ਨਹਿਰੂ ਸਿਧਾਂਤ ਕੇਂਦਰ ਨੇ ‘ਸਤ ਪਾਲ ਮਿੱਤਲ ਰਾਸ਼ਟਰੀ ਪੁਰਸਕਾਰ-2024’ ਵੰਡੇ
ਸਤਵਿੰਦਰ ਬਸਰਾ
ਲੁਧਿਆਣਾ, 12 ਨਵੰਬਰ
ਨਹਿਰੂ ਸਿਧਾਂਤ ਕੇਂਦਰ ਟਰੱਸਟ ਵੱਲੋਂ ਅੱਜ ਸਥਾਨਕ ਸਤ ਪਾਲ ਮਿੱਤਲ ਸਕੂਲ ਵਿੱਚ ਕਰਵਾਏ ਇੱਕ ਸਮਾਗਮ ਦੌਰਾਨ ‘ਸਤ ਪਾਲ ਮਿੱਤਲ ਰਾਸ਼ਟਰੀ ਪੁਰਸਕਾਰ-2024’ ਦੀ ਵੰਡ ਕੀਤੀ ਗਈ। ਇਸ ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਟਰੱਸਟ ਦੇ ਚੇਅਰਮੈਨ ਰਾਕੇਸ਼ ਭਾਰਤੀ ਮਿੱਤਲ ਵੀ ਹਾਜ਼ਰ ਸਨ। ਇਨ੍ਹਾਂ ਐਵਾਰਡਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਪਹਿਲੀ ਸ਼੍ਰੇਣੀ ’ਚ ਸਤ ਪਾਲ ਮਿੱਤਲ ਨੈਸ਼ਨਲ ਐਵਾਰਡ (ਪਲੈਟੀਨਮ) ਦੇ ਤਹਿਤ ਮਾਨਵਤਾ ਦੀ ਸੇਵਾ ਕਰਨ ਵਾਲੇ ਹਰੇਕ ਵਿਅਕਤੀ ਅਤੇ ਸੰਸਥਾ ਨੂੰ ਪ੍ਰਸ਼ੰਸਾ ਪੱਤਰ ਦੇ ਨਾਲ 7.5 ਲੱਖ ਰੁਪਏ ਦਿੱਤੇ ਗਏ। ਸਤਪਾਲ ਮਿੱਤਲ ਨੈਸ਼ਨਲ ਐਵਾਰਡ (ਗੋਲਡ) ਤਹਿਤ ਮਾਨਵਤਾ ਦੀ ਸੇਵਾ ਕਰਨ ਵਾਲੇ ਹਰੇਕ ਵਿਅਕਤੀ ਅਤੇ ਸੰਸਥਾ ਨੂੰ ਪ੍ਰਸੰਸਾ ਪੱਤਰ ਦੇ ਨਾਲ 2.5 ਲੱਖ ਰੁਪੇ ਨਾਲ ਸਨਮਾਨਿਤ ਕੀਤਾ ਗਿਆ।
ਸਤ ਪਾਲ ਮਿੱਤਲ ਨੈਸ਼ਨ ਐਵਾਰਡ (ਪਲੈਟੀਨਮ) ਦੇ ਤਹਿਤ ਡਾ. ਵੰਦਨਾ ਗੋਪੀਕੁਮਾਰ ਨੂੰ ਵਿਅਕਤੀਗਤ ਸ਼੍ਰੇਣੀ ਵਿੱਚ ਇਹ ਐਵਾਰਡ ਦਿੱਤਾ ਗਿਆ। ਡਾ. ਵੰਦਨਾ ਨੇ ਮਾਨਸਿਕ ਰੋਗਾਂ ਵਾਲੇ ਬੇਘਰ ਵਿਅਕਤੀਆਂ ਦੀ ਸਹਾਇਤਾ ਲਈ ਦਿ ਬਨਯਾਨ ਅਤੇ ਦਿ ਬਨਯਾਨ ਅਕੈਡਮੀ ਆਫ ਲੀਡਰਸ਼ਿਪ ਇਨ ਮੈਂਟਲ ਹੈਲਥ ਦੀ ਸਹਿ ਸਥਾਪਨਾ ਕੀਤੀ। ਸੰਸਥਾਗਤ ਸ਼੍ਰੇਣੀ ਵਿੱਚ ਇਹ ਐਵਾਰਡ ‘ਗੂੰਜ’ ਨੂੰ ਦਿੱਤਾ ਗਿਆ। ਸੰਸਥਾਗਤ ਸ਼੍ਰੇਣੀ ਵਿੱਚ ਸਤ ਪਾਲ ਮਿੱਤਲ ਨੈਸ਼ਨਲ ਐਵਾਰਡ 2024 (ਗੋਲਡ) ਸਲਾਮ ਬਾਲਕ ਟਰੱਸਟ ਨੂੰ ਦਿੱਤਾ ਗਿਆ। ਇਸ ਟਰੱਸਟ ਨੇ ਸਾਲ 1988 ਵਿੱਚ ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਆਪਣੇ 35 ਸਾਲਾਂ ਦੇ ਸਫਰ ਵਿੱਚ ਵੱਖ-ਵੱਖ ਬਾਲ ਕੇਂਦ੍ਰਿਤ ਪ੍ਰੋਗਰਾਮਾਂ ਰਾਹੀਂ ਗਲੀ ਦੇ ਬੱਚਿਆਂ ਦੀ ਵਿਆਪਕ ਦੇਖਭਾਲ ਅਤੇ ਸੁਰੱਖਿਆ ਪ੍ਰਦਾਨ ਕੀਤੀ ਹੈ। ਉਕਤ ਐਵਾਰਡ ਦੇਣ ਤੋਂ ਬਾਅਦ ਮੁੱਖ ਮਹਿਮਾਨ ਸ੍ਰੀ ਕਟਾਰੀਆ ਨੇ ਕਿਹਾ ਕਿ ਉਹ ਖੁਸ਼ੀ ਮਹਿਸੂਸ ਕਰ ਰਹੇ ਹਨ ਉਨ੍ਹਾਂ ਨੂੰ ਅਜਿਹੀ ਸੰਸਥਾ ਵਿੱਚ ਆਉਣ ਦਾ ਮੌਕਾ ਮਿਲਿਆ ਹੈ, ਜਿਨ੍ਹਾਂ ਲੋਕ ਭਲਾਈ ਲਈ ਅਨੇਕਾਂ ਕਾਰਜ ਕੀਤੇ ਹਨ। ਉਨ੍ਹਾਂ ਨੇ ਐਵਾਰਡ ਜੇਤੂਆਂ ਦੇ ਨਾਲ ਨਾਲ ਟਰੱਸਟ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਮਾਜ ਵਿੱਚੋਂ ਚੰਗੇ ਲੋਕਾਂ/ਸੰਸਥਾਵਾਂ ਨੂੰ ਲੱਭਣਾ ਅਤੇ ਫਿਰ ਉਨ੍ਹਾਂ ਨੂੰ ਸਨਮਾਨਿਤ ਕਰਨਾ ਆਪਣੇ ਆਪ ਵਿੱਚ ਵੱਡਾ ਕਾਰਜ ਹੈ।