ਨਿਤਿਨ ਸ਼ਰਮਾ ਲਾਪਤਾ ਕੇਸ ’ਚ ਅਣਪਛਾਤੇ ਖ਼ਿਲਾਫ਼ ਕੇਸ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 9 ਅਪਰੈਲ
ਇਥੇ ਸ਼ਹਿਰ ਦੇ ਬਾਂਸੀ ਗੇਟ ਇਲਾਕੇ ਦੇ ਨੌਜਵਾਨ ਨਿਤਿਨ ਸ਼ਰਮਾ (24) ਦੇ ਲਾਪਤਾ ਕੇਸ ’ਚ ਥਾਣਾ ਸਿਟੀ ਪੁਲੀਸ ਨੇ ਕਰੀਬ ਢਾਈ ਮਹੀਨਿਆਂ ਮਗਰੋਂ ਅਣਪਛਾਤੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ। ਪਿਛਲੇ ਮਹੀਨੇ ਦੇ ਅਖ਼ੀਰਲੇ ਹਫ਼ਤੇ ’ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਥਾਨਕ ਐੱਸਐੱਸਪੀ ਨੂੰ ਇਸ ਮਾਮਲੇ ਦੀ ਪੜਤਾਲ ਇੱਕ ਮਹੀਨੇ ਦੇ ਅੰਦਰ ਮੁਕੰਮਲ ਕਰਨ ਦੇ ਹੁਕਮ ਕੀਤੇ ਸਨ। ਨਿਤਿਨ ਦੀ ਮਾਂ ਸੰਗੀਤਾ ਦਾ ਦੋਸ਼ ਹੈ ਕਿ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਕਰ ਕੇ ਉਨ੍ਹਾਂ ਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਸੀ। ਉਨ੍ਹਾਂ ਦੱਸਿਆ ਕਿ ਨਿਤਿਨ ਦੇ ਲਾਪਤਾ ਹੋਣ ਦੇ ਕੁਝ ਦਿਨਾਂ ਬਾਅਦ ਵੀ ਉਸ ਦੇ ਮੋਬਾਈਲ ਫੋਨ ਦੀ ਲੋਕੇਸ਼ਨ ਨੇੜਲੇ ਪਿੰਡ ਸੋਢੀ ਨਗਰ ਦੀ ਆਉਂਦੀ ਰਹੀ ਪਰ ਉਦੋਂ ਵੀ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਨਿਤਿਨ ਸ਼ਰਮਾ ਲੁਧਿਆਣਾ ਦੀ ਜੇਐੱਮਡੀ ਕੰਪਨੀ ’ਚ ਅਕਾਊਂਟੈਂਟ ਸੀ। ਉਹ ਲੰਘੀ 21 ਜਨਵਰੀ ਨੂੰ ਫ਼ਿਰੋਜ਼ਪੁਰ ’ਚ ਕਿਸੇ ਵਿਅਕਤੀ ਕੋਲੋਂ ਪੇਮੈਂਟ ਲੈ ਕੇ ਇੱਥੇ ਸ਼ਹਿਰ ’ਚ ਸਥਿਤ ਆਪਣੇ ਘਰ ਚਲਾ ਗਿਆ। ਅਗਲੇ ਦਿਨ ਸਵੇਰੇ ਉਹ ਘਰੋਂ ਰੇਲ ਰਾਹੀਂ ਲੁਧਿਆਣੇ ਜਾਣ ਲਈ ਨਿਕਲਿਆ ਪਰ ਰਾਹ ’ਚੋਂ ਹੀ ਲਾਪਤਾ ਹੋ ਗਿਆ। ਉਸ ਦਾ ਫੋਨ ਸਵੇਰੇ 6.37 ਤੋਂ ਬਾਅਦ ਬੰਦ ਹੋ ਗਿਆ।
ਇੱਕ ਲਾਸ਼ ਦੀ ਸੂਚਨਾ ਦੇ ਆਧਾਰ ’ਤੇ ਪਰਿਵਾਰ ਜਦੋਂ ਬੀਕਾਨੇਰ ਅਧੀਨ ਪੈਂਦੇ ਪਿੰਡ ਛਤਰਗੜ੍ਹ ਪਹੁੰਚਿਆ ਤਾਂ ਪਤਾ ਲੱਗਾ ਕਿ ਕੋਈ ਵਾਰਸ ਨਾ ਆਉਣ ਕਰ ਕੇ ਸਮਾਜਸੇਵੀ ਸੰਸਥਾ ਦੀ ਮਦਦ ਨਾਲ ਉਸ ਲਾਸ਼ ਦਾ ਸਸਕਾਰ 11 ਫਰਵਰੀ ਨੂੰ ਹੀ ਕਰ ਦਿੱਤਾ ਸੀ। ਪਰਿਵਾਰ ਨੇ ਲਾਸ਼ ਦੀਆਂ ਤਸਵੀਰਾਂ ਤੋਂ ਉਸ ਦੀ ਸ਼ਨਾਖ਼ਤ ਨਿਤਿਨ ਸ਼ਰਮਾ ਵਜੋਂ ਕੀਤੀ। ਹਾਲਾਂਕਿ ਉਸ ਲਾਸ਼ ਦੀ ਵਿਸਰਾ ਰਿਪੋਰਟ ਆਉਣੀ ਬਾਕੀ ਹੈ।