ਨਵੇਂ ਸਾਲ ’ਚ ਲੁਧਿਆਣਵੀਆਂ ਨੂੰ ਮਿਲ ਸਕਦੈ ਨਵਾਂ ਮੇਅਰ
ਪੰਜਾਬ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਵਿੱਚ ਬੇਸ਼ਕ ਆਮ ਆਦਮੀ ਪਾਰਟੀ ਸਭ ਤੋਂ ਵੱਧ ਸੀਟਾਂ ਲੈ ਕੇ ਵੱਡੀ ਪਾਰਟੀ ਬਣ ਉਭਰੀ ਹੈ ਪਰ ਪੰਜ ਦਿਨਾਂ ਬਾਅਦ ਵੀ ਹਾਲੇ ਮੇਅਰ ਐਲਾਨਣ ਲਾਇਕ ਬਹੁਮਤ ਪਾਰਟੀ ਕੋਲ ਨਹੀਂ ਬਣ ਸਕੀ ਹੈ। ਪਿਛਲੇ ਦਿਨੀਂ ਕੀਤੇ ਗਏ ਜੋੜ-ਤੋੜ ਮਗਰੋਂ ਹੁਣ ਆਮ ਆਦਮੀ ਪਾਰਟੀ ਮੇਅਰ ਐਲਾਨਣ ਦੇ ਬਹੁਤ ਨੇੜੇ ਪਹੁੰਚ ਚੁੱਕੀ ਹੈ ਪਰ ਜਦੋਂ ਤੱਕ ਸਪੱਸ਼ਟ ਬਹੁਮਤ ਦਾ ਐਲਾਨ ਨਹੀਂ ਹੁੰਦਾ ਉਦੋਂ ਤੱਕ ਲੁਧਿਆਣਾ ਨਿਗਮ ਚੋਣਾਂ ਦੀ ਸਿਆਸਤ ਕਿਸੇ ਵੀ ਪਲੜੇ ਵੱਲ ਭਾਰੀ ਹੋ ਸਕਦੀ ਹੈ।
‘ਆਪ’ ਵਿਧਾਇਕ ਵੀ ਲਗਾਤਾਰ ਦਾਅਵਾ ਕਰ ਰਹੇ ਹਨ ਕਿ ਮੇਅਰ ਦਾ ਐਲਾਨ ਜਲਦੀ ਕੀਤਾ ਜਾਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਨਵੇਂ ਸਾਲ ਵਿੱਚ ਸ਼ਹਿਰ ਵਾਸੀਆਂ ਨੂੰ ਨਵਾਂ ਮੇਅਰ ਮਿਲ ਜਾਵੇਗਾ। ਆਮ ਆਦਮੀ ਪਾਰਟੀ ਪਹਿਲੀ ਵਾਰ ਲੁਧਿਆਣਾ ਦਾ ਮੇਅਰ ਬਣਾਉਣ ਲਈ ਕਾਫੀ ਉਤਸਾਹਿਤ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਪਾਰਟੀ ਕਿਸੇ ਨਵੇਂ ਚਿਹਰੇ ’ਤੇ ਦਾਅ ਲਗਾਉਣ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਕਈ ਅਜਿਹੇ ਸੀਨੀਅਰ ਆਗੂ ਇਸ ਵੇਲੇ ਪਾਰਟੀ ਵਿੱਚ ਸ਼ਾਮਲ ਹਨ ਜੋ ਦੂਜੀਆਂ ਪਾਰਟੀਆਂ ਨੂੰ ਅਲਵਿਦਾ ਆਖ ‘ਆਪ’ ’ਚ ਆਏ ਹਨ ਪਰ ਪਰਿਵਾਰਵਾਦ ਦੀ ਲੀਪ ਤੋੜਨ ਦੇ ਉਦੇਸ਼ ਹਿਤ ਇਸ ਵਾਰ ਪਾਰਟੀ ਆਗੂ ਕਿਸੇ ਨਵੇਂ ਆਗੂ ਨੂੰ ਮੇਅਰ ਬਣਾਉਣ ਬਾਰੇ ਸੋਚ ਰਹੇ ਹਨ।
ਜ਼ਿਕਰਯੋਗ ਹੈ ਕਿ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 41 ਵਾਰਡਾਂ ਵਿੱਚ ਜਿੱਤ ਹਾਸਲ ਕੀਤੀ ਸੀ ਜਿਸ ਮਗਰੋਂ ਪਹਿਲਾਂ ਵਾਰਡ 11 ਤੋਂ ਆਜ਼ਾਦ ਉਮੀਦਵਾਰ ਦੀਪਾ ਰਾਣੀ ਤੇ ਅਗਲੇ ਦਿਨ ਅਕਾਲੀ ਦਲ ਦੇ ਕੌਂਸਲਰ ਚਤਰਵੀਰ ਸਿੰਘ ਉਰਫ਼ ਕਮਲ ਅਰੋੜਾ ‘ਆਪ’ ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ ਸੱਤ ਵਿਧਾਇਕਾਂ ਨੂੰ ਜੋੜ ਕੇ ਇਹ ਅੰਕੜਾ 50 ਹੋ ਗਿਆ ਹੈ। ‘ਆਪ’ ਦੇ ਸੀਨੀਅਰ ਆਗੂ ਲਗਾਤਾਰ ਕਾਂਗਰਸ ਅਤੇ ਭਾਜਪਾ ਦੇ ਕੌਂਸਲਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ‘ਆਪ’ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਦਲਜੀਤ ਸਿੰਘ ਗਰੇਵਾਲ ਤੇ ਮਦਨ ਲਾਲ ਬੱਗਾ ਦਾਅਵਾ ਕਰ ਰਹੇ ਹਨ ਕਿ ਜਲਦੀ ਹੀ ਮੇਅਰ ਦਾ ਐਲਾਨ ਕਰ ਦਿੱਤਾ ਜਾਵੇਗਾ। ਸ਼ਹਿਰ ਦੇ ਕਈ ਕੌਂਸਲਰ ਮੇਅਰ ਦਾ ਅਹੁਦਾ ਹਾਸਲ ਕਰਨ ਲਈ ਦਿੱਲੀ ਦਰਬਾਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਕਈ ਦਿੱਲੀ ਪਹੁੰਚ ਕੇ ਆਪਣੀ ਦਾਅਵੇਦਾਰੀ ਜ਼ਾਹਰ ਵੀ ਕਰ ਚੁੱਕੇ ਹਨ। ਇਸ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਵੀ ਲਗਾਤਾਰ ਜ਼ੋਰ ਪਾਇਆ ਜਾ ਰਿਹਾ ਹੈ। ਸ਼ਹਿਰ ਦੇ ਵਿਧਾਇਕ ਵੀ ਇਨ੍ਹਾਂ ਅਹੁਦਿਆਂ ’ਤੇ ਆਪਣੇ ਚਹੇਤੇ ਕੌਂਸਲਰਾਂ ਨੂੰ ਬਿਠਾਉਣ ਲਈ ਜ਼ੋਰ-ਸ਼ੋਰ ਨਾਲ ਯਤਨ ਕਰ ਰਹੇ ਹਨ ਪਰ ਹੁਣ ਦੇਖਣਾ ਇਹ ਹੋਵੇਗਾ ਕਿ ’ਆਪ’ ਦੇ ਸੀਨੀਅਰ ਆਗੂ ਲੁਧਿਆਣਾ ਵਰਗੀ ਵੱਡੀ ਨਗਰ ਨਿਗਮ ਲਈ ਮੇਅਰ ਦੀ ਜ਼ਿੰਮੇਵਾਰੀ ਕਿਸ ਨੂੰ ਸੌਂਪਦੇ ਹਨ।