ਨਰੇਗਾ ਮਜ਼ਦੂਰਾਂ ਦੇ ਕੰਮ ਵਿੱਚ ਸਿਆਸੀ ਦਖਲਅੰਦਾਜ਼ੀ ਦਾ ਦੋਸ਼
ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 6 ਜਨਵਰੀ
ਇਥੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਵੱਲੋਂ ਹਲਕਾ ਕੋਟਕਪੂਰਾ ਦੇ ਪਿੰਡ ਵਾਂਦਰ ਜਟਾਣਾ ਵਿੱਚ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਮਜ਼ਦੂਰ ਆਗੂਆਂ ਨੇ ਸੱਤਾਧਾਰੀ ਆਗੂਆਂ ਅਤੇ ਸੱਤਾਧਾਰੀ ਪੰਚਾਇਤਾਂ ’ਤੇ ਮਜ਼ਦੂਰਾਂ ਨੂੰ ਕੰਮ ਦੇਣ ਅਤੇ ਉਨ੍ਹਾਂ ਦੀਆਂ ਹਾਜ਼ਰੀਆਂ ਲਗਾਉਣ ਵਿੱਚ ਕਥਿਤ ਤੌਰ ’ਤੇ ਸਿਆਸੀ ਵਿਤਰੇਬਾਜ਼ੀ ਦਾ ਦੋਸ਼ ਲਗਾਇਆ। ਨਰੇਗਾ ਯੂਨੀਅਨ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਗੋਰਾ ਸਿੰਘ ਪਿਪਲੀ ਨੇ ਕਿਹਾ ਕਿ ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਨਰੇਗਾ ਕਾਨੂੰਨ ਆਪਣੀ ਹੋਂਦ ਗਵਾ ਰਿਹਾ ਹੈ। ਨਰੇਗਾ ਕਾਨੂੰਨ ਦਾ ਅਸਲ ਮਕਸਦ ਹਰੇਕ ਪੇਂਡੂ ਪਰਿਵਾਰ ਨੂੰ 100 ਦਿਨ ਰੁਜ਼ਗਾਰ ਮੁਹੱਈਆ ਕਰਵਾਉਣਾ ਸੀ ਪਰ ਪੰਜਾਬ ਵਿੱਚ ਕਿਤੇ ਵੀ 100 ਦਿਨ ਕੰਮ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਅਤੇ ਸੱਤਾਧਾਰੀਆਂ ਦੀਆਂ ਪੰਚਾਇਤਾਂ ਆਪਣੀ ਮਰਜ਼ੀ ਨਾਲ ਮੇਟ ਨਿਯੁਕਤ ਕਰਕੇ ਕਾਨੂੰਨ ਦੀਆਂ ਕਥਿਤ ਤੌਰ ’ਤੇ ਧੱਜੀਆਂ ਉਡਾ ਰਹੀਆਂ ਹਨ। ਲੋਕਾਂ ਦੀ ਸਹਿਮਤੀ ਤੋਂ ਬਿਨਾਂ ਮੇਟ ਥੋਪੇ ਜਾ ਰਹੇ ਹਨ, ਬਜ਼ੁਰਗ ਪੁਰਸ਼ ਅਤੇ ਔਰਤਾਂ ਨੂੰ ਕੰਮ ਤੋਂ ਜਵਾਬ ਦਿੱਤਾ ਜਾ ਰਿਹਾ ਹੈ ਅਤੇ ਮੇਟ ਸਿਰਫ ਆਪਣੇ ਚਹੇਤਿਆਂ ਨੂੰ ਕੰਮ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਜੇਕਰ ਕੰਮ ਨਾ ਮਿਲੇ ਤਾਂ ਸਰਕਾਰ ਨੇ ਬੇਰੁਜ਼ਗਾਰੀ ਭੱਤੇ ਦਾ ਪ੍ਰਬੰਧ ਕਰਨਾ ਹੁੰਦਾ ਹੈ, ਪਰ ਕਿਤੇ ਵੀ ਇਹ ਭੱਤਾ ਨਹੀਂ ਦਿੱਤਾ ਗਿਆ। ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਅਫ਼ਸਰਸ਼ਾਹੀ ਆਪਣੀ ਤਾਕਤ ਪਛਾਣੇ ਅਤੇ ਰਾਜਨੀਤਿਕ ਲੋਕਾਂ ਦੇ ਦਬਾਅ ਤੋਂ ਮੁਕਤ ਹੋਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਹਰੇਕ ਨਰੇਗਾ ਵਰਕਰ ਨੂੰ 200 ਦਿਨ ਕੰਮ ਦਿੱਤਾ ਜਾਵੇ, ਕੰਮ ਨਾ ਮਿਲਣ ਦੀ ਸੂਰਤ ਵਿੱਚ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ ਤੇ ਵਰਕਰਾਂ ਦੀ ਸਹਿਮਤੀ ਨਾਲ ਮੇਟ ਬਣਾਏ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਇਨ੍ਹਾਂ ਸਮੱਸਿਆਵਾਂ ਵੱਲ ਧਿਆਨ ਨਾ ਦਿੱਤਾ ਤਾਂ ਯੂਨੀਅਨ ਵੱਡਾ ਸੰਘਰਸ਼ ਕਰੇਗੀ।