ਨੁਹਾਰ
ਆਪਣੇ ਸਾਹਿਤਕ ਮਿੱਤਰ ਨਾਲ ਬੀਐੱਡ ਕਾਲਜ ਜਾਣ ਦਾ ਸਬੱਬ ਬਣਿਆ। ਹਰਿਆ ਭਰਿਆ ਕਾਲਜ ਪਹਿਲੀ ਨਜ਼ਰੇ ਹੀ ਮਨ ਨੂੰ ਭਾਅ ਗਿਆ। ਕਾਲਜ ਦੇ ਮਿਲਣਸਾਰ ਪ੍ਰਿੰਸੀਪਲ ਨੇ ਮਿੱਤਰ ਦਾ ਕੰਮ ਸਾਡੇ ਚਾਹ ਪੀਂਦਿਆਂ ਹੀ ਕਰਵਾ ਦਿੱਤਾ। ਵਾਪਸੀ ’ਤੇ ਉਹ ਸਾਨੂੰ ਕਾਲਜ ਦੀ ਲਾਇਬ੍ਰੇਰੀ ਲੈ ਗਏ। ਸਾਹਿਤਕਾਰਾਂ ਦੀਆਂ ਤਸਵੀਰਾਂ ਨਾਲ ਸਜੀ ਫ਼ਬੀ ਲਾਇਬ੍ਰੇਰੀ ਨੇ ਸਵਾਗਤ ਕੀਤਾ। ਪੁਸਤਕਾਂ ਨਾਲ ਭਰੀਆਂ ਅਲਮਾਰੀਆਂ ਪ੍ਰਸੰਨ ਨਜ਼ਰ ਆਈਆਂ। ਉੱਥੇ ਬੈਠ ਪੁਸਤਕਾਂ ਪੜ੍ਹ ਰਹੇ ਵਿਦਿਆਰਥੀ ਅਧਿਆਪਕ ਜ਼ਿੰਦਗੀ ਦਾ ਸਬਕ ਲੈਂਦੇ ਪ੍ਰਤੀਤ ਹੋਏ।
ਪ੍ਰਿੰਸੀਪਲ ਨੇ ਸਾਨੂੰ ਲਾਇਬ੍ਰੇਰੀ ਬੈਠੀਆਂ ਆਪਣੀਆਂ ਵਿਦਿਆਰਥਣਾਂ ਨਾਲ ਮਿਲਾਇਆ: “ਇਹ ਸਾਡੇ ਕਾਲਜ ਦੀ ਸਾਹਿਤ ਸਭਾ ਨਾਲ ਜੁੜੀਆਂ ਲੜਕੀਆਂ ਹਨ। ਕਾਲਜ ਵਿੱਚ ਹੋਣ ਵਾਲੇ ਸਾਰੇ ਸਮਾਰੋਹਾਂ ਵਿੱਚ ਇਹ ਕਲਾ ਤੇ ਸਾਹਿਤ ਦਾ ਰੰਗ ਭਰ ਕੇ ਯਾਦਗਾਰੀ ਬਣਾ ਦਿੰਦੀਆਂ।” ਪ੍ਰਿੰਸੀਪਲ ਦੇ ਇੰਨਾ ਕਹਿੰਦਿਆਂ ਹੀ ਇੱਕ ਵਿਦਿਆਰਥਣ ਉੱਠ ਕੇ ਮੇਰੇ ਕੋਲ ਆਈ ਤੇ ਕਹਿਣ ਲੱਗੀ, “ਸਰ ਪਛਾਣਿਆ ਮੈਨੂੰ?... ਮੈਂ ਸੁਨੀਤਾ। ਤੁਹਾਡੇ ਕੋਲ ਨੌਵੀਂ ਦਸਵੀਂ ਜਮਾਤ ਵਿੱਚ ਪੜ੍ਹੀ ਹਾਂ। ਸ਼ਾਇਦ ਤੁਹਾਨੂੰ ਯਾਦ ਹੋਵੇ, ਮੇਰਾ ਲਗਾਤਾਰ ਗੈਰ-ਹਾਜ਼ਰੀ ਕਾਰਨ ਸਕੂਲੋਂ ਨਾਂ ਕੱਟਿਆ ਗਿਆ ਸੀ। ਤੁਸੀਂ ਮੇਰਾ ਨਾਂ ਮੁੜ ਦਾਖਲ ਕਰਵਾਉਣ ਤੇ ਸਾਡੇ ਘਰ ਦੀ ਮੁਸ਼ਕਿਲ ਹੱਲ ਕਰਨ ਵਿੱਚ ਸਹਿਯੋਗ ਕੀਤਾ ਸੀ।”
ਮੇਰੇ ਜ਼ਿਹਨ ਵਿੱਚ ਸੁਨੀਤਾ ਦੇ ਸਕੂਲੀ ਦਿਨ ਸਾਕਾਰ ਹੋਣ ਲੱਗੇ। ਉਦੋਂ ਉਹ ਨੌਵੀਂ ਕਲਾਸ ਦੀ ਵਿਦਿਆਰਥਣ ਸੀ। ਆਗਿਆਕਾਰ ਤੇ ਪੜ੍ਹਨ ਵਿੱਚ ਹੁਸ਼ਿਆਰ। ਸਕੂਲ ਦੀ ਲਾਇਬ੍ਰੇਰੀ ਉਸ ਦੀ ਮਨਪਸੰਦ ਜਗ੍ਹਾ ਸੀ। ਅਕਸਰ ਸਵੇਰ ਦੀ ਸਭਾ ਵਿੱਚ ਬੋਲਦੀ। ਖੁਸ਼ੀ ਨਾਲ ਪੜ੍ਹਨ ਲਿਖਣ ਵਿੱਚ ਸਹਿਪਾਠਣਾਂ ਦਾ ਹੱਥ ਵਟਾਉਂਦੀ। ਨੌਵੀਂ ਕਲਾਸ ਵਿੱਚੋਂ ਵੀ ਉਹ ਪਹਿਲੇ ਨੰਬਰ ’ਤੇ ਰਹੀ। ਦਸਵੀਂ ਕਲਾਸ ਵਿੱਚ ਦਾਖਲੇ ਵਕਤ ਉਸ ਦਾ ਪਿਤਾ ਸਕੂਲ ਆਇਆ। ਉਹ ਆਪਣੀ ਧੀ ਸੁਨੀਤਾ ਦੀ ਮਿਹਨਤ ਤੋਂ ਖੁਸ਼ ਸੀ ਪਰ ਆਪਣੇ ਘਰ ਦੀਆਂ ਹਾਲਤਾਂ ਤੋਂ ਚਿੰਤਤ ਸੀ।
ਦਸਵੀਂ ਵਿੱਚ ਵੀ ਸੁਨੀਤਾ ਨੇ ਮਿਹਨਤ ਜਾਰੀ ਰੱਖੀ। ਸਾਰੇ ਅਧਿਆਪਕਾਂ ਨੂੰ ਉਸ ਤੋਂ ਚੰਗੇ ਅੰਕ ਲੈ ਕੇ ਮੈਰਿਟ ਲਿਸਟ ਵਿੱਚ ਆਉਣ ਦੀ ਆਸ ਸੀ ਪਰ ਉਹ ਅਚਾਨਕ ਹਫ਼ਤਾ ਭਰ ਸਕੂਲ ਨਹੀਂ ਆਈ। ਉਸ ਦੀ ਜਮਾਤ ਦੀਆਂ ਸਹੇਲੀਆਂ ਤੋਂ ਉਸ ਦੀ ਘਰੇਲੂ ਮੁਸ਼ਕਿਲ ਬਾਰੇ ਪਤਾ ਲੱਗਿਆ। ਸਕੂਲ ਦੀ ਸਾਲਾਨਾ ਚੈਕਿੰਗ ਕਾਰਨ ਇੰਚਾਰਜ ਅਧਿਆਪਕ ਨੇ ਲਗਾਤਾਰ ਗੈਰ-ਹਾਜ਼ਰੀ ਕਾਰਨ ਸੁਨੀਤਾ ਦਾ ਨਾਂ ਕੱਟ ਦਿੱਤਾ। ਅਗਲੇ ਦਿਨ ਉਸ ਦਾ ਪਿਤਾ ਸਕੂਲ ਆਇਆ, ਪ੍ਰਿੰਸੀਪਲ ਨੂੰ ਮਿਲਿਆ। ਮੁੜਦੇ ਵਕਤ ਉਹ ਲਾਇਬ੍ਰੇਰੀ ਕੋਲ ਮੈਨੂੰ ਮਿਲ ਗਿਆ। ਉਹਦੇ ਚਿਹਰੇ ’ਤੇ ਝਲਕਦੀ ਨਿਰਾਸ਼ਾ ਨੇ ਮੈਨੂੰ ਹਲੂਣਿਆ। ਮਨ ਅੰਦਰੋਂ ਇਹ ਖ਼ਿਆਲ ਆਇਆ, “ਅਧਿਆਪਕ ਦਾ ਕੰਮ ਕੇਵਲ ਪੜ੍ਹਾਉਣਾ ਨਹੀਂ ਹੁੰਦਾ, ਆਪਣੇ ਵਿਦਿਆਰਥੀਆਂ ਨੂੰ ਰਸਤਾ ਵੀ ਦਿਖਾਉਣਾ ਹੁੰਦਾ। ਕਿਸੇ ਔਕੜ ਵਿੱਚ ਉਨ੍ਹਾਂ ਦੀ ਅਗਵਾਈ ਵੀ ਅਧਿਆਪਕ ਦੇ ਹਿੱਸੇ ਦਾ ਕੰਮ ਹੁੰਦਾ ਹੈ। ਉਂਝ ਵੀ ਹੋਰਾਂ ਦੇ ਕੰਮ ਆਉਣਾ ਮਨੁੱਖੀ ਜੀਵਨ ਦਾ ਸਰਮਾਇਆ ਹੁੰਦਾ।”
ਮੈਂ ਸੁਨੀਤਾ ਦੇ ਪਿਤਾ ਨੂੰ ਆਪਣੇ ਕੋਲ ਬਿਠਾਇਆ। ਹੌਸਲਾ ਦਿੰਦਿਆਂ ਉਸ ਦੀ ਮੁਸ਼ਕਿਲ ਬਾਰੇ ਪੁੱਛਣ ’ਤੇ ਉਹਨੇ ਦੱਸਿਆ, “ਬਿਜਲੀ ਬੋਰਡ ਵਿੱਚ ਗੁਜ਼ਾਰੇ ਜੋਗੀ ਨੌਕਰੀ ਕਰਦਾਂ। ਅਚਾਨਕ ਮੇਰੇ ਘਰੋਂ ਬਿਮਾਰ ਹੋਈ ਤਾਂ ਮਜਬੂਰੀ ਵਿੱਚ ਉਸ ਦੀ ਸਾਂਭ-ਸੰਭਾਲ ਲਈ ਸੁਨੀਤਾ ਨੂੰ ਘਰੇ ਰਹਿਣਾ ਪਿਆ। ਮੇਰੇ ਮਾਂ-ਬਾਪ ਛੋਟੇ ਭਰਾ ਨਾਲ ਗੁਆਂਢ ਵਿੱਚ ਹੀ ਰਹਿੰਦੇ, ਉਹ ਸਾਨੂੰ ਡਾਕਟਰੀ ਇਲਾਜ ਤੋਂ ਹਟਾ ਕੇ ਆਪਣੇ ਜਾਣਕਾਰ ਬਾਬੇ ਕੋਲ ਲੈ ਗਏ। ਪੈਸਾ ਵੀ ਗੁਆਇਆ ਤੇ ਘਰ ਦਾ ਸੁਖ ਚੈਨ ਵੀ ਗਿਆ। ਮਾਂ-ਬਾਪ ਵੀ ਮੇਰੇ ਉਲਟ ਹੋ ਗਏ, ਉਹ ਕਹਿੰਦੇ- ਤੁਸੀਂ ਪੂਰਾ ਇਲਾਜ ਕਰਵਾਏ ਬਿਨਾਂ ਹੀ ਬਾਬੇ ਨੂੰ ਜਵਾਬ ਦੇ ਦਿੱਤਾ। ਉਹ ਆਪਣੀ ‘ਕ੍ਰੋਪੀ’ ਨਾਲ ਤੁਹਾਥੋਂ ਇਲਾਵਾ ਸਾਡਾ ਵੀ ਨੁਕਸਾਨ ਕਰੇਗਾ।... ਉਨ੍ਹਾਂ ਦੇ ਬੇਲੋੜੇ ਦਖਲ ਨਾਲ ਘਰ ਦਾ ਮਾਹੌਲ ਡਰ ਤੇ ਸਹਿਮ ਵਿੱਚ ਬਦਲ ਗਿਆ। ਘਰੇ ਸਾਰਾ ਦਿਨ ਤਲਖ਼ੀ ਰਹਿੰਦੀ। ਬੱਚਿਆਂ ਦੀ ਖਰਾਬ ਹੋ ਰਹੀ ਪੜ੍ਹਾਈ ਦੀ ਚਿੰਤਾ ਵੀ ਬੇਚੈਨ ਕਰਦੀ ਹੈ।”
ਮੈਂ ਜਿੰਨੀ ਜਲਦੀ ਹੋ ਸਕੇ, ਸੁਨੀਤਾ ਨੂੰ ਮੁੜ ਸਕੂਲ ਭੇਜਣ ਦੀ ਤਾਕੀਦ ਕੀਤੀ। ਨਾਲ ਹੀ ਘਰਦਿਆਂ ਦੇ ਡਾਕਟਰੀ ਇਲਾਜ ਨੂੰ ਪਹਿਲ ਦੇਣ ਲਈ ਪ੍ਰੇਰਿਆ। ਆਪਣੇ ਵੱਲੋਂ ਘਰ ਦਾ ਮਾਹੌਲ ਸੁਖਾਵਾਂ ਕਰਨ ਲਈ ਸਹਿਯੋਗ ਕਰਨ ਦਾ ਭਰੋਸਾ ਵੀ ਦਿਵਾਇਆ।
ਦੋ ਕੁ ਦਿਨਾਂ ਬਾਅਦ ਸੁਨੀਤਾ ਦਾ ਪਿਤਾ ਉਹਨੂੰ ਮੁੜ ਦਸਵੀਂ ਕਲਾਸ ਵਿੱਚ ਦਾਖਲ ਕਰਵਾ ਗਿਆ। ਘਰ ਦਾ ਮਾਹੌਲ ਭਰਮ ਮੁਕਤ ਕਰਨ ਲਈ ਮੈਂ ਕੌਂਸਲਿੰਗ ਵਾਸਤੇ ਉਹਨੂੰ ਤਰਕਸ਼ੀਲਾਂ ਦੇ ਬਰਗਾੜੀ ਮਸ਼ਵਰਾ ਕੇਂਦਰ ਜਾਣ ਦਾ ਸੁਝਾਅ ਦਿੱਤਾ। ਉਹ ਦੋ ਹਫ਼ਤੇ ਕੇਂਦਰ ਜਾਂਦੇ ਰਹੇ। ਘਰ ਦਾ ਮਾਹੌਲ ਸੁਖਾਵੇਂ ਰੁਖ਼ ਕਰਵਟ ਲੈਣ ਲੱਗਾ। ਸੁਨੀਤਾ ਨੇ ਆਪਣੀ ਸਖ਼ਤ ਮਿਹਨਤ ਨਾਲ ਆਪਣੀ ਪੜ੍ਹਾਈ ਦਾ ਮੁਕਾਮ ਮੁੜ ਹਾਸਲ ਕਰ ਲਿਆ। ਇੱਕ ਦਿਨ ਉਹਨੇ ਮੇਰੇ ਨਾਲ ਖੁਸ਼ੀ ਦੀ ਇਹ ਗੱਲ ਸਾਂਝੀ ਕੀਤੀ, “ਮਾਤਾ ਜੀ ਹੁਣ ਬਿਲਕੁਲ ਠੀਕ ਹਨ। ਮਸ਼ਵਰਾ ਕੇਂਦਰ ਤੋਂ ਮਿਲੀ ਪ੍ਰੇਰਨਾ ਨਾਲ ਸਾਡੇ ਘਰ ਦੇ ਮਾਹੌਲ ਵਿੱਚ ਖੁਸ਼ੀ ਪਰਤ ਆਈ ਹੈ।”
ਦਸਵੀਂ ਦੇ ਪੇਪਰਾਂ ਵਿੱਚੋਂ ਸੁਨੀਤਾ ਅਵੱਲ ਰਹੀ ਤੇ ਮੈਰਿਟ ਵਿੱਚ ਸਥਾਨ ਹਾਸਲ ਕੀਤਾ। ਉਸੇ ਸਾਲ ਮੈਂ ਆਪਣੀ ਬਦਲੀ ਤੋਂ ਬਾਅਦ ਪਿੰਡ ਪਰਤ ਆਇਆ।
ਪਿਛਲੇ ਸਾਲ ਮੈਂ ਆਪਣੀ ਧੀ ਦੀ ਅਧਿਆਪਕਾ ਵਜੋਂ ਚੋਣ ਹੋਣ ’ਤੇ ਉਹਦੇ ਨਾਲ ਸਿੱਖਿਆ ਬੋਰਡ ਦੇ ਦਫਤਰ ਪਹੁੰਚਿਆ। ਨਿਯੁਕਤੀ ਪੱਤਰ ਲੈਣ ਆਏ ਅਧਿਆਪਕਾਂ ਵਿੱਚ ਮੈਨੂੰ ਆਪਣੇ ਪਿਤਾ ਨਾਲ ਆਈ ਸੁਨੀਤਾ ਵੀ ਮਿਲੀ। ਉਨ੍ਹਾਂ ਦੀ ਖੁਸ਼ੀ ਮੇਰੇ ਮਨ ਦਾ ਸਕੂਨ ਬਣੀ। ਮੈਂ ਸੁਨੀਤਾ ਦੀ ਸਫਲਤਾ ਵਿੱਚੋਂ ਮਾਣ ਮੱਤੀ, ਚੰਗੇਰੀ ਜ਼ਿੰਦਗੀ ਦੀ ਨੁਹਾਰ ਦੇਖ ਰਿਹਾ ਸਾਂ।
ਸੰਪਰਕ: 78140-77120