ਨਵੇਂ ਸਾਲ ’ਤੇ ਮਿਲੇਗਾ ਕੈਂਸਰ ਪੀੜਤ ਵਿਧਵਾ ਨੂੰ ਨਵਾਂ ਘਰ
ਖਸਤਾਹਾਲਤ ਘਰ ਵਿੱਚ ਆਪਣੇ ਬੱਚਿਆਂ ਨਾਲ ਗੁਰਬਤ ਦੀ ਜ਼ਿੰਦਗੀ ਬਤੀਤ ਕਰ ਰਹੀ ਕੈਂਸਰ ਪੀੜਤ ਵਿਧਵਾ ਬਲਵੰਤ ਕੌਰ ਨੂੰ ਇਸ ਵਾਰ ਨਵੇਂ ਸਾਲ ’ਤੇ ਪੱਕਾ ਘਰ ਨਸੀਬ ਹੋਵੇਗਾ। ਵਰਨਣਯੋਗ ਹੈ ਕਿ ਪਿੰਡ ਦੀਦਾਰਗੜ੍ਹ ਦੀ ਵਸਨੀਕ ਬਲਵੰਤ ਕੌਰ ਦਾ ਪਤੀ ਬੂਟਾ ਸਿੰਘ ਕਈ ਮਹੀਨੇ ਪਹਿਲਾਂ ਦੇਹਾਂਤ ਹੋ ਗਿਆ ਸੀ। ਬੂਟਾ ਸਿੰਘ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਖਰਚਾ ਚਲਾ ਰਿਹਾ ਸੀ ਤੇ ਉਸ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਆਰਥਿਕ ਸਥਿਤੀ ਬਹੁਤ ਵਿਗੜ ਗਈ। ਜ਼ਿਕਰਯੋਗ ਹੈ ਕਿ ਬਲਵੰਤ ਕੌਰ ਦਾ ਇੱਕ ਪੁੱਤਰ ਵੀ ਕੈਂਸਰ ਤੋਂ ਪੀੜਤ ਹੈ।
ਪਿੰਡ ਦੇ ਵਸਨੀਕ ਜਗਦੇਵ ਸਿੰਘ ਸੋਹਣਾ ਤੇ ਪੱਤਰਕਾਰ ਰਵੀ ਗੁਰਮਾ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਤਾਂ ਸੰਗਤ ਨੇ ਨਵੇਂ ਵਰ੍ਹੇ ’ਤੇ ਇਸ ਪਰਿਵਾਰ ਦੇ ਖਸਤਾਹਾਲ ਘਰ ਦੀ ਹਾਲਤ ਸੁਧਾਰਨ ਦੇ ਕਾਰਜ ਨੂੰ ਨੇਪਰੇ ਚੜ੍ਹਾਉਣ ਦਾ ਫ਼ੈਸਲਾ ਲਿਆ। ਉਕਤ ਆਗੂਆਂ ਨੇ ਕਿਹਾ ਕਿ ਸ਼ਾਹ ਸਤਨਾਮ ਗਰੀਨ ਐੱਸ ਵੈਲਫੇਅਰ ਕਮੇਟੀ ਦੀ ਅਗਵਾਈ ਹੇਠ ਵੱਡੀ ਗਿਣਤੀ ਸੰਗਤ ਪਹਿਲੀ ਜਨਵਰੀ ਨੂੰ ਸਵੇਰ ਤੋਂ ਸ਼ਾਮ ਤੱਕ ਬਲਵੰਤ ਕੌਰ ਦੇ ਘਰ ਦੀ ਉਸਾਰੀ ਵਿੱਚ ਸੇਵਾ ਕਰਕੇ ਸ਼ਾਮ ਤੱਕ ਪਰਿਵਾਰ ਨੂੰ ਘਰ ਵਿੱਚ ਬੈਠਣਯੋਗ ਬਣਾ ਦੇਵੇਗੀ। ਉਨ੍ਹਾਂ ਕਿਹਾ ਕਿ ਉਕਤ ਪਰਿਵਾਰ ਨੂੰ ਦੋ ਵੱਡੇ ਕਮਰੇ ਪਾ ਕੇ ਦਿੱਤੇ ਜਾਣਗੇ। ਸਥਾਨਕ ਲੋਕਾਂ ਨੇ ਦੱਸਿਆ ਕਿ ਕੁਝ ਸਿਆਸਤਦਾਨਾਂ ਵੱਲੋਂ ਵੀ ਉਕਤ ਪਰਿਵਾਰ ਨੂੰ ਪੱਕਾ ਘਰ ਬਣਾ ਕੇ ਦੇਣ ਦੇ ਵਾਅਦੇ ਕੀਤੇ ਗਏ ਸਨ ਪਰ ਉਹ ਕਦੇ ਵਫਾ ਨਾ ਹੋਏ।