ਗਗਨਦੀਪ ਅਰੋੜਾਲੁਧਿਆਣਾ, 23 ਦਸੰਬਰਆਮ ਆਦਮੀ ਪਾਰਟੀ ਨੂੰ ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਵਿੱਚ ਸਪੱਸ਼ਟ ਬਹੁਮਤ (ਘੱਂਟੋ-ਘੱਟ 48 ਸੀਟਾਂ) ਪ੍ਰਾਪਤ ਨਹੀਂ ਹੋ ਸਕਿਆ ਜਿਸ ਕਾਰਨ ਲੁਧਿਆਣਾ ਵਿੱਚ ਮੇਅਰ ਬਣਾਉਣ ਦਾ ‘ਆਪ’ ਦਾ ਸੁਫ਼ਨਾ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਹਾਲਾਂਕਿ ਲੁਧਿਆਣਾ ਨਿਗਮ ਚੋਣਾਂ ਵਿੱਚ ਕੋਈ ਵੀ ਪਾਰਟੀ ਸਪੱਸ਼ਟ ਬਹੁਮਤ ਹਾਸਲ ਨਹੀਂ ਕਰ ਸਕੀ ਹੈ ਜਿਸ ਕਾਰਨ ਕਾਂਗਰਸ ਤੇ ਭਾਜਪਾ ਵੱਲੋਂ ਗੱਠਜੋੜ ਕਰਕੇ ਮੇਅਰ ਬਣਾਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ 1992 ਵਿੱਚ ਲੁਧਿਆਣਾ ਨਗਰ ਨਿਗਮ ਲਈ ਜਦੋਂ ਪਹਿਲੀ ਵਾਰ ਚੋਣਾਂ ਹੋਈਆਂ ਸਨ ਤਾਂ ਕਿਸੇ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ ਸੀ। ਉਸ ਵੇਲੇ ਕਾਂਗਰਸ ਦੀ ਹਮਾਇਤ ਨਾਲ ਇਹ ਤੈਅ ਹੋਇਆ ਸੀ ਕਿ ਦੋਵੇਂ ਪਾਰਟੀਆਂ ਢਾਈ ਸਾਲ ਲਈ ਮੇਅਰਾਂ ਦੀ ਚੋਣ ਕਰਨਗੀਆਂ ਜਿਸ ਮਗਰੋਂ ਸੀਨੀਅਰ ਭਾਜਪਾ ਆਗੂ ਚੌਧਰੀ ਸਤਪ੍ਰਕਾਸ਼ ਨੂੰ ਮੇਅਰ ਬਣਾਇਆ ਗਿਆ।ਇਸ ਵਾਰ ਲੁਧਿਆਣਾ ਵਿੱਚ ਕਾਂਗਰਸ ‘ਆਪ’ ਤੋਂ ਬਾਅਦ ਦੂਜੀ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ। ਭਾਜਪਾ ਕੋਲ ਵੀ 19 ਸੀਟਾਂ ’ਤੇ ਇੱਕ ਭਾਜਪਾ ਸਮਰਥਨ ਵਾਲਾ ਆਜ਼ਾਦ ਕੌਂਸਲਰ ਹੈ ਜਿਸ ਤੋਂ ਬਾਅਦ ਕਾਂਗਰਸ ਅਤੇ ਭਾਜਪਾ ਮਿਲ ਕੇ ਮੇਅਰ ਬਣਾ ਸਕਦੇ ਹਨ। ਇਸੇ ਆਧਾਰ ’ਤੇ ਦੋਵੇਂ ਪਾਰਟੀਆਂ ਵਿਚਾਲੇ ਗਠਜੋੜ ਦੀ ਪੂਰੀ ਸੰਭਾਵਨਾਵਾਂ ਜਤਾਈ ਜਾ ਰਹੀ ਹੈ। ਹੁਣ ਇਹ ਫੈਸਲਾ ਦੋਵੇਂ ਪਾਰਟੀਆਂ ਦੀ ਹਾਈਕਮਾਂਡ ਨੇ ਕਰਨਾ ਹੈ। ਸੂਤਰਾਂ ਦੀ ਮੰਨੀਏ ਤਾਂ ਕਾਂਗਰਸ ਮੇਅਰ ਦੇ ਅਹੁਦੇ ਦੀ ਮੰਗ ਕਰ ਰਹੀ ਹੈ, ਜਦਕਿ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਭਾਜਪਾ ਨੂੰ ਦੇਣ ਦੀ ਗੱਲ ਚੱਲ ਰਹੀ ਹੈ। ਦੂਜੇ ਪਾਸੇ ਇਹ ਵੀ ਖ਼ਬਰ ਹੈ ਕਿ ਭਾਜਪਾ ਵੱਲੋਂ ਮੇਅਰ ਦੇ ਅਹੁਦੇ ਦੀ ਮੰਗ ਕੀਤੀ ਜਾ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਦੋਵੇਂ ਸਿਆਸੀ ਪਾਰਟੀਆਂ ਕੀ ਫ਼ੈਸਲਾ ਲੈਂਦੀਆਂ ਹਨ ਇਹ ਵੇਖਣ ਵਾਲੀ ਗੱਲ ਹੋਵੇਗੀ।ਨਗਰ ਨਿਗਮ ਦਾ ਕਾਰਜਕਾਲ ਪੂਰਾ ਹੋਣ ਤੋਂ ਕਰੀਬ ਡੇਢ ਸਾਲ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਪੰਜਾਬ ਸਰਕਾਰ ਵੱਲੋਂ ਚੋਣਾਂ ਕਰਵਾਈਆਂ ਗਈਆਂ। ਚੋਣਾਂ ਲਈ ਬਹੁਤ ਘੱਟ ਸਮਾਂ ਦਿੱਤਾ ਗਿਆ ਸੀ। ਸ਼ਨਿੱਚਰਵਾਰ ਨੂੰ ਹੋਈਆਂ ਚੋਣਾਂ ’ਚ ‘ਆਪ’ ਨੂੰ 95 ਵਾਰਡਾਂ ’ਚੋਂ ਸਿਰਫ਼ 41 ਸੀਟਾਂ ਮਿਲੀਆਂ, ਜਦਕਿ ਕਾਂਗਰਸ ਨੂੰ 30, ਭਾਜਪਾ ਨੂੰ 19, ਅਕਾਲੀ ਦਲ ਦੇ ਦੋ ਅਤੇ ਆਜ਼ਾਦ ਤਿੰਨ ਉਮੀਦਵਾਰ ਜਿੱਤਣ ’ਚ ਕਾਮਯਾਬ ਰਹੇ। ਪਹਿਲਾਂ ਚਰਚਾ ਸੀ ਕਿ ਕਾਂਗਰਸ ਅਤੇ ’ਆਪ’ ਮਿਲ ਕੇ ਮੇਅਰ ਬਣਾਉਣਗੇ ਪਰ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੈ ਤਲਵਾੜ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਸਪੱਸ਼ਟ ਕੀਤਾ ਕਿ ਲੁਧਿਆਣਾ ’ਚ ਕਾਂਗਰਸ ਦਾ ਮੇਅਰ ਬਣੇਗਾ ਇਸ ਮਗਰੋਂ ਹੀ ਹੁਣ ਕਾਂਗਰਸ ਤੇ ਭਾਜਪਾ ਦੇ ਗੱਠਜੋੜ ਦੀ ਚਰਚਾ ਛਿੜੀ ਹੈ।ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੈ ਤਲਵਾੜ ਨੇ ਸਪੱਸ਼ਟ ਕੀਤਾ ਹੈ ਕਿ ‘ਆਪ’ ਨੂੰ ਸਮਰਥਨ ਨਹੀਂ ਦਿੱਤਾ ਜਾਵੇਗਾ ਤੇ ਇਸ ਮਾਮਲੇ ਵਿੱਚ ਹੋਰ ਵਿਕਲਪਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਨੇ ਵੀ ਕਿਹਾ ਹੈ ਕਿ ਭਾਜਪਾ ਅਤੇ ਕਾਂਗਰਸ ਦੀ ਮਦਦ ਨਾਲ ਮੇਅਰ ਬਣਾਉਣ ਦੀ ਸੰਭਾਵਨਾ ਹੈ। ਸਿਟੀ ਹਾਈ ਕਮਾਂਡ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪਾਰਟੀ ਦੇ ਹੁਕਮਾਂ ਅਨੁਸਾਰ ਕੰਮ ਕਰੇਗੀ।‘ਆਪ’ ਹੱਥੋਂ ਮੇਅਰ ਦੀ ਕੁਰਸੀ ਖੁੱਸਣ ਦਾ ਖਦਸ਼ਾਮੇਅਰ ਬਣਨ ਲਈ 48 ਸੀਟਾਂ ਦੀ ਲੋੜ ਹੈ ਤੇ ‘ਆਪ’ ਕੋਲ 41 ਸੀਟਾਂ ਹਨ। ਪਹਿਲਾਂ ਇਹ ਚਰਚਾ ਸੀ ਕਿ ਸ਼ਹਿਰ ਦੇ 7 ਵਿਧਾਇਕਾਂ ਨੂੰ ਮੇਅਰ ਬਣਾਇਆ ਜਾ ਸਕਦਾ ਹੈ ਪਰ ਜੇਕਰ ਵਿਧਾਇਕ ਮਿਲ ਜਾਂਦੇ ਹਨ ਤਾਂ ਬਹੁਮਤ ਲਈ 52 ਵੋਟਾਂ ਦਿਖਾਉਣੀ ਪੈਣਗੀਆਂ। ਵਿਧਾਇਕਾਂ ਅਤੇ ਆਜ਼ਾਦ ਉਮੀਦਵਾਰਾਂ ਨੂੰ ਮਿਲਾ ਕੇ ਵੀ ਅੰਕੜਾ ਪਾਰ ਹੁੰਦਾ ਨਜ਼ਰ ਨਹੀਂ ਆ ਰਿਹਾ। ਜਿਵੇਂ ਜਲੰਧਰ ’ਚ ਕਾਂਗਰਸ ਦੇ ਦੋ ਆਜ਼ਾਦ ਕੌਂਸਲਰਾਂ ਨੇ ‘ਆਪ’ ਨੂੰ ਸਮਰਥਨ ਦਿੱਤਾ ਹੈ ਅਤੇ ਜਲੰਧਰ ’ਚ ਵੀ ‘ਆਪ’ ਮੇਅਰ ਬਣਾਉਣ ਦੇ ਕਰੀਬ ਹੈ, ਉਸੇ ਤਰਜ਼ ’ਤੇ ਲੁਧਿਆਣਾ ਵਿੱਚ ਵੀ ‘ਆਪ’ ਜੋੜ-ਤੋੜ ਵਿੱਚ ਲੱਗੀ ਹੋਈ ਹੈ।