ਨਵਾਂ ਸੈਨਿਕ ਸਕੂਲ ਸਥਾਪਿਤ ਕਰਨ ਲਈ ਪ੍ਰਵਾਨਗੀ
ਪੱਤਰ ਪ੍ਰੇਰਕ
ਅੰਮ੍ਰਿਤਸਰ, 8 ਮਈ
ਸੀ.ਬੀ.ਐੱਸ.ਈ. ਤੋਂ ਮਾਨਤਾ ਪ੍ਰਾਪਤ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਪਬਲਿਕ ਸਕੂਲ ਨੂੰ ਕੇਂਦਰ ਸਰਕਾਰ ਵੱਲੋਂ ਨਵਾਂ ਸੈਨਿਕ ਸਕੂਲ ਸਥਾਪਿਤ ਕਰਨ ਦੀ ਮਨਜ਼ੂਰੀ ਮਿਲਣ ’ਤੇ ਕੌਂਸਲ ਦੇ ਆਨੇਰਰੀ ਸਕੱਤਰ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਨੂੰ ਵਧਾਈ ਦਿੰਦਿਆਂ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਕੇਂਦਰੀ ਰੱਖਿਆ ਮੰਤਰਾਲੇ ਵੱਲੋਂ ਦੇਸ਼ ਭਰ ’ਚ 23 ਨਵੇਂ ਸੈਨਿਕ ਸਕੂਲ ਸਥਾਪਿਤ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਖ਼ਾਲਸਾ ਕਾਲਜ ਪਬਲਿਕ ਸਕੂਲ ਇਹ ਰੁਤਬਾ ਹਾਸਲ ਕਰਨ ਵਾਲਾ ਇਸ ਖੇਤਰ ਦਾ ਪਹਿਲਾ ਅਤੇ ਸੂਬੇ ਭਰ ਦਾ ਦੂਜਾ ਸਕੂਲ ਹੈ।
ਛੀਨਾ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਗੈਰ-ਸਰਕਾਰੀ ਸੰਗਠਨਾਂ, ਨਿੱਜੀ ਅਤੇ ਸਰਕਾਰੀ ਸਕੂਲਾਂ ਨਾਲ ਸਾਂਝੇਦਾਰੀ ਕਰਕੇ ਨਵੇਂ ਸੈਨਿਕ ਸਕੂਲ ਸਥਾਪਿਤ ਕਰਨ ਦੀ ਪਹਿਲਕਦਮੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਤਹਿਤ ਸੈਨਿਕ ਸਕੂਲ ਸੋਸਾਇਟੀ ਵੱਲੋਂ ਦੇਸ਼ ਭਰ ’ਚ ਸਥਿਤ 37 ਨਵੇਂ ਸੈਨਿਕ ਸਕੂਲਾਂ ਨਾਲ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਨਵੇਂ ਸੈਨਿਕ ਸਕੂਲ, ਸਬੰਧਿਤ ਸਿੱਖਿਆ ਬੋਰਡਾਂ ਨਾਲ ਆਪਣੀ ਮਾਨਤਾ ਤੋਂ ਇਲਾਵਾ ਸੈਨਿਕ ਸਕੂਲ ਸੋਸਾਇਟੀ ਦੀ ਅਗਵਾਈ ਹੇਠ ਕੰਮ ਕਰਨਗੇ। ਛੀਨਾ ਨੇ ਕਿਹਾ ਕਿ ਭਾਈਵਾਲੀ ਮੋਡ ਅਧੀਨ ਨਵੇਂ ਸੈਨਿਕ ਸਕੂਲ ਖੋਲ੍ਹਣ ਲਈ ਅਰਜ਼ੀਆਂ ਅਤੇ ਹੋਰ ਮੁਲਾਂਕਣ ਤੋਂ ਬਾਅਦ ਉਨ੍ਹਾਂ ਨੂੰ ਇਹ ਸਕੂਲ ਸਥਾਪਿਤ ਕਰਨ ਦੀ ਪ੍ਰਵਾਨਗੀ ਮਿਲੀ ਹੈ।