‘ਨਿਊਯਾਰਕ ਟਾਈਮਜ਼’ ਨੂੰ ਚਾਰ ਤੇ ‘ਨਿਊ ਯਾਰਕਰ’ ਨੂੰ ਤਿੰਨ ਪੁਲਿਤਜ਼ਰ ਪੁਰਸਕਾਰ
ਵਾਸ਼ਿੰਗਟਨ, 6 ਮਈ
ਸ਼ਾਨਦਾਰ ਪੱਤਰਕਾਰੀ ਲਈ ‘ਨਿਊਯਾਰਕ ਟਾਈਮਜ਼’ ਅਖ਼ਬਾਰ ਨੇ ਚਾਰ ਅਤੇ ‘ਨਿਊ ਯਾਰਕਰ’ ਮੈਗਜ਼ੀਨ ਨੇ ਤਿੰਨ ‘ਪੁਲਿਤਜ਼ਰ ਪੁਰਸਕਾਰ 2025’ ਜਿੱਤੇ ਹਨ। ਇਸੇ ਤਰ੍ਹਾਂ ਖ਼ਬਰ ਏਜੰਸੀ ‘ਰਾਇਟਰਜ਼’ ਨੂੰ ਖੋਜੀ ਪੱਤਰਕਾਰੀ ਲਈ ਇਹ ਵੱਕਾਰੀ ਪੁਰਸਕਾਰ ਮਿਲਿਆ ਹੈ। ਉਸ ਨੇ ਫੈਂਟਾਨਾਈਲ ਬਣਾਉਣ ਲਈ ਵਰਤੇ ਜਾਂਦੇ ਰਸਾਇਣਾਂ ਦੇ ਕੌਮਾਂਤਰੀ ਵਪਾਰ ਨੂੰ ਉਜਾਗਰ ਕੀਤਾ ਸੀ। ਇਹ ਦਵਾਈ ਉਸ ਸੰਕਟ ਦਾ ਕੇਂਦਰ ਹੈ ਜਿਸ ਨੇ ਲਗਪਗ ਸਾਢੇ ਚਾਰ ਲੱਖ ਅਮਰੀਕੀਆਂ ਦੀ ਜਾਨ ਲੈ ਲਈ ਹੈ ਅਤੇ ਇਹ ਗਿਣਤੀ ਵਧਦੀ ਜਾ ਰਹੀ ਹੈ। ਰਾਇਟਰਜ਼ ਦਾ ਸਾਲ 2008 ਤੋਂ ਇਹ 13ਵਾਂ ਪੁਲਿਤਜ਼ਰ ਹੈ। ‘ਦਿ ਟਾਈਮਜ਼’ ਨੇ ਵੀ ਬਾਲਟੀਮੋਰ ਬੈਨਰ ਨਾਲ ਮਿਲ ਕੇ ਫੈਂਟਾਨਾਈਲ ਸੰਕਟ ਦੀ ਆਪਣੀ ਕਵਰੇਜ ਲਈ ਪੁਰਸਕਾਰ ਜਿੱਤਿਆ ਹੈ।
‘ਵਾਸ਼ਿੰਗਟਨ ਪੋਸਟ’ ਨੇ ਟਰੰਪ ਦੀ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ ਦੀ ‘ਸਭ ਤੋਂ ਤੇਜ਼ ਅਤੇ ਤੱਥਾਂ ਸਹਿਤ’ ਕਵਰੇਜ ਕਰਨ ਲਈ ਪੁਰਸਕਾਰ ਹਾਸਲ ਕੀਤਾ ਹੈ।
ਚਾਰ ਮਹੀਨੇ ਪਹਿਲਾਂ ‘ਵਾਸ਼ਿੰਗਟਨ’ ਪੋਸਟ’ ਛੱਡਣ ਵਾਲੀ ਐੱਨ ਟੇਲਨੈੱਸ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ। ਇਸ ਅਖ਼ਬਾਰ ਨੇ ਟਰੰਪ ਨਾਲ ਗੂੜੇ ਸਬੰਧ ਰੱਖਣ ਵਾਲੇ ਕੁੱਝ ਉਦਯੋਗਪਤੀਆਂ ਬਾਰੇ ਕਾਰਟੂਨ ਪ੍ਰਕਾਸ਼ਿਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਟੇਲਨੈੱਸ ਨੇ ਆਪਣੇ ਬਣਾਏ ਕਾਰਟੂਨ ਨਾ ਛਾਪਣ ’ਤੇ ਸੰਸਥਾ ਨੂੰ ਛੱਡ ਦਿੱਤਾ ਸੀ। ਪੁਲਿਤਜ਼ਰ ਨੇ ਉਸ ਦੀ ‘ਨਿਡਰਤਾ’ ਦੀ ਪ੍ਰਸ਼ੰਸਾ ਕੀਤੀ ਹੈ। ‘ਪੁਲਿਤਜ਼ਰ’ ਨੇ ਪਿਛਲੇ ਸਾਲ ਪੱਤਰਕਾਰੀ ਦੇ ਖੇਤਰ ਵਿੱਚ 15 ਸ਼੍ਰੇਣੀਆਂ ਵਿੱਚ ਸਰਵੋਤਮ ਪੱਤਰਕਾਰੀ ਕਰਨ ਵਾਲਿਆਂ ਦਾ ਸਨਮਾਨ ਕੀਤਾ। -ਰਾਇਟਰਜ਼