਗ ਬੀਤ ਰਿਹਾ ਹੈ। ਹੁਣ ਦਵਾਈਆਂ ਦੇ ਛਿੜਕਾਅ ਲਈ ਹੈਲੀਕਾਪਟਰਾਂ ਦੀ ਵਰਤੋਂ ਹੋਣ ਲੱਗੀ ਹੈ।
ਭਾਰਤ ਵਿੱਚ ਹੀ ਨਹੀਂ ਦੁਨੀਆ ਦੇ ਵਿਕਸਤ ਦੇਸ਼ਾਂ ਵਿੱਚ ਵੀ ਕੀਟਨਾਸ਼ਕਾਂ ਦੇ ਬੁਰੇ ਪ੍ਰਭਾਵਾਂ ਨੂੰ ਪ੍ਰਤੱਖ ਦੇਖਿਆ ਜਾ ਸਕਦਾ ਹੈ। ਅਨਾਜ, ਫ਼ਲ, ਸਬਜ਼ੀਆਂ ਭਵਿੱਖ ਵਿੱਚ ਅਮੀਰਾਂ ਲਈ ਹੋਰ ਤੇ ਗ਼ਰੀਬਾਂ ਲਈ ਹੋਰ ਹੋਣਗੇ। ਪੂਰੀ ਦੁਨੀਆ ਵਿੱਚ ਜੇਕਰ ਕੀਟਨਾਸ਼ਕ ਬਣਾਉਣ ਦਾ ਸਾਰਾ ਕਾਰੋਬਾਰ ਬੰਦ ਹੋ ਜਾਵੇ ਤਾਂ ਵੀ ਇਹ ਧਰਤੀ ਮਨੁੱਖ ਸਮੇਤ ਸਭ ਜੀਵਾਂ ਲਈ ਢੁੱਕਵੀਂ ਖੁਰਾਕ ਪੈਦਾ ਕਰਨ ਦੇ ਸਮਰੱਥ ਹੈ। ਵਿਕਸਤ ਦੇਸ਼ਾਂ ਸਮੇਤ ਦੁਨੀਆ ਦੇ ਹੋਰ ਮੁਲਕਾਂ ਵਿੱਚ ਵੀ ਜ਼ਹਿਰਾਂ ਦੀ ਖਪਤ ਦਾ ਵਰਤਾਰਾ ਆਮ ਕਿਉਂ ਹੋ ਗਿਆ ਹੈ? ਸਾਨੂੰ ਸਮਝਣਾ ਹੋਵੇਗਾ ਕਿ ਇਸ ਪਿੱਛੇ ਖ਼ਾਸ ਕਾਰਨ ਕੀ ਹਨ?
ਸੰਨ 1962 ਵਿੱਚ ਅਮਰੀਕੀ ਲੇਖਕਾ ਤੇ ਵਿਗਿਆਨੀ ਰਿਚਲ ਕਾਰਸਨ ਦੀ ਕਿਤਾਬ ਆਈ ‘ਸਾਇਲੈਂਟ ਸਪਰਿੰਗ’। ਸਾਇਲੈਂਟ ਸਪਰਿੰਗ ਦਾ ਅਰਥ ਇਹ ਲਿਆ ਜਾਂਦਾ ਹੈ ਕਿ ਭਵਿੱਖ ਵਿੱਚ ਬਸੰਤ ਤਾਂ ਹੋਵੇਗੀ, ਪਰ ਇਹ ਖਾਮੋਸ਼ ਹੋਵੇਗੀ। ਬਹਾਰ ਹੋਵੇਗੀ, ਪਰ ਚਿੜੀਆਂ ਨਹੀਂ ਗਾਉਣਗੀਆਂ। ਇਸ ਕਿਤਾਬ ਨਾਲ ਪੂਰੀ ਦੁਨੀਆ ਵਿੱਚ ਤਹਿਲਕਾ ਮੱਚ ਗਿਆ। ਦੂਜੇ ਵਿਸ਼ਵ ਯੁੱਧ ਦੌਰਾਨ ਡੀਡੀਟੀ ਅਤੇ ਹੋਰ ਕੀਟਨਾਸ਼ਕ ਵਰਤੋਂ ਵਿੱਚ ਲਿਆਂਦੇ ਗਏ। ਦੂਜੇ ਵਿਸ਼ਵ ਯੁੱਧ ਵਿੱਚ ਲੜਾਕੇ ਜਿੱਥੇ ਦੂਰ ਦੁਰਾਡੇ ਜੰਗਲੀ ਇਲਾਕਿਆਂ ਵਿੱਚ ਤੰਬੂ ਲਾ ਕੇ ਰਹਿੰਦੇ ਸਨ ਜਾਂ ਹੋਰ ਯੁੱਧ ਲੜਨ ਵਾਲੀਆਂ ਕਠਿਨ ਥਾਵਾਂ ’ਤੇ ਜਾਂਦੇ ਸਨ, ਉੱਥੇ ਉਹ ਮੱਛਰਾਂ, ਮੱਖੀਆਂ ਅਤੇ ਛੋਟੇ ਕੀੜੇ-ਮਕੌੜਿਆਂ ਨੂੰ ਮਾਰਨ ਲਈ ਇਨ੍ਹਾਂ ਕੈਮੀਕਲਾਂ ਦੀ ਵਰਤੋਂ ਕਰਦੇ ਸਨ। ਸੰਨ 1945 ਵਿੱਚ ਯੁੱਧ ਖ਼ਤਮ ਹੋ ਗਿਆ ਤੇ ਇਹ ਵੱਡੀ ਕੈਮੀਕਲ ਇੰਡਸਟਰੀ ਅਤੇ ਇਸ ਦੀ ਪੈਦਾਵਾਰ ਪੂਰੀ ਤਰ੍ਹਾਂ ਬੇਲੋੜੀ ਹੋ ਗਈ। ਅਮਰੀਕਾ ਦੇ ਨੀਤੀ ਘਾੜਿਆਂ ਨੇ ਸੋਚਿਆ ਕਿ ਇੰਨਾ ਵੱਡਾ ਸਰਮਾਇਆ ਲਾ ਕੇ ਇਹ ਇੰਡਸਟਰੀ ਖੜ੍ਹੀ ਕੀਤੀ ਹੈ, ਇਹ ਸਭ ਕੁਝ ਬਰਬਾਦ ਹੋ ਜਾਵੇਗਾ ਤਾਂ ਬੜੀ ਘਾਟੇ ਵਾਲੀ ਗੱਲ ਹੋਵੇਗੀ। ਸੋਚ ਵਿਚਾਰ ਮਗਰੋਂ ਮੁਨਾਫੇ ਦੀ ਹਵਸ ਨੇ ਇਸ ਨੂੰ ਰੋਜ਼ਾਨਾ ਜੀਵਨ ਦੀ ਲੋੜ ਬਣਾਉਣ ਦੀ ਖ਼ਤਰਨਾਕ ਖੇਡ ਖੇਡਣੀ ਸ਼ੁਰੂ ਕੀਤੀ। ਇਨ੍ਹਾਂ ਫੈਕਟਰੀਆਂ ਵਿੱਚ ਬਣਦੇ ਕੈਮੀਕਲਾਂ ਦੀ ਵਰਤੋਂ ਖੇਤਾਂ ਵਿਚਲੇ ਕੀਟ-ਪਤੰਗੇ ਅਤੇ ਕੀੜੇ-ਮਕੌੜਿਆਂ ਨੂੰ ਮਾਰਨ ਲਈ ਕੀਤੀ ਜਾਣ ਲੱਗੀ। ਕੁੱਝ ਹੀ ਸਾਲਾਂ ਵਿੱਚ ਇਹ ਪਹਿਲਾਂ ਨਾਲੋਂ ਹਜ਼ਾਰ ਗੁਣਾਂ ਇੱਕ ਵੱਡੀ ਸਨਅਤ ਬਣ ਗਈ। ਪੂਰੀ ਦੁਨੀਆ ਵਿੱਚ ਇਸ ਦਾ ਵੱਡੀ ਪੱਧਰ ’ਤੇ ਪ੍ਰਚਾਰ ਕੀਤਾ ਗਿਆ। ਪ੍ਰਚਾਰ ਇਹ ਵੀ ਕੀਤਾ ਗਿਆ ਕਿ ਇਨ੍ਹਾਂ ਕੈਮੀਕਲ ਸਪਰੇਆਂ ਨਾਲ ਫ਼ਸਲਾਂ ਦੀ ਪੈਦਾਵਾਰ ਵਧ ਰਹੀ ਹੈ। ਇਹ ਪ੍ਰਚਾਰ ਵੀ ਕੀਤਾ ਗਿਆ ਕਿ ਇਸ ਦਾ ਤੁਰੰਤ ਫਾਇਦਾ ਮਿਲ ਰਿਹਾ ਹੈ। ਇਸ ਦਾ ਨਤੀਜਾ ਇਹ ਹੋਇਆ ਕਿ ਅਨਾਜ ਪੈਦਾ ਕਰਨ ਵਾਲੀ ਜੋ ਮਿੱਟੀ ਸੀ, ਉਹ ਜ਼ਹਿਰੀਲੀ ਹੋ ਗਈ। ਸਾਡੀ ਭੋਜਨ ਲੜੀ ਪੂਰੀ ਤਰ੍ਹਾਂ ਗੜਬੜਾ ਗਈ। ਪੈਦਾਵਾਰ ਕੁੱਝ ਹੱਦ ਤੱਕ ਵਧ ਵੀ ਗਈ, ਪਰ ਭੋਜਨ ਲੜੀ ਵਿੱਚ ਜ਼ਹਿਰਾਂ ਦਾ ਪ੍ਰਵੇਸ਼ ਹੋ ਗਿਆ। ਰਿਚਲ ਨੇ ਆਪਣੀ ਕਿਤਾਬ ਵਿੱਚ ਪੂਰੀ ਦੁਨੀਆ ਨੂੰ ਦੱਸਿਆ ਕਿ ਕੈਮੀਕਲ ਜ਼ਹਿਰਾਂ ਦੀ ਪੈਦਾਵਾਰ ਕਰਕੇ ਅਸੀਂ ਸਾਰੇ ਇੱਕ ਧੀਮੀ ਮੌਤ ਵੱਲ ਵਧ ਰਹੇ ਹਾਂ। ਇਹ ਧਰਤੀ ਦੇ ਜੀਵਨ ਲਈ ਖ਼ਤਰਨਾਕ ਹੈ। ਇਹ ਕਿਤਾਬ ਜੋ ਅੱਜ ਦੇ ਸਮੇਂ ਵਿੱਚ ਪਹਿਲਾਂ ਨਾਲੋਂ ਵਧੇਰੇ ਸਾਰਥਕ ਹੈ, ਦੇ ਛਪਣ ਮਗਰੋਂ ਰਿਚਲ ਨੂੰ ਕੈਮੀਕਲ ਇੰਡਸਟਰੀ ਵੱਲੋਂ ਮੌਤ ਦੀਆਂ ਧਮਕੀਆਂ ਮਿਲਣ ਲੱਗੀਆਂ। ਉਹਨੂੰ ਇਹ ਵੀ ਕਿਹਾ ਗਿਆ ਕਿ ਉਹ ਇੱਕ ਪਾਗਲ ਔਰਤ ਹੈ। ਉਸ ਸਮੇਂ ਦੇ ਰਾਸ਼ਟਰਪਤੀ ਜੌਹਨ ਕਨੇਡੀ ਨੇ ਖ਼ੁਦ ਉਹ ਕਿਤਾਬ ਪੜ੍ਹੀ। ਇਸ ਕਿਤਾਬ ਨੇ ਕਰੋੜਾਂ ਲੋਕਾਂ ਦੀ ਸੋਚ ਬਦਲੀ। ਅਮਰੀਕਾ ਅਤੇ ਯੂਰਪ ਵਿੱਚ ਇਸ ਸਮੇਂ ਜੋ ਵਾਤਾਵਰਨ ਦਾ ਚਿੰਤਨ ਸ਼ੁਰੂ ਹੋਇਆ ਉਹਦਾ ਸਰੋਤ ਰਿਚਲ ਕਾਰਸਨ ਦੀ ਇਹੋ ਕਿਤਾਬ ਹੈ। ਪ੍ਰਦੂਸ਼ਣ ਦੇ ਮਾਰੂ ਪ੍ਰਭਾਵ ਹੌਲੀ ਹੌਲੀ ਜਨ ਜੀਵਨ ’ਤੇ ਅਸਰ ਕਰਦੇ ਹਨ ਅਤੇ ਇਹ ਇੱਕ ਖਿੱਤੇ ਤੋਂ ਹੋਰ ਅਗਾਂਹ ਫੈਲਣ ਲੱਗਦੇ ਹਨ।
ਕੀਟਨਾਸ਼ਕਾਂ ਦੀ ਅੰਨ੍ਹੀ ਵਰਤੋਂ ਦਾ ਨਤੀਜਾ ਇਹ ਹੈ ਕਿ ਇਹ ਹੁਣ ਸਾਡੀ ਭੋਜਨ ਲੜੀ, ਮਨੁੱਖ ਅਤੇ ਹੋਰ ਜੀਵ ਜੰਤੂਆਂ, ਜਲਜੀਵਾਂ ਇੱਥੋਂ ਤੱਕ ਕਿ ਮਾਂ ਦੇ ਦੁੱਧ ਵਿੱਚ ਵੀ ਸ਼ਾਮਲ ਹੋ ਚੁੱਕੇ ਹਨ। ਕੀਟਨਾਸ਼ਕਾਂ ਦੀ ਅੰਨ੍ਹੀ ਵਰਤੋਂ ਬੱਚਿਆਂ ਦੇ ਦਿਮਾਗ਼ ਅਤੇ ਸਰੀਰ ’ਤੇ ਵੱਖਰੀ ਵੱਖਰੀ ਤਰ੍ਹਾਂ ਦੇ ਪ੍ਰਭਾਵ ਪਾ ਰਹੇ ਹਨ। ਅੱਜ ਦੇ ਦੌਰ ਵਿੱਚ ਫ਼ਲ, ਸਬਜ਼ੀਆਂ ਅਤੇ ਅਨਾਜ ਜੋ ਵੀ ਅਸੀਂ ਖਾ ਰਹੇ ਹਾਂ, ਉਸ ਵਿੱਚ ਕੀਟਨਾਸ਼ਕਾਂ ਦੇ ਕੁੱਝ ਨਾ ਕੁੱਝ ਅੰਸ਼ ਜ਼ਰੂਰ ਹੁੰਦੇ ਹਨ। ਇਹ ਕੀਟਨਾਸ਼ਕ ਹੌਲੀ ਹੌਲੀ ਸਾਡੇ ਸਰੀਰ ਵਿੱਚ ਜਮਾਂ ਹੁੰਦੇ ਹਨ ਅਤੇ ਮਗਰੋਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਪੈਦਾ ਕਰਦੇ ਹਨ। ਕੀਟਨਾਸ਼ਕਾਂ ਨੂੰ ਛੂਹਣ, ਸੁੰਘਣ ਨਾਲ ਵੀ ਸਾਡੇ ਸਰੀਰ ਦੀ ਕੇਂਦਰੀ ਤੰਤਰ ਪ੍ਰਣਾਲੀ (ਸੈਂਟਰਲ ਨਰਵਸ ਸਿਸਟਮ) ’ਤੇ ਬੁਰੇ ਪ੍ਰਭਾਵ ਪੈਂਦੇ ਹਨ। ਇਸ ਨਾਲ ਸਰੀਰ ਦੇ ਮਹੱਤਵਪੂਰਨ ਅੰਗ ਜਿਵੇਂ ਫੇਫੜੇ, ਗੁਰਦੇ, ਦਿਲ, ਲਿਵਰ ਸਬੰਧੀ ਬਿਮਾਰੀਆਂ ਪੈਦਾ ਹੋਣ ਲੱਗਦੀਆਂ ਹਨ। ਇਸ ਨਾਲ ਕਈ ਤਰ੍ਹਾਂ ਦੇ ਕੈਂਸਰ ਵੀ ਪੈਦਾ ਹੋਣ ਲੱਗਦੇ ਹਨ। ਇੱਥੋਂ ਤੱਕ ਛੋਟੇ ਬੱਚਿਆਂ ਨੂੰ ਕੈਂਸਰ ਅਤੇ ਚਮੜੀ ਸਬੰਧੀ ਬਿਮਾਰੀਆਂ ਹੋਣ ਲੱਗਦੀਆਂ ਹਨ। ਪਿਛਲੇ ਕੁੱਝ ਦਹਾਕਿਆਂ ਤੋਂ ਕੀਟਨਾਸ਼ਕਾਂ ਦੀ ਵਰਤੋਂ ਕਈ ਗੁਣਾ ਵਧ ਗਈ ਹੈ। ਕੀਟਨਾਸ਼ਕਾਂ ਦੀ ਅੰਨ੍ਹੀਂ ਵਰਤੋਂ ਨੇ ਧਰਤੀ ਦੇ ਨਾਜ਼ੁਕ ਤਾਣੇ ਬਾਣੇ ਨੂੰ ਤਹਿਸ ਨਹਿਸ ਕਰਕੇ ਰੱਖ ਦਿੱਤਾ ਹੈ। ਇਸ ਨਾਲ ਕੀਟ ਪਤੰਗੇ ਫ਼ਸਲਾਂ ਲਈ ਸਹਿਯੋਗੀ ਛੋਟੇ ਜੀਵ ਹੀ ਪ੍ਰਭਾਵਿਤ ਨਹੀਂ ਹੋਏ ਬਲਕਿ ਪਸ਼ੂ-ਪੰਛੀ ਅਤੇ ਜਲ ਜੀਵ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇੱਕ ਬਾਰੀਕ ਗੱਲ ਜਿਸ ਨੂੰ ਸਮਝਿਆ ਨਹੀਂ ਜਾ ਰਿਹਾ, ਉਹ ਇਹ ਹੈ ਕਿ ਪਰਾਗਣ ਕਰਨ ਵਾਲੇ ਜੀਵ ਜਿਵੇਂ ਮਧੂ ਮੱਖੀਆਂ ਅਤੇ ਤਿਤਲੀਆਂ ਕੀਟਨਾਸ਼ਕਾਂ ਦੀ ਅੰਨ੍ਹੀਂ ਵਰਤੋਂ ਨਾਲ ਵੱਡੀ ਗਿਣਤੀ ਵਿੱਚ ਮਰ ਜਾਂਦੇ ਹਨ। ਇਸ ਨਾਲ ਫ਼ਸਲਾਂ ਅਤੇ ਫ਼ਲਾਂ ਦੇ ਉਤਪਾਦਨ ’ਤੇ ਉਲਟਾ ਪ੍ਰਭਾਵ ਵੀ ਪੈਂਦਾ ਹੈ। ਦੂਜੀ ਸਮਝਣ ਵਾਲੀ ਗੱਲ ਇਹ ਹੈ ਕਿ ਖ਼ਤਰਨਾਕ ਕੀਟਨਾਸ਼ਕਾਂ ਦੇ ਛਿੜਕਾਅ ਦੇ ਬਾਵਜੂਦ ਕੁੱਝ ਕੀਟ ਪਤੰਗੇ ਕੁੱਝ ਵਿਸ਼ੇਸ਼ ਕਾਰਨਾਂ ਕਰਕੇ ਬਚੇ ਰਹਿ ਜਾਂਦੇ ਹਨ ਅਤੇ ਇਹ ਆਪਣੀ ਅਗਲੀ ਨਸਲ ਵਿੱਚ ਪ੍ਰਤੀਰੋਧਕ ਸ਼ਕਤੀ ਪੈਦਾ ਕਰ ਲੈਂਦੇ ਹਨ ਅਤੇ ਇਨ੍ਹਾਂ ’ਤੇ ਕੀਟਨਾਸ਼ਕ ਬੇਅਸਰ ਹੋਣ ਲੱਗਦੇ ਹਨ। ਕੀਟਨਾਸ਼ਕਾਂ ਦੇ ਹਵਾ ਵਿੱਚ ਮਿਲਦੇ ਅੰਸ਼ ਧਰਤੀ ਉੱਪਰਲੇ ਜੀਵਨ ਨੂੰ ਧੀਮੀ ਮੌਤ ਬਣ ਕੇ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੇ ਹਨ। ਮਿੱਟੀ ਵਿੱਚ ਪਏ ਇਨ੍ਹਾਂ ਦੇ ਅੰਸ਼ ਧਰਤੀ ਹੇਠਲੇ ਪਾਣੀ ਦੇ ਨਾਲ ਬਾਰਸ਼ਾਂ ਦੇ ਪਾਣੀ ਨਾਲ ਨਦੀਆਂ-ਨਾਲਿਆਂ ਵਿੱਚ ਜਾ ਮਿਲਦੇ ਹਨ ਅਤੇ ਦਰਿਆਈ ਤੇ ਸਮੁੰਦਰੀ ਪਾਣੀਆਂ ਨੂੰ ਪ੍ਰਭਾਵਿਤ ਕਰ ਰਹੇ ਹਨ। ਪਾਣੀ ਦੇ ਪਲੀਤ ਹੋਣ ਨਾਲ ਮਨੁੱਖ ਸਮੇਤ ਦੂਜੇ ਜੀਅ ਜੰਤੂ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ।
ਸੰਨ 2011 ਤੱਕ ਕੇਰਲਾ ਪ੍ਰਦੇਸ਼ ਦੇ ਕਾਸਰਗੋੜ ਨਾਮੀ ਜ਼ਿਲ੍ਹੇ ਵਿੱਚ ਕਾਜੂਆਂ ਦੇ ਬਾਗ਼ਾਂ ’ਤੇ ਇੰਡੋਸਲਫਾਨ ਨਾਮਕ ਦਵਾਈ ਦਾ ਛਿੜਕਾਅ ਵੱਡੀ ਮਾਤਰਾ ਵਿੱਚ ਹੁੰਦਾ ਸੀ। ਇਸ ਦਾ ਨਤੀਜਾ ਇਹ ਹੋਇਆ ਕਿ ਇੱਥੇ ਪੂਰੇ ਇਲਾਕੇ ਵਿੱਚ ਛੋਟੇ ਬੱਚਿਆਂ ਨੂੰ ਅਜੀਬੋ ਗਰੀਬ ਬਿਮਾਰੀਆਂ ਹੋਣ ਲੱਗੀਆਂ। ਬੱਚੇ ਵਿਕਲਾਂਗ ਪੈਦਾ ਹੋਣ ਲੱਗੇ। ਵਿੰਗ ਤੜਿਕੇ ਸਰੀਰਾਂ ਵਾਲੇ ਹੱਥ-ਪੈਰ ਮੁੜੇ ਤੇ ਮੰਦਬੁੱਧੀ ਬੱਚੇ ਪੈਦਾ ਹੋਣ ਲੱਗੇ। ਲੰਮਾਂ ਸਮਾਂ ਬੀਤ ਜਾਣ ਮਗਰੋਂ ਇਹ ਪਤਾ ਚੱਲਿਆ ਕਿ ਇਹ ਇਸ ਵਿਸ਼ੇਸ਼ ਇਲਾਕੇ ਵਿੱਚ ਇਸ ਲਈ ਹੋ ਰਿਹਾ ਹੈ ਕਿਉਂਕਿ ਇੱਥੇ ਇੰਡੋਸਲਫਾਨ ਨਾਮੀ ਜ਼ਹਿਰ ਦੀ ਵੱਡੀ ਮਾਤਰਾ ਵਿੱਚ ਵਰਤੋਂ ਹੋ ਰਹੀ ਹੈ।
ਤਰੱਕੀ ਤੇ ਵਿਕਾਸ ਦੀਆਂ ਮੰਜ਼ਿਲਾਂ ਤੈਅ ਕਰਦਾ ਕਰਦਾ ਮਨੁੱਖ ਅੱਜ ਉਸ ਮੁਕਾਮ ’ਤੇ ਪਹੁੁੰਚਿਆ ਹੈ ਜਿੱਥੇ ਜੀਵਨ ਦਾ ਵਿਗਸਣਾ, ਮੌਲਣਾ ਤੇ ਤੰਦਰੁਸਤ ਰਹਿਣਾ ਉਹਦੀ ਮੁੱਖ ਤਰਜੀਹ ਨਹੀਂ ਬਲਕਿ ਹਰ ਹਰਬਾ ਵਰਤ ਕੇ ਕਮਾਇਆ ਮੁਨਾਫਾ, ਉਸ ਦੀ ਮੁੱਖ ਤਰਜੀਹ ਬਣ ਗਿਆ ਹੈ। ਮੁਨਾਫੇ ਦੀ ਬੇਲਗਾਮ ਇੱਛਾਂ ਦੀ ਪੂਰਤੀ ਲਈ ਕੁੱਝ ਵੀ ਕੀਤਾ ਜਾ ਸਕਦਾ ਹੈ। ਅਫ਼ਸੋਸ ਦੀ ਗੱਲ ਇਹ ਹੈ ਸਾਡੀਆਂ ਚੁਣੀਆਂ ਹੋਈਆਂ ਸਰਕਾਰਾਂ ਜਿਨ੍ਹਾਂ ਤੋਂ ਅਸੀਂ ਉਮੀਦ ਰੱਖਦੇ ਹਾਂ, ਉਹ ਸਾਡੇ ਸੰਵਿਧਾਨ ਅਨੁਸਾਰ ਸਾਡੀ ਜਾਨ ਮਾਲ ਦਾ ਫਿਕਰ ਕਰਨਗੀਆਂ, ਪਰ ਉਹ ਮੁਨਾਫੇ ਦੀ ਹਵਸ ਨੂੰ ਹਰ ਹੀਲੇ ਬਣਾਈ ਰੱਖਣ ਲਈ ਤਤਪਰ ਹਨ।
ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਜ਼ਹਿਰੀਲੇ ਵਾਤਾਵਰਨ ਕਾਰਨ ਕਿੰਨੇ ਹੀ ਅਜਿਹੇ ਪੰਛੀ ਸਨ ਜਿਨ੍ਹਾਂ ਤੋਂ ਪੰਜਾਬ ਦੀ ਧਰਤੀ ਅੱਜ ਵਿਰਵੀ ਹੋ ਗਈ ਹੈ। ਇੱਥੇ ਪਹਾੜੀ ਕਾਂ, ਬਾਜ਼, ਸ਼ਿਕਰੇ, ਇੱਲ੍ਹਾਂ, ਗਿਰਝਾਂ, ਉੱਲੂ, ਕਿੱਲੀ ਠੋਕੇ, ਗਟਾਰਾਂ, ਬਿਜੜੇ, ਹਰਿਅਲ ਆਦਿ ਹੋਰ ਕਿੰਨੇ ਹੀ ਪੰਛੀ ਸਨ ਜੋ ਨਹੀਂ ਦਿਸਦੇ, ਜੇਕਰ ਦਿਸਦੇ ਵੀ ਹਨ ਤਾਂ ਵਿਰਲੇ ਟਾਵੇਂ ਨਜ਼ਰ ਪੈਂਦੇ ਹਨ। ਅਖੌਤੀ ਵਿਕਾਸ ਅਤੇ ਸਾਡੀਆਂ ਸਿਆਣਪਾਂ ਨੇ ਕਈ ਪਰਿੰਦਿਆਂ ਦਾ ਨਸਲਘਾਤ ਕਰ ਦਿੱਤਾ ਹੈ। ਸਾਡੇ ਆਲੇ ਦੁਆਲੇ ਜੋ ਵਾਪਰ ਰਿਹਾ ਹੈ, ਉਸ ਵਿੱਚ ਲਾਲਚ ਤੇ ਮੁਨਾਫਿਆਂ ਦੇ ਨਾਲ ਨਾਲ ਅਗਿਆਨਤਾ ਵੀ ਇੱਕ ਬਹੁਤ ਵੱਡਾ ਕਾਰਨ ਹੈ। ਸਭ ਕੁੱਝ ਜਾਣਦੇ ਸਮਝਦੇ ਹੋਣ ਦਾ ਭਰਮ ਹੋਣਾ ਵੀ ਵੱਡਾ ਸੰਕਟ ਹੈ। ਅਸੀਂ ਸੋਚਣਾ ਹੈ ਕਿ ਅਸੀਂ ਅਗਲੀ ਪੀੜ੍ਹੀ ਨੂੰ ਇਹ ਧਰਤੀ ਨਰਕ ਬਣਾ ਕੇ ਦੇਣੀ ਹੈ ਜਾਂ ਉਹ ਧਰਤੀ ਹੋਵੇ ਜਿਸ ਦੇ ਬਿਰਖਾਂ ’ਤੇ ਪੰਛੀ ਗੀਤ ਗਾਉਂਦੇ ਹੋਣ। ਮੁਲਕ ਦੀ ਵਿਵਸਥਾ, ਸਰਕਾਰਾਂ ਅਤੇ ਧਰਤੀ ਦੇ ਮਨੁੱਖਾਂ ਦੀ ਮੁੱਖ ਤਰਜੀਹ ਮੁਨਾਫਾ ਨਹੀਂ ਬਲਕਿ ਜੀਵਨ ਹੋਣੀ ਚਾਹੀਦੀ ਹੈ। ਸਾਡੀ ਵਿਰਾਸਤ ਤੇ ਫਲਸਫਾ ਸਾਨੂੰ ਸਰਬੱਤ ਦਾ ਭਲਾ ਮੰਗਣ ਦੀ ਤਾਕੀਦ ਕਰਦਾ ਹੈ। ਕੁਦਰਤ ਦਾ ਸਤਿਕਾਰ ਕਰਨਾ ਇਸ ਦੇ ਸਰੋਤਾਂ ਨੂੰ ਸੰਭਾਲਣਾ ਸਾਡੀ ਸੰਸਕ੍ਰਿਤੀ ਵਿੱਚ ਹੀ ਨਹੀਂ ਬਲਕਿ ਸਾਡੇ ਸੰਵਿਧਾਨ ਦੀ ਵੀ ਮੁੱਖ ਤਰਜੀਹ ਹੈ।
ਜ਼ਹਿਰਾਂ ਦਾ ਪ੍ਰਕੋਪ ਹੁਣ ਹਵਾ ਜਾਂ ਕੁੱਝ ਖ਼ਾਸ ਇਲਾਕਿਆਂ ਤੱਕ ਹੀ ਨਹੀਂ ਬਲਕਿ ਇਹ ਫੈਕਟਰੀਆਂ ਤੋਂ ਸ਼ੁਰੂ ਹੋ ਸਾਡੀਆਂ ਖਾਣੇ ਦੀਆਂ ਪਲੇਟਾਂ ਤੱਕ ਹੈ। ਸਮੇਂ ਦੀ ਮੰਗ ਹੈ ਕਿ ਅਸੀਂ ਜ਼ਹਿਰਾਂ ਮੁਕਤ ਖੇਤੀ ਕਰੀਏ। ਸਾਡੀਆਂ ਸਰਕਾਰਾਂ ਨੂੰ ਇਸ ਲਈ ਵੱਡੇ ਉਪਰਾਲੇ ਕਰਨੇ ਹੋਣਗੇ। ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਚੌਗਿਰਦੇ ਨੂੰ ਸ਼ੁੱਧ ਰੱਖਣ ਲਈ ਵਾਤਾਵਰਨ ਨੂੰ ਪਲੀਤ ਕਰਨ ਤੋਂ ਗੁਰੇਜ਼ ਕਰੀਏ। ਅੱਜ ਲੋੜ ਹੈ ਅਸੀਂ ਖੇਤਾਂ ਦੇ ਬੰਨਿਆਂ ’ਤੇ ਰੁੱਖ ਲਾਈਏ, ਇਹ ਰੁੱਖ ਵੱਡੇ ਹੋਣਗੇ ਤੇ ਪੰਛੀਆਂ ਨੂੰ ਬੁਲਾਵੇ ਦੇਣਗੇ। ਪੰਛੀ ਤੇ ਰੁੱਖ ਖੇਤੀ ਦੇ ਦੁਸ਼ਮਣ ਨਹੀਂ ਬਲਕਿ ਸਭ ਤੋਂ ਵੱਡੇ ਸਹਾਇਕ ਹਨ। ਪੰਛੀ ਫ਼ਸਲਾਂ ਨੂੰ ਪੈਣ ਵਾਲੀਆਂ ਸੁੰਡੀਆਂ ਨੂੰ ਖਾਂਦੇ ਹਨ। ਅੱਜ ਲੋੜ ਹੈ ਅਸੀਂ ਮਾਨਵਤਾ ਦੀ ਭਲਾਈ ਲਈ ਰਸਾਇਣਾਂ ਦੀ ਵਰਤੋਂ ’ਤੇ ਰੋਕ ਲਾਈਏ ਤੇ ਇਸ ਧਰਤੀ ਨੂੰ ਜੀਵ ਜੰਤੂਆਂ ਅਤੇ ਮਨੁੱਖਾਂ ਦੇ ਰਹਿਣ ਲਾਇਕ ਬਣਾਈਏ। ਰਸਾਇਣਾਂ ਅਤੇ ਕੀਟਨਾਸ਼ਕਾਂ ਤੋਂ ਬਗੈਰ ਵੀ ਚੰਗੀ ਨਰੋਈ ਖੇਤੀ ਹੋ ਸਕਦੀ ਹੈ। ਜਿਨ੍ਹਾਂ ਨੇ ਯਤਨ ਕੀਤੇ ਹਨ, ਉਹ ਇਸ ਵਿੱਚ ਸਫਲ ਵੀ ਹੋਏ ਹਨ। ਅੱਜ ਸੋਚਣ ਦੀ ਲੋੜ ਹੈ ਕਿ ਪੌਣ-ਪਾਣੀ ਤੇ ਹਵਾ ਨੂੰ ਪਲੀਤ ਕਰਕੇ ਅਸੀਂ ਆਪਣੇ ਪੈਰਾਂ ’ਤੇ ਆਪ ਕੁਹਾੜਾ ਤਾਂ ਨਹੀਂ ਮਾਰ ਰਹੇ?
ਸੰਪਰਕ: 98550-51099

Advertisement

Advertisement
Author Image

Balwinder Kaur

View all posts

Advertisement