ਪਟਿਆਲਾ, ਸਨੌਰ, ਘਨੌਰ, ਦੇਵੀਗੜ੍ਹ, ਭਾਦਸੋਂ ਤੇ ਘੱਗਾ ਵਿੱਚ ‘ਆਪ’ ਕਾਬਜ਼
ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਦਸੰਬਰ
ਨਗਰ ਨਿਗਮ ਪਟਿਆਲਾ ਲਈ ਅੱਜ ਪਈਆਂ ਵੋਟਾਂ ’ਚ ‘ਆਪ’ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ। ਚੋਣ ਦੌਰਾਨ ਵਿਰੋਧੀ ਧਿਰਾਂ ਨੇ ਸੱਤਾਧਾਰੀ ਧਿਰ ’ਤੇ ਧਾਂਦਲੀਆਂ, ਧੱਕੇਸ਼ਾਹੀ, ਬੂਥਾਂ ’ਤੇ ਕਬਜ਼ੇ ਅਤੇ ਕੁੱਟਮਾਰ ਕਰਨ ਵਰਗੇ ਗੰਭੀਰ ਦੋਸ਼ ਵੀ ਲਾਏ ਹਨ ਪਰ ਨਗਰ ਨਿਗਮ ’ਤੇ ‘ਆਪ’ ਦਾ ਮੇਅਰ ਬਣਨਾ ਯਕੀਨੀ ਹੋ ਗਿਆ ਹੈ। ਇਥੋਂ ਦੀਆਂ 60 ਵਿੱਚੋਂ 7 ਵਾਰਡਾਂ ਦੀ ਚੋਣ ਤਾਂ ਅਦਾਲਤੀ ਹੁਕਮਾਂ ’ਤੇ ਮੁਲਤਵੀ ਹੋ ਗਈ ਸੀ ਤੇ ਬਾਕੀ 53 ਵਿੱਚੋਂ 43 ’ਤੇ ‘ਆਪ’ ਦੇ ਉਮੀਦਵਾਰ ਕੌਂਸਲਰ ਬਣ ਚੁੱਕੇ ਹਨ। ਨਗਰ ਨਿਗਮ ਪਟਿਆਲਾ ਦੇ 63 ਮੈਂਬਰੀ ਜਨਰਲ ਹਾਊਸ ਵਿਚ ‘ਆਪ’ ਦੇ 46 ਮੈਂਬਰ ਹੋ ਗਏ ਹਨ। ਨਿਗਮ ਦੇ ਜਿਹੜੇ 53 ਵਾਰਡਾਂ ਵਿੱਚ ਹੁਣ ਤੱਕ ਚੋਣ ਹੋਈ ਹੈ, ਉਨ੍ਹਾਂ ਵਿਚੋਂ ਕਾਂਗਰਸ ਅਤੇ ਭਾਜਪਾ ਦੇ ਚਾਰ ਚਾਰ ਜਦਕਿ ਅਕਾਲੀ ਦਲ ਦੇ 2 ਉਮੀਦਵਾਰ ਜਿੱਤੇ ਹਨ। ਇਸ ਤਰ੍ਹਾਂ 53 ਵਾਰਡਾਂ ਵਿੱਚੋਂ ‘ਆਪ’ ਦੇ ਹੁਣ ਤੱਕ ਦਸ ਉਮੀਦਵਾਰ ਹੀ ਹਾਰੇ ਹਨ। ਦੱਸਣਯੋਗ ਹੈ ਕਿ ਇਨ੍ਹਾਂ ਸੱਤ ਵਾਰਡਾਂ ’ਚ ਵੀ ਭਾਵੇਂ ‘ਆਪ’ ਦੇ ਹੀ ਉਮੀਦਵਾਰ ਬਿਨਾਂ ਮੁਕਾਬਲਾ ਜਿੱਤ ਗਏ ਸਨ ਪਰ ਵਿਰੋਧੀ ਧਿਰਾਂ ਵੱਲੋਂ ‘ਆਪ’ ਕਾਰਕੁਨਾ ’ਤੇ ਉਨ੍ਹਾਂ ਦੇ ਨਾਮਜ਼ਦਗੀ ਫਾਰਮ ਪਾੜਨ ਦੇ ਦੋਸ਼ਾਂ ਦੇ ਤਹਿਤ ਹਾਈ ਕੋਰਟ ਨੇ ਵੋਟਾਂ ਤੋਂ ਇੱਕ ਦਿਨ ਪਹਿਲਾਂ 20 ਦਸੰਬਰ ਨੂੰ ਇਨ੍ਹਾਂ ਸੱਤਾਂ ਵਾਰਡਾਂ ਦੀ ਚੋਣ ਮੁਲਤਵੀ ਕਰ ਦਿੱਤੀ ਸੀ। ਅੱਠ ਹੋਰ ਅਜਿਹੇ ਵਾਰਡ ਵੀ ਹਨ, ਜਿੱਥੇ ਹੋਰਨਾਂ ਉਮੀਦਵਾਰਾਂ ਦੇ ਕਾਗਜ਼ ਜਾਂ ਤਾਂ ਰੱਦ ਹੋ ਗਏ ਸਨ ਜਾਂ ਫੇਰ ਉਨ੍ਹਾਂ ਨੇ ਵਾਪਸ ਲੈ ਲਏ ਸਨ। ਇਸ ਕਰਕੇ ‘ਆਪ’ ਦੇ 8 ਉਮੀਦਵਾਰ ਬਿਨਾਂ ਮੁਕਾਬਲੇ ਜਿੱਤ ਗਏ ਸਨ ਪਰ ਅਦਾਲਤੀ ਫ਼ੈਸਲੇ ਦਾ ਇਨ੍ਹਾਂ ਦੀ ਚੋਣ ’ਤੇ ਕੋਈ ਅਸਰ ਨਹੀਂ ਹੈ। ਇਸੇ ਦੌਰਾਨ ਇਥੋਂ ਦੇ ਵਿਧਾਇਕ ਵਜੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ (ਵਿਧਾਇਕ ਪਟਿਆਲਾ ਦਿਹਾਤੀ), ਅਜੀਤਪਾਲ ਕੋਹਲੀ (ਵਿਧਾਇਕ ਪਟਿਆਲਾ ਸ਼ਹਿਰੀ) ਅਤੇ ਹਰਮੀਤ ਪਠਾਣਮਾਜਰਾ (ਵਿਧਾਇਕ ਸਨੌਰ) ਸਮੇਤ ਪ੍ਰਮੁੱਖ ਆਗੂ ਹਰਪਾਲ ਜੁਨੇਜਾ, ਗੁਰਜੀਤ ਸਾਹਨੀ, ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਤੇ ਜ਼ਿਲ੍ਹਾ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ ਆਦਿ ਪ੍ਰਮੁੱਖ ਆਗੂਆਂ ਨੇ ਅੱਜ ਦੀ ਇਸ ਜਿੱਤ ਨੂੰ ‘ਆਪ’ ਸਰਕਾਰ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਦੀ ਜਿੱਤ ਕਰਾਰ ਦਿਤਾ ਹੈ। ਦੂਜੇ ਪਾਸੇ ਭਾਜਪਾ ਆਗੂਆਂ ਪ੍ਰਨੀਤ ਕੌਰ, ਜੈਇੰਦਰ ਕੌਰ, ਹਰਵਿੰਦਰ ਹਰਪਾਲਪੁਰ, ਅਕਾਲੀ ਆਗੂ ਐੱਨਕੇ ਸ਼ਰਮਾ, ਰਾਜੂ ਖੰਨਾ, ਅਮਿਤ ਰਾਠੀ, ਅਮਰਿੰਦਰ ਬਜਾਜ ਅਤੇ ਬਿੱਟੂ ਚੱਠਾ ਨੇ ‘ਆਪ’ ’ਤੇ ਧੱਕੇਸ਼ਾਹੀ ਅਤੇ ਧਾਂਦਲੀਆਂ ਕਰਨ ਦਾ ਦੋਸ਼ ਲਾਇਆ ਹੈ। ਨਗਰ ਕੌਂਸਲ ਸਨੌਰ ਸਮੇਤ ਨਗਰ ਪੰਚਾਇਤ ਘਨੌਰ ਅਤੇ ਨਗਰ ਪੰਚਾਇਤ ਦੇਵੀਗੜ੍ਹ ’ਤੇ ਤਾਂ ਪਹਿਲਾਂ ਹੀ ‘ਆਪ’ ਦੇ ਸਾਰੇ ਉਮੀਦਵਾਰ ਬਿਨਾਂ ਮੁਕਾਬਲਾ ਹੀ ਚੁਣੇ ਗਏ ਸਨ। ਨਗਰ ਪੰਚਾਇਤ ਭਾਦਸੋਂ ਵਿਚ ਜਿੱਥੇ ‘ਆਪ’ ਦੇ ਪੰਜ ਉਮੀਦਵਾਰ ਸਿੱਧੇ ਤੌਰ ’ਤੇ ਜਿੱਤ ਚੁੱਕੇ ਹਨ, ਉਥੇ ਹੀ ਆਜ਼ਾਦ ਰੂਪ ’ਚ ਜਿੱਤਣ ਵਾਲੇ ਤਿੰਨ ਉਮੀਦਵਾਰ ਵੀ ‘ਆਪ’ ਨਾਲ ਹੀ ਸਬੰਧਤ ਹਨ, ਜੋ ਨਾਰਾਜ਼ ਹੋ ਕੇ ਆਜ਼ਾਦ ਚੋਣ ਲੜੇ ਹਨ। ਭਾਦਸੋਂ ਤੋਂ ਭਾਜਪਾ ਨੂੰ 2 ਅਤੇ ਅਕਾਲੀ ਦਲ ਨੂੰ ਇੱਕ ਵਾਰਡ ਵਿੱਚ ਹੀ ਜਿੱੱਤ ਹਾਸਲ ਹੋਈ ਹੈ। ਇਸ ਤਰ੍ਹਾਂ 11 ਮੈਂਬਰੀ ਭਾਦਸੋਂ ਦੀ ਨਗਰ ਪੰਚਾਇਤ ’ਤੇ ਵੀ ਹੁਣ ‘ਆਪ’ ਦਾ ਹੀ ਹੱਥ ਉੱਪਰ ਹੈ। ਭਾਦਸੋਂ ਲਈ ‘ਆਪ’ ਦੇ ਜੇਤੂ ਉਮੀਦਵਾਰਾਂ ’ਚ ਇੱਕ ਨੰਬਰ ਵਾਰਡ ਤੋਂ ਰੁਪਿੰਦਰ ਸਿੰਘ, 4 ਤੋਂ ਬਲਜਿੰਦਰ ਕੌਰ, 8 ਤੋਂ ਸਤਵਿੰਦਰ ਕੌਰ, 10 ਤੋਂ ਮਧੂ ਬਾਲਾ ਅਤੇ 11 ਤੋਂ ਸਤਨਾਮ ਸਿੰਘ ਸ਼ਾਮਲ ਹਨ। ਆਜ਼ਾਦ ਉਮੀਦਵਾਰਾਂ ਵਿੱਚ ਵਾਰਡ ਨੰਬਰ 3 ਤੋਂ ਗੁਰਜੋਗਾ ਸਿੰਘ, 7 ਤੋਂ ਹਰਸ਼ਿਤ ਅਤੇ 9 ਤੋ ਨਿਰਮਲਾ ਰਾਣੀ ਨੇ ਜਿੱਤ ਹਾਸਲ ਕੀਤੀ ਹੈ। ਇਸੇ ਤਰ੍ਹਾਂ ਹੀ ਭਾਜਪਾ ਦੇ ਕਿਰਨ ਗੁਪਤਾ ਨੇ ਵਾਰਡ ਨੰਬਰ 2 ਅਤੇ ਅਮਰਜੀਤ ਸਿੰਘ ਨੇ 6 ਤੋਂ ਜਿੱਤ ਹਾਸਲ ਕੀਤੀ ਹੈ। ਵਾਰਡ ਨੰਬਰ 5 ਤੋਂ ਅਕਾਲੀ ਉਮੀਦਵਾਰ ਪ੍ਰੇਮ ਚੰਦ ਜੇਤੂ ਰਹੇ ਹਨ। 13 ਮੈਂਬਰੀ ਨਗਰ ਪੰਚਾਇਤ ਘੱਗਾ ’ਤੇ ਵੀ 8 ਮੈਂਬਰ ਦੀ ਜਿੱਤਾ ਨਾਲ ‘ਆਪ’ ਦਾ ਕਬਜ਼ਾ ਹੋ ਗਿਆ ਹੈ। ਇਥੇ ਕਾਂਗਰਸ ਦਾ ਇੱਕ ਅਤੇ ਚਾਰ ਆਜ਼ਾਦ ਉਮੀਦਵਾਰ ਜਿੱਤੇ ਹਨ।
ਪਟਿਆਲਾ ਤੋਂ ‘ਆਪ’ ਦੇ ਜੇਤੂ ਉਮੀਦਵਾਰ
‘ਆਪ’ ਦੇ ਜੇਤੂਆਂ ’ਚ ਹਰਪਾਲ ਜੁਨੇਜਾ, ਗੁਰਜੀਤ ਸਾਹਨੀ, ਤੇਜਿੰਦਰ ਮਹਿਤਾ, ਕੁੰਦਨ ਗੋਗੀਆ, ਗੁਰਕ੍ਰਿਪਾਲ ਕਸਿਆਣਾ, ਕ੍ਰਿਸ਼ਨ ਚੰਦ ਬੁੱਧੂ, ਸ਼ਿਵਰਾਜ ਸਿੰਘ ਵਿਰਕ, ਹਰਿੰਦਰ ਕੋਹਲੀ, ਜਸਬੀਰ ਗਾਂਧੀ ਸਮੇਤ ਜਤਿੰਦਰ ਕੌਰ ਐਸ.ਕੇ.,ਮਨਦੀਪ ਸਿੰਘ ਵਿਰਦੀ, ਦਵਿੰਦਰ ਕੌਰ ਖ਼ਾਲਸਾ, ਕੁਲਬੀਰ ਕੌਰ, ਸ਼ੰਕਰ ਲਾਲ ਖੁਰਾਣਾ, ਨੇਹਾ, , ਨਿਰਮਲਾ ਦੇਵੀ, ਝਿਰਮਲਜੀਤ ਕੌਰ, ਤੇਜਿੰਦਰ ਕੌਰ, ਜਸਵੰਤ ਸਿੰਘ, ਗਿਆਨ ਚੰਦ, ਵਾਸੂ ਦੇਵ, ਨਵਦੀਪ ਕੌਰ, ਰੁਪਾਲੀ ਗਰਗ, ਹਰੀ ਭਜਨ, ਨਵਦੀਪ ਕੌਰ, ਕੁਲਵੰਤ ਸਿੰਘ, ਜੋਤੀ ਮਰਵਾਹਾ, ਮੁਕਤਾ ਗੁਪਤਾ, ਪਦਮਜੀਤ ਕੌਰ, ਰੇਨੂ ਬਾਲਾ, ਜਗਤਾਰ ਸਿੰਘ ਤਾਰੀ, ਨੇਹਾ ਸਿੱਧੂ, ਜਗਮੋਹਨ ਸਿੰਘ, ਕੰਵਲਜੀਤ ਕੌਰ ਜੱਗੀ, ਰਮਿੰਦਰ ਕੌਰ ਸ਼ਾਮਲ ਹਨ। ਕਾਂਗਰਸ ਦੇ ਹਰਵਿੰਦਰ ਸ਼ੁਕਲਾ, ਨੇਹਾ ਸ਼ਰਮਾ, ਰੁਬਾਨੀਆ ਦੁੱਤਾ ਅਤੇੇ ਨਰੇਸ਼ ਕੁਮਾਰ ਦੁੱਗਲ ਜੇਤੂ ਰਹੇ ਹਨ। ਭਾਜਪਾ ਦੇ ਜੇਤੂਆਂ ’ਚ ਕਮਲੇਸ਼ ਕੁਮਾਰੀ, ਅਨਮੋਲ ਬਾਤਿਸ਼, ਅਨੁਜ ਖੋਸਲਾ ਤੇ ਵੰਦਨਾ ਜੋਸ਼ੀ ਸ਼ਾਮਲ ਹਨ। ਜਦਕਿ ਅਕਾਲੀ ਦਲ ਦੇ ਅਰਵਿੰਦਰ ਸਿੰਘ ਤੇ ਸੁਰਜੀਤ ਕੌਰ ਜਿੱਤੇ ਹਨ
ਮੁੱਖ ਮੰਤਰੀ ਦੇ ਚਹੇਤੇ ਜਰਨੈਲ ਮਨੂੰ ਹਾਰੇ
ਨਗਰ ਨਿਗਮ ਪਟਿਆਲਾ ਦੀ ਵਾਰਡ ਨੰਬਰ 40 ‘ਆਪ’ ਉਮੀਦਵਾਰ ਜਰਨੈਲ ਸਿੰਘ ਮਨੂੰ ਚੋਣ ਹਾਰ ਗਏ ਹਨ। ਉਹ ਜਿਥੇ ‘ਆਪ’ ਦੇ ਸੂਬਾਈ ਤੇ ਟਕਸਾਲੀ ਆਗੂ ਹਨ, ਉਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਜਦੀਕੀ ਤੇ ਚਹੇਤੇ ਵੀ ਹਨ। ਚੰਦ ਹੀ ਦਿਨ ਪਹਿਲਾਂ ਪਟਿਆਲਾ ’ਚ ਚੋਣ ਪ੍ਰਚਾਰ ’ਤੇ ਆਏ ਮੁੱਖ ਮੰਤਰੀ ਆਪਣੇ ਭਾਸ਼ਣ ਦੌਰਾਨ ਭਾਵੇਂ ਕਿ ਇਥੋਂ ਦੇ ਵਿਧਾਇਕ ਅਜੀਤਪਾਲ ਕੋਹਲੀ ਦਾ ਨਾਮ ਲੈਣਾ ਤਾਂ ਭੁੱਲ ਗਏ ਸਨ, ਪਰ ਉਨ੍ਹਾ ਨੇ ਉਚੇਚੇ ਤੌਰ ’ਤੇ ਜਰਨੈਲ ਮਨੂੰ ਦਾ ਨਾਮ ਲਿਆ ਸੀ।