ਮਹਿੰਦਰ ਸਿੰਘ ਰੱਤੀਆਂਮੋਗਾ, 9 ਦਸੰਬਰਇਥੇ ਥਾਣਾ ਕੋਟ ਈਸੇ ਖਾਂ ਅਧੀਨ ਪਿੰਡ ਚੀਮਾ ਵਿੱਚ ਚੱਲ ਰਹੇ ਗੈਰ-ਕਾਨੂੰਨੀ ਨਸ਼ਾ ਮੁਕਤੀ ਕੇਂਦਰ ’ਚ ਮਾਪਿਆਂ ਦੇ ਇੱਕਲੌਤੇ ਪੁੱਤ ਦੀ ਅਣਮਨੁੱਖੀ ਤਸ਼ੱਦਦ ਨਾਲ 12 ਦਿਨ ਪਹਿਲਾਂ 28 ਨਵੰਬਰ ਨੂੰ ਹੋਈ ਮੌਤ ਦੇ ਮਾਮਲੇ ’ਚ ਪੁਲੀਸ ਨੇ ਕੇਂਦਰ ਸੰਚਾਲਕ ਸਣੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਅਜੇ ਗਾਂਧੀ ਨੇ ਦੱਸਿਆ ਕਿ ਮੁਲਜ਼ਮ ਦਲਜੀਤ ਸਿੰਘ ਪਿੰਡ ਸ਼ੇਰਪੁਰ ਤਖ਼ਤੂਵਾਲਾ ਅਤੇ ਕੁਲਦੀਪ ਸਿੰਘ ਵਾਸੀ ਧਰਮਕੋਟ ਨੂੰ ਪਹਿਲਾਂ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਹੁਣ ਮਾਮਲੇ ’ਚ ਦੋ ਹੋਰ ਮੁਲਜ਼ਮਾਂ ਗੈਰ-ਕਾਨੂੰਨੀ ਨਸ਼ਾ ਮੁਕਤੀ ਕੇਂਦਰ ਸੰਚਾਲਕ ਅਮਨਪ੍ਰੀਤ ਸਿੰਘ ਉਰਫ਼ ਨਿੱਕੂ ਪਿੰਡ ਕੋਕਰੀ ਕਲਾਂ ਅਤੇ ਅੰਕਿਤ ਨਾਗਪਾਲ ਉਰਫ਼ ਸੰਜੂ ਵਾਸੀ ਮੁੱਦਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਕੋਟ ਈਸੇ ਖਾਂ ਮੁਖੀ ਸੁਨੀਤਾ ਰਾਣੀ ਬਾਵਾ ਨੇ ਦੱਸਿਆ ਕਿ ਮੁਲਜ਼ਮਾਂ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਪੁੱਛ-ਗਿੱਛ ਕੀਤੀ ਜਾਵੇਗੀ ਕਿ ਇਸ ਕੇਂਦਰ ਵਿਚ ਕਿਹੜੇ-ਕਿਹੜੇ ਡਾਕਟਰ ਮਰੀਜ਼ਾਂ ਦਾ ਇਲਾਜ ਕਰਨ ਲਈ ਆਉਂਦੇ ਸਨ ਜਾਂ ਖੁਦ ਹੀ ਮਰੀਜ਼ਾਂ ਨੂੰ ਦਵਾਈਆਂ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵੱਲੋਂ ਪਿੰਡ ਚੀਮਾ ਵਿੱਚ ਕਿਰਾਏ ਦੇ ਮਕਾਨ ’ਚ ਆਸ ਦੀ ਕਿਰਨ ਫਾਊਂਡੇਸ਼ਨ ਨਾਮ ’ਤੇ ਇਹ ਕੇਂਦਰ ਚਲਾਇਆ ਜਾ ਰਿਹਾ ਸੀ। 28 ਨਵੰਬਰ ਨੂੰ ਕਰਮਜੀਤ ਸਿੰਘ ਵਾਸੀ ਜਗਰਾਉਂ ਜੋ ਇਥੇ ਮਰੀਜ਼ ਵਜੋਂ ਦਾਖਲ ਹੋਇਆ ਸੀ ਉਸ ਦੀ ਕਿਸੇ ਗੱਲ ਤੋਂ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ ਤੇ ਉਸ ਦੀ ਮੌਤ ਹੋ ਗਈ ਸੀ। ਮ੍ਰਿਤਕ ਦਾ ਕਰੀਬ 5 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ ਆਪਣੀ ਭੈਣ ਦਾ ਇਕਲੌਤਾ ਭਰਾ ਸੀ। ਮੁਲਜ਼ਮਾਂ ਨੇ ਮ੍ਰਿਤਕ ਕਰਮਜੀਤ ਸਿੰਘ ਤੋਂ ਫ਼ਰਸ਼ ’ਤੇ ਪਾਣੀ ਡੁੱਲਣ ਕਾਰਨ ਨੇ ਉਸ ਨੂੰ ਡੰਡ ਬੈਠਕ ਲਗਾਉਣ ਦੀ ਸਜ਼ਾ ਦਿੱਤੀ ਤੇ ਨਾਂਹ ਕਰਨ ’ਤੇ ਲੋਹੇ ਦੀ ਰਾਡ ਨਾਲ ਕੁੱਟਮਾਰ ਕੀਤੀ ਸੀ।