ਗਗਨਦੀਪ ਅਰੋੜਾਲੁਧਿਆਣਾ, 9 ਦਸੰਬਰਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਵਿੱਚ 21 ਮਹੀਨਿਆਂ ਬਾਅਦ ਨਗਰ ਨਿਗਮ ਦੀਆਂ ਚੋਣਾਂ ਦਾ ਐਲਾਨ ਹੁੰਦਿਆਂ ਹੀ ਸਿਆਸੀ ਮਾਹੌਲ ਭਖ਼ ਗਿਆ ਹੈ। 21 ਦਸੰਬਰ ਨੂੰ ਚੋਣਾਂ ਹੋਣ ਕਾਰਨ ਸਿਰਫ਼ 11 ਦਿਨ ਹੀ ਉਮੀਦਵਾਰਾਂ ਕੋਲ ਪ੍ਰਚਾਰ ਕਰਨ ਲਈ ਹੋਣਗੇ ਜਿਸ ਲਈ ਸਭ ਤੋਂ ਵੱਧ ਮੁਸ਼ਕਲ ਦਾ ਕੰਮ ਹੋਵੇਗਾ ਨਗਰ ਨਿਗਮ ਕੋਲੋਂ ਐੱਨਓਸੀ ਪ੍ਰਾਪਤ ਕਰਨਾ। ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਚੋਣ ਲੜਨ ਦੇ ਇਛੁੱਕ ਉਮੀਦਵਾਰਾਂ ਨੇ ਨਗਰ ਨਿਗਮ ਕੋਲੋਂ ਨੋ-ਡਿਊਜ਼ ਦੀ ਇੱਕ ਐੱਨਓਸੀ ਲੈਣੀ ਹੁੰਦੀ ਹੈ, ਉਹ ਲੱਗਣ ਤੋਂ ਬਾਅਦ ਹੀ ਨਾਮਜ਼ਦਗੀ ਪੱਤਰ ਦਾਖਲ ਹੋ ਸਕਦਾ ਹੈ। 9 ਦਸੰਬਰ ਤੋਂ 12 ਦਸੰਬਰ ਤੱਕ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਸਮਾਂ ਰੱਖਿਆ ਗਿਆ ਹੈ। ਹੁਣ ਤਿੰਨ ਦਿਨ ਵਿੱਚ ਐੱਨਓਸੀ ਲੈ ਕੇ ਨਾਮਜ਼ਦਗੀ ਪੱਤਰ ਦਾਖਲ ਕਰਨਾ ਉਮੀਦਵਾਰਾਂ ਲਈ ਮੁਸ਼ਕਲ ਭਰਿਆ ਕੰਮ ਹੋਵੇਗਾ।ਉਧਰ, ਸੋਮਵਾਰ ਦਫ਼ਤਰ ਖੁੱਲ੍ਹਦਿਆਂ ਹੀ ਨਗਰ ਨਿਗਮ ਦੇ ਦਫ਼ਤਰਾਂ ਵਿੱਚ ਐੱਨਓਸੀ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀਆਂ ਕਤਾਰਾਂ ਲੱਗ ਗਈਆਂ। ਉਮੀਦਵਾਰ ਆਪਣੇ ਕਾਗਜ਼ ਪੁਰੇ ਕਰਕੇ ਐੱਨਓਸੀ ਲੈਣ ਵਿੱਚ ਲੱਗੇ ਰਹੇ। ਪਿਛਲੀ ਵਾਰ ਨਗਰ ਨਿਗਮ ਚੋਣਾਂ ਵਿੱਚ 494 ਉਮੀਦਵਾਰ ਮੈਦਾਨ ਵਿੱਚ ਸਨ। ਇਸ ਵਾਰ ਨਗਰ ਨਿਗਮ ਵਿੱਚ ਗਿਣਤੀ ਹੋਰ ਵੱਧ ਸਕਦੀ ਹੈ। ਚੋਣ ਕਮਿਸ਼ਨ ਨੇ ਨਗਰ ਨਿਗਮ ਤੋਂ ਐੱਨਓਸੀ ਲੈਣਾ ਲਾਜ਼ਮੀ ਕਰ ਦਿੱਤਾ ਹੈ, ਜਿਸ ਵਿੱਚ ਪ੍ਰਾਪਰਟੀ ਟੈਕਸ, ਲਾਇਸੈਂਸ ਸ਼ਾਖਾ, ਸੀਵਰੇਜ-ਪਾਣੀ, ਡਿਸਪੋਜ਼ਲ ਤੇ ਬਿਲਡਿੰਗ ਬਰਾਂਚ ਸ਼ਾਮਲ ਹਨ। ਨਾਮਜ਼ਦਗੀ ਪੱਤਰ ਦਾਖਲ ਕਰਦੇ ਸਮੇਂ ਉਮੀਦਵਾਰ ਪਹਿਲਾਂ ਨਿਗਮ ਤੋਂ ਐੱਨਓਸੀ ਲਈ ਅਰਜ਼ੀ ਦਿੰਦਾ ਹੈ, ਫਿਰ ਨਗਰ ਨਿਗਮ ਕੋਲ ਸਾਰੇ ਹੀ ਬਿੱਲ ਜਮ੍ਹਾਂ ਹੋਣ ਤੋਂ ਬਾਅਦ ਨੋ-ਡਿਊਜ਼ ਸਰਟੀਫਿਕੇਟ ਜਾਰੀ ਹੁੰਦਾ ਹੈ।ਪਹਿਲੇ ਦਿਨ 100 ਤੋਂ ਵੱਧ ਲੋਕਾਂ ਨੇ ਕੀਤੀ ਐੱਨਓਸੀ ਅਪਲਾਈਪਹਿਲੇ ਹੀ ਦਿਨ ਨਗਰ ਨਿਗਮ ਕੋਲ ਐੱਨਓਸੀ ਲੈਣ ਲਈ 100 ਤੋਂ ਵੱਧ ਲੋਕਾਂ ਨੇ ਅਪਲਾਈ ਕੀਤੀ। ਇਹ ਸਾਰੇ ਹੀ ਲੋਕ ਵੱਖ ਵੱਖ ਪਾਰਟੀਆਂ ਨਾਲ ਸਬੰਧਤ ਹਨ। ਨਗਰ ਨਿਗਮ ਏ ਜ਼ੋਨ, ਬੀ ਜ਼ੋਨ, ਸੀ ਜ਼ੋਨ ਤੇ ਡੀ ਜ਼ੋਨ ਦੇ ਦਫ਼ਤਰ ਵਿੱਚ ਲੋਕ ਪੁੱਜੇ। ਨਗਰ ਨਿਗਮ ਵੱਲੋਂ ਵੀ ਹਰ ਦਫ਼ਤਰ ਵਿੱਚ ਇੱਕ ਅਧਿਕਾਰੀ ਲਗਾਇਆ ਗਿਆ ਹੈ, ਜੋ ਐੱਨਓਸੀ ਦਾ ਕੰਮ ਦੇਖ ਰਿਹਾ ਹੈ।