ਪਟਿਆਲਾ ਜ਼ਿਲ੍ਹੇ ’ਚ ਭਰਵਾਂ ਮੀਂਹ
ਸਰਬਜੀਤ ਸਿੰਘ ਭੰਗੂ
ਪਟਿਆਲਾ, 28 ਦਸੰਬਰ
ਪਟਿਆਲਾ ਜ਼ਿਲ੍ਹੇ ਅੰਦਰ ਚੌਵੀ ਘੰਟਿਆਂ ’ਚ ਭਰਵਾਂ ਮੀਂਹ ਪਿਆ। ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿੱਚ ਜਿੱਥੇ ਕੱਲ੍ਹ ਰੁਕ-ਰੁਕ ਮੀਂਹ ਪੈਂਦਾ ਰਿਹਾ, ਉਥੇ ਰਾਤ ਨੂੰ ਭਰਵਾਂ ਮੀਂਹ ਪਿਆ। ਮੌਸਮ ਵਿਭਾਗ ਅਨੁਸਾਰ ਪਟਿਆਲਾ ਜ਼ਿਲ੍ਹੇ ਅੰਦਰ 24.2 ਐੱਮਐੱਮ ਮੀਂਹ ਪਿਆ। ਮੀਂਹ ਕਾਰਨ ਦਿਹਾਤੀ ਖੇਤਰਾਂ ਸਮੇਤ ਸ਼ਾਹੀ ਸ਼ਹਿਰ ਪਟਿਆਲਾ ਦੇ ਵੀ ਕਈ ਇਲਾਕਿਆਂ ’ਚ ਨੀਵੀਆਂ ਥਾਵਾਂ ’ਤੇ ਪਾਣੀ ਭਰਿਆ ਰਿਹਾ। ਭਾਵੇਂ ਇਸ ਮੀਂਹ ਨੇ ਹਰੇਕ ਵਰਗ ਨੂੰ ਹੀ ਪ੍ਰਭਾਵਿਤ ਕੀਤਾ, ਪਰ ਖਾਸ ਕਰਕੇ ਗਰੀਬ ਤਬਕੇ ਦੇ ਲੋਕ ਹੋਰ ਵੀ ਪ੍ਰਭਾਵਿਤ ਹੋਏ। ਦਿਹਾੜੀਦਾਰ ਲੋਕਾਂ ਨੂੰ ਹੋਰ ਵੀ ਡਾਢੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਝੁੱਗੀਆਂ ਝੌਪੜੀਆਂ ਤੇ ਸੜਕਾਂ ਕਿਨਾਰੇ ਰਹਿਣ ਵਾਲੇ ਲੋਕਾਂ ਨੂੰ ਮੀਂਹ ਦੌਰਾਨ ਜ਼ਿਆਦਾ ਪ੍ਰੇਸ਼ਾਨੀ ਹੋਈ। ਦੂਜੇ ਪਾਸੇ ਮੀਂਹ ਕਾਰਨ ਠੰਢ ਵਧਣ ਦੀ ਬਜਾਏ ਉਲਟਾ ਘਟ ਗਈ ਹੈ। ਕਿਉਂਕਿ ਜਿਥੇ ਕੱਲ੍ਹ ਵੱਧ ਤੋਂ ਵੱੱਧ ਤਾਪਮਾਨ 17 ਡਿਗਰੀ ਸੈਲਸੀਅਸ ਰਿਹਾ, ਉਥੇ ਹੀ ਅੱਜ ਇਹ ਵੱਧ ਤੋਂ ਵੱਧ ਤਾਪਮਾਨ 15.9 ਡਿਗਰੀ ਸੈਲਸੀਅਸ ਮਾਪਿਆ। ਇਸੇ ਤਰ੍ਹਾਂ ਕੱਲ੍ਹ ਘੱਟ ਤੋਂ ਘੱਟ ਤਾਪਮਾਨ ਕੱਲ੍ਹ 9.2 ਡਿਗਰੀ ਸੈਲਸੀਅਸ ਸੀ ਪਰ ਅੱਜ ਘੱਟ ਤੋਂ ਘੱਟ ਤਾਪਮਾਨ 13 ਡਿਗਰੀ ਸੈਲਸੀਅਸ ਰਿਹਾ। ਮਾਹਰ ਇਸ ਦਾ ਕਾਰਨ ਇਸ ਦੌਰਾਨ ਹਵਾ ਨਾ ਚੱਲਣਾ ਮੰਨ ਰਹੇ ਹਨ। ਉਧਰ ਕੱਲ੍ਹ ਨੂੰ ਹਲਕੀ ਧੁੰਦ ਪੈਣ ਦਾ ਆਸਾਰ ਹਨ ਜਦਕਿ ਅਗਲੇ ਦੋ ਦਿਨ ਮੌਸਮ ਖੁਸ਼ਕ ਰਹੇਗਾ।
ਪਟਿਆਲਾ ਵਿੱਚ ਸੜਕਾਂ ’ਤੇ ਖੜ੍ਹਾ ਮੀਂਹ ਦਾ ਪਾਣੀ।
ਸੰਗਰੂਰ (ਗੁਰਦੀਪ ਸਿੰਘ ਲਾਲੀ): ਖੇਤਰ ਵਿੱਚ ਬੀਤੀ ਰਾਤ ਤੇ ਅੱਜ ਤੜਕੇ ਹੋਈ ਬਰਸਾਤ ਅਤੇ ਹਵਾਵਾਂ ਕਾਰਨ ਠੰਢ ਹੋਰ ਵਧ ਗਈ ਹੈ। ਲੰਘੇ ਕੱਲ੍ਹ ਵੀ ਸਾਰਾ ਦਿਨ ਰੁਕ-ਰੁਕ ਕੇ ਬਰਸਾਤ ਹੁੰਦੀ ਰਹੀ। ਰਾਤ ਦੀ ਬਰਸਾਤ ਤੋਂ ਬਾਅਦ ਅੱਜ ਸਾਰਾ ਦਿਨ ਆਸਮਾਨ ਵਿਚ ਕਾਲੇ ਬੱਦਲ ਛਾਏ ਰਹੇ ਅਤੇ ਲੋਕਾਂ ਨੂੰ ਸੂਰਜ ਦੇਵਤਾ ਦੇ ਦਰਸ਼ਨ ਨਸੀਬ ਨਹੀਂ ਹੋਏ। ਪੋਹ ਮਹੀਨੇ ਦੀ ਠੰਢ ਅਤੇ ਬਰਸਾਤ ਨੂੰ ਕਣਕ ਦੀ ਫਸਲ ਲਈ ਲਾਹੇਵੰਦ ਮੰਨਿਆ ਜਾ ਰਿਹਾ ਹੈ। ਪੋਹ ਮਹੀਨੇ ਦੇ ਦੂਜੇ ਹਫ਼ਤੇ ਹੋਈ ਬਰਸਾਤ ਕਾਰਨ ਠੰਢ ਨੇ ਜ਼ੋਰ ਫੜ ਲਿਆ ਹੈ। ਲੰਘੇ ਕੱਲ੍ਹ ਮੌਸਮ ਦਾ ਬਿਗੜਿਆ ਮਿਜ਼ਾਜ ਅੱਜ ਵੀ ਸਾਰਾ ਦਿਨ ਜਾਰੀ ਰਿਹਾ। ਲੰਘੇ ਦਿਨ ਰੁਕ-ਰੁਕ ਬਰਸਾਤ ਹੁੰਦੀ ਰਹੀ ਅਤੇ ਬੀਤੀ ਰਾਤ ਵੀ ਹਲਕੀ ਤੇ ਤੇਜ਼ ਬਰਸਾਤ ਹੋਈ। ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਬੰਸ ਸਿੰਘ ਚਹਿਲ ਦਾ ਕਹਿਣਾ ਹੈ ਕਿ ਪੋਹ ਮਹੀਨੇ ਦੀ ਠੰਢ ਅਤੇ ਮੌਜੂਦਾ ਬਰਸਾਤ ਕਣਕ ਦੀ ਫਸਲ ਲਈ ਵਧੇਰੇ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਜਿੰਨ੍ਹੀ ਠੰਢ ਵੱਧ ਪਏਗੀ ਅਤੇ ਅਜਿਹਾ ਮੌਸਮ ਬਣਿਆ ਰਹੇਗਾ ਤਾਂ ਕਣਕ ਲਈ ਵਧੀਆ ਹੈ ਅਤੇ ਕਣਕ ਬੂਝਾ ਵੱਧ ਮਾਰੇਗੀ। ਜੇਕਰ ਤਾਪਮਾਨ ਵੱਧ ਰਹੇ ਤਾਂ ਕਣਕ ਦਾ ਬੂਟਾ ਡੰਡੀ ਕੱਢ ਲੈਂਦਾ ਹੈ ਜਿਸਨੂੰ ਬੱਲੀ ਆ ਜਾਂਦੀ ਹੈ। ਜੇਕਰ ਪੋਹ-ਮਾਘ ਦੇ ਮਹੀਨੇ ਠੰਢ ਪਏਗੀ ਤਾਂ ਕਣਕ ਦਾ ਬੂਟਾ ਫੈਲੇਗਾ ਅਤੇ ਵੱਧ ਝਾੜ ਦੇਵੇਗਾ।