ਪਟਿਆਲਾ ’ਚ 26 ਤੇ ਸੰਗਰੂਰ ’ਚ 49 ਨਾਮਜ਼ਦਗੀਆਂ
ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਦਸੰਬਰ
ਜ਼ਿਲ੍ਹੇ ਅੰਦਰ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀਆਂ ਆਮ ਚੋਣਾਂ ਤੇ ਉਪ ਚੋਣਾਂ ਲਈ ਨਾਮਜ਼ਦਗੀਆਂ ਦੇ ਤੀਜੇ ਦਿਨ ਅੱਜ 26 ਨਾਮਜ਼ਦਗੀਆਂ ਭਰੀ ਗਈਆਂ। ਇੰਜ, ਹੁਣ ਤੱਕ ਕੁੱਲ ਨਾਮਜ਼ਦਗੀਆਂ ਦੀ ਗਿਣਤੀ 28 ਹੋ ਗਈ ਹੈ। ਅੱਜ ਆਈਆਂ ਨਾਮਜ਼ਦਗੀਆਂ ਵਿੱਚੋਂ 13 ਨਗਰ ਨਿਗਮ ਪਟਿਆਲਾ ਲਈ ਹਨ। ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਨਗਰ ਨਿਗਮ ਪਟਿਆਲਾ ਦੀ ਵਾਰਡ ਨੰਬਰ 1 ਤੋਂ 14 ਤੱਕ ਲਈ ਰਿਟਰਨਿੰਗ ਅਫ਼ਸਰ ਆਰ.ਟੀ.ਓ. ਕੋਲ 1 ਉਮੀਦਵਾਰ ਨੇ ਨਾਮਜ਼ਦਗੀ ਭਰੀ ਹੈ। ਇਸੇ ਤਰ੍ਹਾਂ ਹੀ ਵਾਰਡ 15 ਤੋਂ 20 ਲਈ ਐੱਸ.ਡੀ.ਐੱਮ. ਪਟਿਆਲਾ ਮਨਜੀਤ ਕੌਰ ਕੋਲ 3 ਨਾਮਜ਼ਦਗੀਆਂ ਹੋਈਆਂ ਹਨ। ਵਾਰਡ ਨੰਬਰ 30 ਤੋਂ 45 ਲਈ ਪੀ.ਡੀ.ਏ. ਦੇ ਈ.ਓ.-ਕਮ-ਸਹਾਇਕ ਕਮਿਸ਼ਨਰ (ਜ) ਪਟਿਆਲਾ ਰਿਚਾ ਗੋਇਲ ਕੋਲ 8 ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਹਨ। ਇਸੇ ਤਰ੍ਹਾਂ ਵਾਰਡ ਨੰਬਰ 46 ਤੋਂ 60 ਐੱਸ.ਡੀ.ਐੱਮ. ਨਾਭਾ ਰਿਟਰਨਿੰਗ ਅਫ਼ਸਰ ਡਾ. ਇਸਮਤ ਵਿਜੇ ਸਿੰਘ ਕੋਲ 1 ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ। ਨਗਰ ਪੰਚਾਇਤ ਭਾਦਸੋਂ ਲਈ ਅੱਜ 2 ਹੋਰ ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕਰਵਾਈਆਂ ਹਨ ਜਦਕਿ 2 ਨਾਮਜਦਗੀਆਂ ਕੱਲ੍ਹ ਵੀ ਆਈਆਂ ਸਨ। ਨਗਰ ਕੌਂਸਲ ਸਨੌਰ ਦੀਆਂ 15 ਵਾਰਡਾਂ ਵਿੱਚੋਂ ਅੱਜ ਸਿਰਫ਼ ਇੱਕ ਵਾਰਡ ਲਈ ਇੱਕ ਅਤੇ ਨਗਰ ਪੰਚਾਇਤ ਘੱਗਾ ਦੀਆਂ 13 ਵਾਰਡਾਂ ਲਈ 3, ਨਗਰ ਪੰਚਾਇਤ ਘਨੌਰ ਦੇ 11 ਵਾਰਡਾਂ ਲਈ 5 ਅਤ ਨਗਰ ਕੌਂਸਲ ਪਾਤੜਾਂ ਦੀ ਵਾਰਡ ਨੰਬਰ 12 ਲਈ 2 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਫਾਰਮ ਭਰੇ ਹਨ।
ਸੰਗਰੂਰ (ਗੁਰਦੀਪ ਸਿੰਘ ਲਾਲੀ): ਜ਼ਿਲ੍ਹਾ ਸੰਗਰੂਰ ਵਿੱਚ 21 ਦਸੰਬਰ ਨੂੰ ਹੋਣ ਵਾਲੀਆਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਆਮ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਤੀਜੇ ਦਿਨ ਅੱਜ ਕੁੱਲ 49 ਉਮੀਦਵਾਰਾਂ ਵੱਲੋਂ ਆਪਣੇ ਵਾਰਡਾਂ ਲਈ ਕਾਗਜ਼ ਦਾਖਲ ਕਰਵਾਏ ਗਏ ਹਨ ਜਦੋਂਕਿ ਦੂਜੇ ਦਿਨ ਇੱਕ ਉਮੀਦਵਾਰ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਸਨ ਜਿਸ ਕਾਰਨ ਹੁਣ ਤੱਕ ਨਾਮਜ਼ਦਗੀ ਪੱਤਰ ਭਰਨ ਵਾਲੇ ਉਮੀਦਵਾਰਾਂ ਦੀ ਕੁੱਲ ਗਿਣਤੀ 50 ਹੋ ਗਈ ਹੈ।
ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਏਡੀਸੀ ਵਿਕਾਸ ਸੁਖਚੈਨ ਸਿੰਘ ਪਾਪੜਾ ਨੇ ਦੱਸਿਆ ਕਿ ਨਗਰ ਕੌਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਜ਼ਿਲ੍ਹੇ ਵਿਚ ਅੱਜ ਤੀਜੇ ਦਿਨ 49 ਉਮੀਦਵਾਰਾਂ ਨੇ ਕਾਗਜ਼ ਦਾਖਲ ਕਰਵਾਏ ਹਨ। ਹੁਣ ਤੱਕ ਕੁੱਲ 50 ਉਮੀਦਵਾਰਾਂ ਵਲੋਂ ਕਾਗਜ਼ ਦਾਖਲ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਸੰਗਰੂਰ ਦੇ ਵਾਰਡ ਨੰਬਰ 1 ਤੋਂ 15 ਵਿੱਚ ਕੁੱਲ 9 ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ ਹਨ ਜਦੋਂ ਕਿ ਵਾਰਡ ਨੰਬਰ 16 ਤੋਂ 29 ਨੰਬਰ ਵਾਰਡਾਂ ਵਿੱਚ ਕੁੱਲ 5 ਉਮੀਦਵਾਰਾਂ ਵੱਲੋਂ ਕਾਗਜ਼ ਦਾਖਲ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਦਿੜ੍ਹਬਾ ਦੇ ਕੁੱਲ 13 ਵਾਰਡਾਂ ’ਚੋ ਸਿਰਫ਼ ਉਮੀਦਵਾਰ ਨੇ ਕਾਗਜ਼ ਭਰੇ ਹਨ ਜਦਕਿ ਨਗਰ ਪੰਚਾਇਤ ਮੂਨਕ ਦੇ ਕੁੱਲ 13 ਵਾਰਡਾਂ ਲਈ ਅੱਜ 8 ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ ਹਨ।
ਇਸੇ ਤਰ੍ਹਾਂ ਨਗਰ ਪੰਚਾਇਤ ਖਨੌਰੀ ਦੇ 13 ਵਾਰਡ ਹਨ ਜਿਨ੍ਹਾਂ ਲਈ 25 ਉਮੀਦਵਾਰਾਂ ਨੇ ਕਾਗਜ਼ ਭਰੇ ਹਨ। ਨਗਰ ਕੌਂਸਲ ਸੁਨਾਮ ਦੇ ਇੱਕ ਵਾਰਡ ’ਚ ਹੋਣ ਵਾਲੀ ਉਪ ਚੋਣ ਲਈ ਅਜੇ ਤੱਕ ਕੋਈ ਨਾਮਜ਼ਦਗੀ ਪ੍ਰਾਪਤ ਨਹੀਂ ਹੋਈ। ਨਗਰ ਕੌਂਸਲ ਧੂਰੀ ਦੀ ਉਪ ਚੋਣ ਲਈ ਕੁੱਲ 2 ਉਮੀਦਵਾਰ ਆਪਣੇ ਕਾਗਜ਼ ਦਾਖਲ ਕਰਵਾ ਚੁੱਕੇ ਹਨ।
ਮਾਲੇਰਕੋਟਲਾ ਵਿੱਚ ਕਿਸੇ ਉਮੀਦਵਾਰ ਨੇ ਨਾਮਜ਼ਦਗੀ ਨਾ ਭਰੀ
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂੁ): ਨਗਰ ਕੌਂਸਲ ਮਾਲੇਰਕੋਟਲਾ ਦੇ ਵਾਰਡ ਨੰਬਰ 18 ਦੀ ਉਪ ਚੋਣ ਦੀਆਂ ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ 9 ਦਸੰਬਰ ਤੋਂ ਸ਼ੁਰੂ ਹੋ ਚੁੱਕੀ ਹੈ। ਨਾਮਜ਼ਦਗੀਆਂ ਭਰਨ ਦੇ ਤੀਸਰੇ ਦਿਨ ਵੀ ਕਿਸੇ ਵੀ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕੀਤੇ। ਰਿਟਰਨਿੰਗ ਅਫ਼ਸਰ-ਕਮ-ਉਪ ਮੰਡਲ ਮੈਜਿਸਟਰੇਟ ਹਰਬੰਸ ਸਿੰਘ ਨੇ ਦੱਸਿਆ ਕਿ 12 ਦਸੰਬਰ ਨਾਮਜ਼ਦਗੀਆਂ ਭਰਨ ਦੀ ਆਖ਼ਰੀ ਮਿਤੀ ਹੋਵੇਗੀ। ਨਾਮਜ਼ਦਗੀਆਂ ਦੀ ਪੜਤਾਲ 13 ਦਸੰਬਰ ਨੂੰ ਕੀਤੀ ਜਾਵੇਗੀ ਜਦੋਂ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਤਰੀਕ 14 ਦਸੰਬਰ ਹੈ। ਵੋਟਾਂ ਪੈਣ ਦਾ ਕਾਰਜ ਮਿਤੀ 21 ਦਸੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਾਰਡ ਨੰਬਰ 18 ਵਿੱਚ 2768 ਵੋਟਰ ਹਨ, ਜਿਨ੍ਹਾਂ ਵਿੱਚ 1429 ਪੁਰਸ਼ ਵੋਟਰ ਤੇ 1339 ਮਹਿਲਾ ਵੋਟਰ ਹਨ। ਵੋਟਰਾਂ ਦੀ ਸਹੂਲਤ ਲਈ ਤਿੰਨ ਪੋਲਿੰਗ ਸਟੇਸ਼ਨ ਸਥਾਨਕ ਐੱਸ.ਏ.ਜੈੱਨ ਹਾਈ ਸਕੂਲ (ਲੜਕੇ) ਵਿੱਚ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦੇ ਉਮੀਦਵਾਰ ਲਈ ਖ਼ਰਚੇ ਦੀ ਹੱਦ 3.60 ਲੱਖ ਰੁਪਏ ਨਿਰਧਾਰਤ ਕੀਤੀ ਗਈ ਹੈ।