ਨਵਜੋਤ ਸਿੱਧੂ ਵੱਲੋਂ ਆਪਣੇ ਪੁਰਾਣੇ ਕ੍ਰਿਕਟ ਸਟੇਡੀਅਮ ਦਾ ਦੌਰਾ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 25 ਦਸੰਬਰ
ਸਾਬਕਾ ਕ੍ਰਿਕਟਰ ਅਤੇ ਕਾਂਗਰਸ ਆਗੂ ਨਵਜੋਤ ਸਿੱਧੂ ਨੇ 1891 ਵਿੱਚ ਬਣਾਏ ਪਟਿਆਲਾ ਦੇ ਧਰੁਵ ਪਾਂਡਵ ਕ੍ਰਿਕਟ ਸਟੇਡੀਅਮ ਦਾ ਅੱਜ ਦੌਰਾ ਕੀਤਾ। ਸਾਬਕਾ ਸਪੋਰਟਸ ਅਫ਼ਸਰ ਸਰਬਜੀਤ ਰੋਜ਼ੀ ਤੇ ਗਰਾਊਂਡ ਦੇ ਇੰਚਾਰਜ ਬਿੱਟੂ ਬਿਲਿੰਗ ਵੀ ਉਨ੍ਹਾਂ ਦੇ ਨਾਲ ਸਨ। ਇਸ ਸਬੰਧੀ ਵੀਡੀਓ ਸਿੱਧੂ ਨੇ ਐਕਸ ’ਤੇ ਵੀ ਸਾਂਝੀ ਕੀਤੀ ਹੈ। ਉਨ੍ਹਾਂ ਐਕਸ ’ਤੇ ਕਿਹਾ, ‘ਤੀਹ ਸਾਲ ਬਾਰਾਂਦਰੀ ਕ੍ਰਿਕਟ ਗਰਾਊਂਡ ਤੱਕ ਪੈਦਲ ਜਾਣਾ ਸਾਡੀ ਜ਼ਿੰਦਗੀ ਦਾ ਨਿਰੰਤਰ ਹਿੱਸਾ ਰਿਹਾ ਹੈ। ਇਸ ਸਮੇਂ ਗਰਾਊਂਡ ਦੇ ਇੰਚਾਰਜ ਬਿੱਟੂ ਬਿਲਿੰਗ ਪੰਜਾਬ ਦੇ ਆਰਟੀਆਈ ਕਮਿਸ਼ਨਰ ਵਜੋਂ ਸੇਵਾ ਨਿਭਾਅ ਰਹੇ ਹਨ। ਇਸ ਦੇ ਹਰ ਕੋਨੇ ਵਿੱਚ ਮੇਰੇ ਮਰਹੂਮ ਪਿਤਾ ਦੀਆਂ ਯਾਦਾਂ ਵਸੀਆਂ ਹੋਈਆਂ ਹਨ।’ ਇਸ ਮੈਦਾਨ ਵਿੱਚ ਲਾਲਾ ਅਮਰਨਾਥ ਤੇ ਸਚਿਨ ਤੇਂਦੁਲਕਰ ਵੀ ਖੇਡ ਚੁੱਕੇ ਹਨ। ਕ੍ਰਿਕਟ ਨੂੰ ਭਾਰਤ ਵਿੱਚ ਸ਼ੁਰੂ ਕਰਨ ਦਾ ਸਿਹਰਾ ਮਹਾਰਾਜਾ ਪਟਿਆਲਾ ਰਾਜਿੰਦਰ ਸਿੰਘ ਨੂੰ ਜਾਂਦਾ ਹੈ, ਜਿਨ੍ਹਾਂ ਨੇ ਬਰਤਾਨੀਆ ਦੀ ਇਸ ਪਸੰਦੀਦਾ ਖੇਡ ਨੂੰ ਪਟਿਆਲਾ ਵਿੱਚ ਸ਼ੁਰੂ ਕਰਨ ਦੀ ਪਹਿਲ ਕੀਤੀ। ਉਸ ਸਮੇਂ ਪਟਿਆਲਾ ਇਲੈਵਨ ਅਤੇ ਇੰਗਲੈਂਡ ਵਿਚਾਲੇ ਕਈ ਮੈਚ ਕਰਵਾਏ ਗਏ। ਪਟਿਆਲਾ ਇਲੈਵਨ ਵਿੱਚ ਮੁਹੰਮਦ ਨਿਸਾਰ, ਲਾਲਾ ਅਮਰਨਾਥ, ਅਮੀਰ ਇਲਾਹੀ, ਕਰਨਲ ਰਾਏ ਸਿੰਘ ਅਤੇ ਪਟਿਆਲਾ ਦੇ ਮਹਾਰਾਜਾ ਯਾਦਵਿੰਦਰ ਸਿੰਘ ਖੇਡਦੇ ਰਹੇ ਹਨ। 1992 ਵਿੱਚ ਦੇਸ਼ ਦੇ ਸਭ ਤੋਂ ਨੌਜਵਾਨ ਖਿਡਾਰੀ ਧਰੁਵ ਪਾਂਡਵ ਦੇ ਵਿਛੋੜੇ ਤੋਂ ਬਾਅਦ ਇਸ ਮੈਦਾਨ ਨੂੰ ਸਟੇਡੀਅਮ ਦਾ ਦਰਜਾ ਦੇ ਕੇ ਇਸ ਨੂੰ ਧਰੁਵ ਪਾਂਡਵ ਨੂੰ ਸਮਰਪਿਤ ਕਰ ਦਿੱਤਾ ਗਿਆ ਸੀ।