ਨਵਾਂ ਪੈਂਤੜਾ: ਚੌਲ ਮਿੱਲਾਂ ਤੇ ਬੰਦ ਖੰਡ ਮਿੱਲਾਂ ’ਚ ਭੰਡਾਰ ਹੋਵੇਗੀ ਕਣਕ
ਚਰਨਜੀਤ ਭੁੱਲਰ
ਚੰਡੀਗੜ੍ਹ, 4 ਅਪਰੈਲ
ਪੰਜਾਬ ਸਰਕਾਰ ਲਈ ਕਣਕ ਨੂੰ ਭੰਡਾਰ ਕਰਨ ਦੀ ਚੁਣੌਤੀ ਵੱਡੀ ਹੈ, ਜਿਸ ਨਾਲ ਨਜਿੱਠਣ ਲਈ ਨਵੇਂ ਪੈਂਤੜੇ ਵਰਤੇ ਜਾਣ ਲੱਗੇ ਹਨ। ਐਤਕੀਂ ਚੌਲ ਮਿੱਲਾਂ ਤੇ ਬੰਦ ਖੰਡ ਮਿੱਲਾਂ ’ਚ ਵੀ ਕਣਕ ਭੰਡਾਰ ਕੀਤੀ ਜਾਵੇਗੀ। ਪਹਿਲੀ ਅਪਰੈਲ ਤੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋ ਚੁੱਕੀ ਹੈ ਅਤੇ ਐਤਕੀਂ 124 ਲੱਖ ਮੀਟਰਿਕ ਟਨ ਦੀ ਖ਼ਰੀਦ ਦਾ ਟੀਚਾ ਮਿੱਥਿਆ ਗਿਆ ਹੈ। ਮੰਡੀਆਂ ’ਚ ਕਣਕ ਦੀ ਆਮਦ ਦਾ ਮਹੂਰਤ ਹੋ ਚੁੱਕਾ ਹੈ।
ਲੰਘੇ ਝੋਨੇ ਦੇ ਸੀਜ਼ਨ ’ਚ ਸੂਬਾ ਸਰਕਾਰ ਨੂੰ ਕਾਫ਼ੀ ਪਾਪੜ ਵੇਲਣੇ ਪਏ ਸਨ। ਐਤਕੀਂ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੁੱਝ ਦਿਨ ਪਹਿਲਾਂ ਕੇਂਦਰੀ ਖ਼ੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਕੀਤੀ, ਜਿਸ ਮਗਰੋਂ ਪੰਜਾਬ ’ਚੋਂ ਰੋਜ਼ਾਨਾ 20 ਤੋਂ 25 ਟਰੇਨਾਂ ਜ਼ਰੀਏ ਅਨਾਜ ਦੀ ਢੋਆ-ਢੋਆਈ ਹੋਣ ਲੱਗੀ ਹੈ। ਸੂਬਾ ਸਰਕਾਰ ਨੇ ਰੋਜ਼ਾਨਾ 40 ਟਰੇਨਾਂ ਪੰਜਾਬ ਨੂੰ ਦੇਣ ਦੀ ਮੰਗ ਕੀਤੀ ਹੈ। ਅਨਾਜ ਭੰਡਾਰਨ ਦਾ ਮਸਲਾ ਹੱਲ ਕਰਨ ਵਾਸਤੇ ਕਰੀਬ 20 ਲੱਖ ਮੀਟਰਿਕ ਟਨ ਕਣਕ ਨੂੰ ਮੰਡੀਆਂ ’ਚੋਂ ਸਿੱਧੀ ਚੁਕਾਈ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ।
ਖ਼ੁਰਾਕ ਤੇ ਸਪਲਾਈਜ਼ ਵਿਭਾਗ ਨੇ 124 ਲੱਖ ਮੀਟਰਿਕ ਟਨ ਕਣਕ ਦੀ ਖ਼ਰੀਦ ਦੇ ਮਿੱਥੇ ਟੀਚੇ ’ਚੋਂ 50 ਲੱਖ ਮੀਟਰਿਕ ਟਨ ਕਣਕ ਨੂੰ ਖੁੱਲ੍ਹੇ ਗੁਦਾਮਾਂ ਵਿੱਚ ਭੰਡਾਰ ਕਰਨ ਦਾ ਪ੍ਰਬੰਧ ਕੀਤਾ ਹੋਇਆ ਹੈ। 20 ਲੱਖ ਮੀਟਰਿਕ ਟਨ ਕਣਕ ਦੀ ਮੰਡੀਆਂ ’ਚੋਂ ਸਿੱਧੀ ਚੁਕਾਈ ਕਰਵਾਈ ਜਾਣੀ ਹੈ ਅਤੇ 15 ਲੱਖ ਮੀਟਰਿਕ ਟਨ ਕਣਕ ਕਵਰਿੰਗ ਗੁਦਾਮਾਂ ਵਿੱਚ ਲਾਈ ਜਾਣੀ ਹੈ। ਇਸ ਤੋਂ ਇਲਾਵਾ ਪੰਜ ਲੱਖ ਮੀਟਰਿਕ ਟਨ ਦੀ ਸਮਰੱਥਾ ਵਾਲੇ ਨਵੇਂ ਗੁਦਾਮ ਪ੍ਰਾਪਤ ਹੋ ਗਏ ਹਨ। ਵੱਡਾ ਮਸਲਾ ਬਾਕੀ ਰਹਿੰਦੀ 35 ਲੱਖ ਮੀਟਰਿਕ ਟਨ ਕਣਕ ਨੂੰ ਭੰਡਾਰ ਕਰਨ ਦਾ ਹੈ।
ਪੰਜਾਬ ਸਰਕਾਰ ਨੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ 35 ਲੱਖ ਮੀਟਰਿਕ ਟਨ ਕਣਕ ਦਾ ਭੰਡਾਰਨ ਕਰਨ ਦਾ ਪ੍ਰਬੰਧ ਕਰਨ ਵਾਸਤੇ ਕਿਹਾ ਹੈ। ਡਿਪਟੀ ਕਮਿਸ਼ਨਰਾਂ ਵੱਲੋਂ ਪੁਰਾਣੇ ਵੇਅਰਹਾਊਸ ਅਤੇ ਪੁਰਾਣੀਆਂ ਮਿੱਲਾਂ ਦੀ ਸ਼ਨਾਖ਼ਤ ਕੀਤੀ ਗਈ ਹੈ। ਜ਼ਿਲ੍ਹਾ ਤਰਨ ਤਾਰਨ ਵਿੱਚ ਸ਼ੇਰੋਂ ਖੰਡ ਮਿੱਲ ’ਚ ਕਣਕ ਭੰਡਾਰ ਕੀਤੀ ਜਾਣੀ ਹੈ ਅਤੇ ਇਸ ਮਿੱਲ ’ਚ ਕਰੀਬ ਦੋ ਲੱਖ ਮੀਟਰਿਕ ਟਨ ਕਣਕ ਭੰਡਾਰ ਹੋਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਪੁਰਾਣੀਆਂ ਹੋਰ ਮਿੱਲਾਂ ਦੀ ਸ਼ਨਾਖ਼ਤ ਕੀਤੀ ਗਈ ਹੈ। ਸਰਕਾਰ ਨੇ ਇਸ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਫ਼ੰਡ ਵੀ ਦਿੱਤੇ ਹਨ। ਮਾਲਵਾ ਖ਼ਿੱਤੇ ’ਚ ਤਾਂ ਚੌਲ ਮਿੱਲਾਂ ਜ਼ਿਆਦਾ ਹਨ ਅਤੇ ਇਨ੍ਹਾਂ ਚੌਲ ਮਿੱਲਾਂ ’ਚ ਕਣਕ ਭੰਡਾਰ ਕੀਤੀ ਜਾਣੀ ਹੈ।
ਮਾਝੇ ਤੇ ਦੁਆਬੇ ਵਿੱਚ ਚੌਲ ਮਿੱਲਾਂ ਘੱਟ ਹਨ, ਜਿਸ ਕਰਕੇ ਉਨ੍ਹਾਂ ਖ਼ਿੱਤਿਆਂ ’ਚ ਕਣਕ ਭੰਡਾਰਨ ਲਈ ਬਦਲਵੇਂ ਪ੍ਰਬੰਧ ਕਰਨੇ ਪੈ ਰਹੇ ਹਨ। ਖੁੱਲ੍ਹੇ ਗੁਦਾਮਾਂ ’ਚ ਕਣਕ ਭੰਡਾਰ ਲਈ ਸਮੁੱਚੇ ਪੰਜਾਬ ਵਿੱਚ 20 ਲੱਖ ਕਰੇਟਾਂ ਦੀ ਲੋੜ ਹੈ ਜਿਸ ’ਚੋਂ ਕਰੀਬ ਦਸ ਲੱਖ ਕਰੇਟਾਂ ਦਾ ਪ੍ਰਬੰਧ ਹੋਣ ਦੀ ਗੱਲ ਆਖੀ ਜਾ ਰਹੀ ਹੈ, ਜਦਕਿ ਦੋ ਲੱਖ ਕਰੇਟ ਨਵੇਂ ਖ਼ਰੀਦੇ ਗਏ ਹਨ। ਅੱਠ ਲੱਖ ਕਰੇਟਾਂ ਦੇ ਟੈਂਡਰ ਮੁੜ ਲਾਏ ਗਏ ਹਨ, ਜਿਨ੍ਹਾਂ ਦੇ ਸੀਜ਼ਨ ਦੌਰਾਨ ਟਿਕਾਣਿਆਂ ’ਤੇ ਪੁੱਜਣ ਦੀ ਘੱਟ ਸੰਭਾਵਨਾ ਹੈ। ਸੂਤਰ ਦੱਸਦੇ ਹਨ ਕਿ ਚੌਲ ਮਿੱਲਾਂ ਦੇ ਕਰੀਬ ਚਾਰ ਲੱਖ ਕਰੇਟ ਵਰਤੇ ਜਾਣੇ ਹਨ, ਜਦਕਿ ਬਾਕੀ 4 ਲੱਖ ਪੁਰਾਣੇ ਕਰੇਟਾਂ ਦੀ ਮੁਰੰਮਤ ਕਰਾਈ ਜਾ ਰਹੀ ਹੈ।
ਬੇਸ਼ੱਕ ਸੂਬਾ ਸਰਕਾਰ ਨੇ ਇੰਤਜ਼ਾਮ ਕੀਤੇ ਹਨ ਪਰ ਇਸ ਵਾਰ ਕਣਕ ਭੰਡਾਰਨ ਦੇ ਰਸਤੇ ਵਿੱਚ ਵੱਡੇ ਅੜਿੱਕੇ ਹਨ। ਵਿਰੋਧੀ ਧਿਰਾਂ ਨੇ ਪਿਛਲੇ ਝੋਨੇ ਦੇ ਸੀਜ਼ਨ ਵਿੱਚ ਸਰਕਾਰ ਨੂੰ ਖ਼ਰੀਦ ਪ੍ਰਬੰਧਾਂ ’ਚ ਕਮੀ ਹੋਣ ਕਰਕੇ ਘੇਰਿਆ ਸੀ, ਜਿਸ ਕਰਕੇ ਇਸ ਵਾਰ ਸਰਕਾਰ ਜ਼ਿਆਦਾ ਚੌਕਸ ਜਾਪਦੀ ਹੈ।
ਕਣਕ ਭੰਡਾਰਨ ਦੇ ਸਮੁੱਚੇ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ
ਖ਼ੁਰਾਕ ਤੇ ਸਪਲਾਈਜ਼ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕਣਕ ਭੰਡਾਰਨ ਦੇ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਚੌਲ ਮਿੱਲਾਂ ਤੋਂ ਕਰੀਬ 60 ਫ਼ੀਸਦ ਚੌਲਾਂ ਦੀ ਚੁਕਾਈ ਹੋ ਚੁੱਕੀ ਹੈ ਅਤੇ ਇਨ੍ਹਾਂ ਮਿੱਲਾਂ ’ਚ ਹੁਣ ਕਣਕ ਭੰਡਾਰ ਕੀਤੀ ਜਾਵੇਗੀ, ਜਿਸ ਦਾ ਬਣਦਾ ਕਿਰਾਇਆ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅਨਾਜ ਦੀ ਚੁਕਾਈ ਵੀ ਹੁਣ ਤੇਜ਼ ਹੋ ਗਈ ਹੈ, ਜਿਸ ਕਰਕੇ ਕੋਈ ਮੁਸ਼ਕਲ ਨਹੀਂ ਆਵੇਗੀ।