ਨਾਟਕ ਤੇ ਗੀਤ ਸੰਗੀਤ ਮੇਲੇ ਦੀਆਂ ਤਿਆਰੀਆਂ ਮੁਕੰਮਲ
ਲੁਧਿਆਣਾ, 30 ਅਪਰੈਲ
ਮਈ ਦਿਵਸ ਦੇ ਕੌਮਾਂਤਰੀ ਸ਼ਹੀਦਾਂ ਦੀ ਯਾਦ ਵਿੱਚ ਗਦਰ ਲਹਿਰ ਦੀ ਵੀਰਾਂਗਨਾ ਬੀਬੀ ਗੁਲਾਬ ਕੌਰ ਨੂੰ ਸਮਰਪਿਤ ਨਾਟਕ ਤੇ ਗੀਤ ਸੰਗੀਤ ਮੇਲਾ ਪੰਜਾਬੀ ਭਵਨ ਲੁਧਿਆਣਾ ਦੇ ਬਲਰਾਜ ਸਾਹਨੀ ਓਪਨ ਏਅਰ ਥੀਏਟਰ ’ਚ ਇੱਕ ਮਈ ਨੂੰ ਸਾਰੀ ਰਾਤ ਹੋਵੇਗਾ।
ਇਸ ਮੇਲੇ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਲਈ ਸਹਿਯੋਗੀ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਪੰਜਾਬੀ ਭਵਨ ਲੁਧਿਆਣਾ ਵਿੱਚ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਦੀ ਅਗਵਾਈ ਹੇਠ ਹੋਈ। ਮੰਚ ਦੇ ਜਨਰਲ ਸੱਕਤਰ ਕੰਵਲਜੀਤ ਖੰਨਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਪੰਜਾਬ ਦੀ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਇਸ ਯਾਦਗਾਰੀ ਮੇਲੇ ਵਿੱਚ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਪੰਜਾਬ ਦੀਆਂ ਨਾਮਵਰ ਨਾਟਕ ਤੇ ਗੀਤ ਸੰਗੀਤ ਮੰਡਲੀਆਂ ਆਪਣੀਆਂ ਪੇਸ਼ਕਾਰੀਆਂ ਨਾਲ ਲੋਕਾਂ ਨੂੰ ਇਤਿਹਾਸ ਨਾਲ ਜੋੜਣਗੀਆਂ। ਇਸ ਸਮਾਗਮ ’ਚ ਕਹਾਣੀਕਾਰ ਵਰਿਆਮ ਸੰਧੂ, ਸੁਰਿੰਦਰ ਧੰਜਲ, ਬੂਟਾ ਸਿੰਘ ਅਤੇ ਸੁਮਨ ਫਗਵਾੜਾ ਦਾ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਜਸਵੰਤ ਜੀਰਖ, ਸੁਦਾਗਰ ਸਿੰਘ ਘੁਡਾਣੀ, ਹਿੰਮਤ ਸਿੰਘ, ਹਰਜਿੰਦਰ ਸਿੰਘ, ਹਰਸ਼ਾ ਸਿੰਘ, ਰਾਜਨ ਕੁਮਾਰ, ਹਰਕੇਸ਼ ਚੌਧਰੀ, ਅੰਜੂ ਚੌਧਰੀ, ਗੁਲਜ਼ਾਰ ਪੰਧੇਰ ਅਤੇ ਕਸਤੂਰੀ ਲਾਲ ਹਾਜ਼ਰ ਸਨ।