ਨੁਸ਼ਿਹਰਾ ਪੱਤਣ ’ਚ ਨਵਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ
ਪੱਤਰ ਪ੍ਰੇਰਕ
ਮੁਕੇਰੀਆਂ, 13 ਜਨਵਰੀ
ਨੇੜਲੇ ਪਿੰਡ ਨੁਸ਼ਿਹਰਾ ਪੱਤਣ ਵਿੱਚ ਪਿੰਡ ਦੀਆਂ ਧੀਆਂ ਵੱਲੋਂ ਆਪਣੀਆਂ ਇਸੇ ਸਾਲ ਜੰਮੀਆਂ ਕਰੀਬ 11 ਛੋਟੀਆਂ ਭੈਣਾਂ ਦੀ ਲੋਹੜੀ ਮਨਾਉਣ ਲਈ ਸਮਾਗਮ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡੀਐੱਸਪੀ ਮੁਕੇਰੀਆਂ ਕੁਲਵਿੰਦਰ ਸਿੰਘ ਵਿਰਕ ਨੇ ਸ਼ਿਰਕਤ ਕਰਦਿਆਂ ਲੋਹੜੀ ਵੰਡੀ।
ਇਸ ਮੌਕੇ ਪਿੰਡ ਦੇ ਬਜ਼ੁਰਗਾਂ ਨਿਰਮਲ ਸਿੰਘ, ਮਹਿੰਦਰ ਸਿੰਘ ਅਤੇ ਮਾਤਾ ਗੁਰਮੀਤ ਕੌਰ ਦੀ ਅਗਵਾਈ ਵਿੱਚ ਸਮਾਗਮ ਕੀਤਾ ਗਿਆ, ਜਿਸ ਦੌਰਾਨ ਆਸ਼ਾ ਵਰਕਰਾਂ ਦੀ ਅਗਵਾਈ ਵਿੱਚ ਪਿੰਡ ਦੀਆਂ ਨਵਜੰਮੀਆਂ ਕਰੀਬ 11 ਬੱਚੀਆਂ ਨੂੰ ਲੋਹੜੀ ਵੰਡੀ ਗਈ ਅਤੇ ਸ਼ਗਨ ਦਿੱਤਾ ਗਿਆ। ਲੋਹੜੀ ਦੀ ਸ਼ੁਰੂਆਤ ਪਿੰਡ ਦੇ ਬਜ਼ੁਰਗਾਂ ਤੇ ਧੀਆਂ ਵੱਲੋਂ ਅਗਨੀ ਵਿੱਚ ਤਿਲ ਚੌਲੀ ਪਾ ਕੇ ਕੀਤੀ ਗਈ। ਡੀਐੱਸਪੀ ਕੁਲਵਿੰਦਰ ਸਿੰਘ ਵਿਰਕ ਨੇ ਇਸ ਨੂੰ ਸ਼ੁਭ ਸ਼ਗਨ ਦੱਸਦਿਆਂ ਕਿਹਾ ਕਿ ਵੱਡੀ ਭੈਣਾਂ ਵੱਲੋਂ ਆਪਣੀਆਂ ਛੋਟੀਆਂ ਭੈਣਾਂ ਦੀ ਲੋਹੜੀ ਮਨਾਉਣਾ ਸਮਾਜ ਲਈ ਚੰਗਾ ਸੰਦੇਸ਼ ਹੈ। ਉਨ੍ਹਾਂ ਨਵਜੰਮੀਆਂ ਧੀਆਂ ਦੇ ਮਾਪਿਆਂ ਸਮੇਤ ਸਮੂਹ ਪਿੰਡ ਵਾਸੀਆਂ ਨੂੰ ਲੋਹੜੀ ਦੀ ਵਧਾਈ ਦਿੰਦਿਆਂ ਕਿਹਾ ਕਿ ਹੋਰ ਪਿੰਡਾਂ ਦੇ ਲੋਕਾਂ ਨੂੰ ਵੀ ਇਸ ਤੋਂ ਸੇਧ ਲੈ ਕੇ ਚੰਗੇ ਸਮਾਜ ਦੀ ਸਿਰਜਣਾ ਵੱਲ ਵਧਣਾ ਚਾਹੀਦਾ ਹੈ।