Punjab News: ਹੁਸ਼ਿਆਰਪੁਰ ਦੇ ਜੰਗਲ ’ਚ ਲੋਹੇ ਦੀ ਤਾਰ ਵਿਚ ਫਸਣ ਕਾਰਨ ਤੇਂਦੂਏ ਦੀ ਮੌਤ
ਬੀਰਮਪੁਰ ਜੰਗਲੀ ਇਲਾਕੇ ’ਚ ਵਾਪਰੀ ਘਟਨਾ; ਪੁਲੀਸ ਵੱਲੋਂ ਜੰਗਲੀ ਜੀਵ ਸੁਰੱਖਿਆ ਐਕਟ ਤਹਿਤ ਕੇਸ ਦਰਜ ਕਰ ਕੇ ਜਾਂਚ ਜਾਰੀ
ਹੁਸ਼ਿਆਰਪੁਰ, 14 ਜਨਵਰੀ
ਪੁਲੀਸ ਨੇ ਮੰਗਲਵਾਰ ਨੂੰ ਦੱਸਿਆ ਕਿ ਇੱਥੇ ਬੀਰਮਪੁਰ ਜੰਗਲੀ ਇਲਾਕੇ (Birampur forest area) ਵਿੱਚ ਸਫ਼ੈਦਿਆਂ ਦੇ ਇਕ ਬਾਗ ਦੇ ਆਲੇ ਦੁਆਲੇ ਲਾਈ ਗਈ ਲੋਹੇ ਦੀ ਤਾਰ ਦੀ ਵਾੜ ਵਿੱਚ ਫਸਣ ਕਾਰਨ ਇਕ ਤੇਂਦੂਏ ਦੀ ਮੌਤ ਹੋ ਗਈ। ਇਹ ਤੇਂਦੂਆ ਸੋਮਵਾਰ ਸਵੇਰੇ ਘਟਨਾ ਸਥਾਨ ’ਤੇ ਮ੍ਰਿਤਕ ਪਾਇਆ ਗਿਆ।
ਇਹ ਘਟਨਾ ਸੋਮਵਾਰ ਨੂੰ ਉਦੋਂ ਸਾਹਮਣੇ ਆਈ ਜਦੋਂ ਗੜ੍ਹਸ਼ੰਕਰ ਦੇ ਜੰਗਲਾਤ ਰੇਂਜ ਅਧਿਕਾਰੀ ਰਾਜਪਾਲ ਸਿੰਘ (Garhshankar Forest Range Officer Rajpal Singh) ਅਤੇ ਵਣ ਗਾਰਡ ਰਮਨਪ੍ਰੀਤ ਕੌਰ (Forest Guard Ramanpreet Kaur) ਨੇ ਪੁਲੀਸ ਨੂੰ ਇਸ ਬਾਰੇ ਸੂਚਿਤ ਕੀਤਾ।
ਰਾਜਪਾਲ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਪੁਲੀਸ ਨੇ ਜੰਗਲੀ ਜੀਵ ਸੁਰੱਖਿਆ ਐਕਟ, 2022 ਦੀ ਉਲੰਘਣਾ ਦੇ ਸਬੰਧ ਵਿੱਚ ਸਬੰਧਤ ਬਾਗ਼ ਦੇ ਮਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਕਿਹਾ ਕਿ ਤੇਂਦੂਏ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ