ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
04:03 AM Dec 27, 2024 IST
ਦੀਨਾਨਗਰ: ਪਿੰਡ ਅਵਾਂਖਾ ਸਥਿਤ ਪੈਟਰੋਲ ਪੰਪ ਦੇ ਬਾਥਰੂਮ ਵਿੱਚੋਂ ਨੌਜਵਾਨ ਦੀ ਲਾਸ਼ ਮਿਲੀ ਹੈ, ਜਿਸ ਦੀ ਮੌਤ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਹੋਈ ਹੈ। ਜਾਣਕਾਰੀ ਅਨੁਸਾਰ ਇਹ ਨੌਜਵਾਨ ਇਸ ਪੰਪ ’ਤੇ ਪੈਟਰੋਲ ਪਵਾਉਣ ਲਈ ਆਇਆ ਸੀ। ਉਹ ਮੋਟਰਸਾਈਕਲ ਲਗਾ ਕੇ ਪੈਟਰੋਲ ਪੰਪ ਦੇ ਬਾਥਰੂਮ ਵਿੱਚ ਚਲਾ ਗਿਆ ਅਤੇ ਅੰਦਰੋਂ ਕੁੰਡੀ ਲਗਾ ਲਈ। ਜਦੋਂ ਕਾਫ਼ੀ ਸਮਾਂ ਬੀਤ ਜਾਣ ਦੇ ਬਾਅਦ ਵੀ ਉਹ ਬਾਹਰ ਨਹੀਂ ਨਿਕਲਿਆ ਤਾਂ ਪੈਟਰੋਲ ਪੰਪ ਵਾਲਿਆਂ ਨੇ ਉਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਪੁਲੀਸ ਨੇ ਜਦੋਂ ਦਰਵਾਜ਼ਾ ਤੋੜਿਆ ਤਾਂ ਨੌਜਵਾਨ ਮ੍ਰਿਤਕ ਮਿਲਿਆ। ਅਜਿਹੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਸ ਵੱਲੋਂ ਨਸ਼ੇ ਦੀ ਓਵਰਡੋਜ਼ ਲੈਣ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਤੋਂ ਬਰਾਮਦ ਹੋਏ ਕਾਗ਼ਜ਼ਾਤ ਵਿੱਚ ਜਗਮੀਤ ਸਿੰਘ ਵਾਸੀ ਨਡਾਲਾ ਡਾਕਖ਼ਾਨਾ ਦੋਰਾਂਗਲਾ ਲਿਖਿਆ ਹੋਇਆ ਸੀ। ਬਾਥਰੂਮ ਵਿੱਚੋਂ ਸਰਿੰਜ ਤੇ ਕਾਲੇ ਰੰਗ ਦੇ ਕਾਗ਼ਜ਼ ਵੀ ਬਰਾਮਦ ਹੋਏ ਹਨ। -ਪੱਤਰ ਪ੍ਰੇਰਕ
Advertisement
Advertisement