For the best experience, open
https://m.punjabitribuneonline.com
on your mobile browser.
Advertisement

ਨਾਵਲਕਾਰ ਗੁਰਦਿਆਲ ਸਿੰਘ ਦਾ ਜਨਮ ਦਿਨ ਮਨਾਇਆ

04:37 AM Jan 15, 2025 IST
ਨਾਵਲਕਾਰ ਗੁਰਦਿਆਲ ਸਿੰਘ ਦਾ  ਜਨਮ ਦਿਨ ਮਨਾਇਆ
ਨਾਵਲਕਾਰ ਗੁਰਦਿਆਲ ਸਿੰਘ ਦਾ ਜਨਮ ਦਿਨ ਮਨਾਉਣ ਲਈ ਇਕੱਤਰ ਹੋਏ ਸਾਹਿਤਕਾਰ।
Advertisement

ਹਰਦਮ ਮਾਨ
ਸਰੀ: ਵੈਨਕੂਵਰ ਵਿਚਾਰ ਮੰਚ ਵੱਲੋਂ ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕਰ ਕੇ ਪੰਜਾਬੀ ਨਾਵਲਕਾਰ ਗੁਰਦਿਆਲ ਸਿੰਘ ਦੇ ਜਨਮ ਦਿਨ ’ਤੇ ਉਨ੍ਹਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਪੰਜਾਬੀ ਸਾਹਿਤ ਦੇ ਸਮੂਹ ਪਾਠਕਾਂ ਨੂੰ ਗੁਰਦਿਆਲ ਸਿੰਘ ਦੇ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਨਾਲ ਆਪਣੀਆਂ ਯਾਦਾਂ ਤਾਜ਼ਾ ਕੀਤੀਆਂ। ਉਨ੍ਹਾਂ ਦੱਸਿਆ ਕਿ ਲਿਖਾਰੀ ਸਭਾ ਬਰਨਾਲਾ ਇਲਾਕੇ ਦੀ ਪ੍ਰਸਿੱਧ ਸਾਹਿਤਕ ਸੰਸਥਾ ਸੀ ਅਤੇ ਗੁਰਦਿਆਲ ਸਿੰਘ ਵੀ ਉਸ ਸਭਾ ਦੇ ਮੈਂਬਰ ਸਨ ਅਤੇ ਉਸ ਸਭਾ ਵਿੱਚ ਉਨ੍ਹਾਂ ਦਾ ਮਿਲਾਪ ਗੁਰਦਿਆਲ ਸਿੰਘ ਨਾਲ ਹੋਇਆ। ਗੁਰਦਿਆਲ ਸਿੰਘ ਨੇ ਸ਼ੁਰੂ ਵਿੱਚ ‘ਬਕੱਲਮਖ਼ੁਦ’ ਕਾਲਮ ਰਾਹੀਂ ਬਾਲ ਸਾਹਿਤ ਦੀ ਰਚਨਾ ਕੀਤੀ। ਕੁਝ ਕਵਿਤਾਵਾਂ ਵੀ ਲਿਖੀਆਂ ਸਨ ਜੋ ਗੁਰਦਿਆਲ ਸਿੰਘ ਰਾਹੀ ਦੇ ਨਾਂ ਹੇਠ ਪ੍ਰਕਾਸ਼ਿਤ ਹੋਈਆਂ, ਫਿਰ ਉਨ੍ਹਾਂ ਬਹੁਤ ਵਧੀਆ ਕਹਾਣੀਆਂ ਲਿਖੀਆਂ। ਜਦੋਂ ਉਨ੍ਹਾਂ ਦਾ ਪਹਿਲਾ ਨਾਵਲ ‘ਮੜ੍ਹੀ ਦਾ ਦੀਵਾ’ ਪ੍ਰਕਾਸ਼ਿਤ ਹੋਇਆ ਤਾਂ ਉਸ ਨੇ ਪੰਜਾਬੀ ਨਾਵਲ ਨੂੰ ਅਹਿਮ ਮੋੜ ਦਿੱਤਾ। ‘ਮੜ੍ਹੀ ਦਾ ਦੀਵਾ’ ਪ੍ਰਕਾਸ਼ਿਤ ਹੋਣ ਉਪਰੰਤ ਗੁਰਦਿਆਲ ਸਿੰਘ ਦੇ ਨਾਮ ਨਾਲ ‘ਮੜ੍ਹੀ ਦਾ ਦੀਵਾ’ ਜੁੜ ਗਿਆ।
ਸ਼ਾਇਰ ਮੋਹਨ ਗਿੱਲ ਨੇ ਕਿਹਾ ਕਿ ਗੁਰਦਿਆਲ ਸਿੰਘ ਨੇ ਪੰਜਾਬੀ ਨਾਵਲ ਵਿੱਚ ਨਾਇਕ ਦੇ ਪ੍ਰਚੱਲਤ ਸੰਕਲਪ ਨੂੰ ਤੋੜਿਆ ਅਤੇ ਦੱਬੇ ਕੁਚਲੇ ਅਤੇ ਆਮ ਲੋਕਾਂ ਨੂੰ ਪੰਜਾਬੀ ਨਾਵਲ ਦੇ ਨਾਇਕ ਬਣਾਇਆ। ਉਨ੍ਹਾਂ ਦੇ ਨਾਵਲਾਂ ਵਿੱਚ ਲੇਖਕ ਖ਼ੁਦ ਕਿਤੇ ਨਜ਼ਰ ਨਹੀਂ ਆਉਂਦਾ ਸਗੋਂ ਪਾਤਰ ਹੀ ਆਪਣੇ ਸਹਿਜ ਰੂਪ ਵਿੱਚ ਪ੍ਰਗਟ ਹੁੰਦੇ ਹਨ। ‘ਮੜ੍ਹੀ ਦਾ ਦੀਵਾ’ ਤੇ ‘ਅਣਹੋਏ’ ਉਨ੍ਹਾਂ ਦੇ ਵਿਸ਼ਵ ਪ੍ਰਸਿੱਧ ਸ਼ਾਹਕਾਰ ਹਨ। ਉਨ੍ਹਾਂ ਆਪਣੇ ਨਾਵਲਾਂ ਵਿੱਚ ਠੇਠ ਮਲਵਈ ਭਾਸ਼ਾ ਨੂੰ ਪ੍ਰਸਾਰਨ ਦਾ ਵੀ ਵਿਸ਼ੇਸ਼ ਕਾਰਜ ਕੀਤਾ।
ਅੰਗਰੇਜ਼ ਬਰਾੜ ਨੇ ਕਿਹਾ ਕਿ ਜਦੋਂ ਉਹ ਬਰਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਪੜ੍ਹਦੇ ਸਨ ਤਾਂ ਗੁਰਦਿਆਲ ਸਿੰਘ ਵੀ ਉਸ ਕਾਲਜ ਵਿੱਚ ਪ੍ਰੋਫੈਸਰ ਸਨ, ਪਰ ਉਸ ਸਮੇਂ ਸਾਨੂੰ ਨਹੀਂ ਪਤਾ ਸੀ ਕਿ ਉਹ ਏਨੇ ਵੱਡੇ ਸਾਹਿਤਕਾਰ ਸਨ। ਉਹ ਸੱਚਮੁੱਚ ਸਾਡੇ ਸਮਿਆਂ ਦੇ ਬਹੁਤ ਵੱਡ ਸਾਹਿਤਕਾਰ ਸਨ ਅਤੇ ਉਨ੍ਹਾਂ ਨੇ ਪੰਜਾਬੀ ਸਾਹਿਤ ਵਿੱਚ ਨਿਵੇਕਲੀਆਂ ਪੈੜਾਂ ਪਾਈਆਂ। ਉਨ੍ਹਾਂ ਨੂੰ ਭਾਰਤ ਦਾ ਸਭ ਤੋਂ ਵੱਡਾ ਸਾਹਿਤਕ ਐਵਾਰਡ ‘ਗਿਆਨਪੀਠ’ ਹਾਸਲ ਕਰਨ ਦਾ ਵੀ ਫ਼ਖ਼ਰ ਪ੍ਰਾਪਤ ਹੋਇਆ।
ਸੰਪਰਕ: +1 604 308 6663

Advertisement

Advertisement
Advertisement
Author Image

Balwinder Kaur

View all posts

Advertisement