ਨਥਾਣਾ ’ਚ ਗੰਦੇ ਪਾਣੀ ਦੀ ਨਿਕਾਸੀ ਵਾਸਤੇ ਮੁੜ ਗੱਲਬਾਤ ਸ਼ੁਰੂ
ਭਗਵਾਨ ਦਾਸ ਗਰਗ
ਨਥਾਣਾ, 27 ਨਵੰਬਰ
ਨਥਾਣਾ ਦੇ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਇਥੇ ਚਲਾਏ ਜਾ ਰਹੇ ਪੱਕੇ ਮੋਰਚੇ ਦੇ 78ਵੇਂ ਦਿਨ ਸਮੱਸਿਆ ਦੇ ਹੱਲ ਲਈ ਅੱਜ ਗੱਲਬਾਤ ਦਾ ਦੌਰ ਮੁੜ ਸ਼ੁਰੂ ਕੀਤਾ ਗਿਆ। ਥਾਣਾ ਮੁਖੀ ਹਰਜੀਤ ਸਿੰਘ ਮਾਨ ਦੇ ਉੱਦਮ ਸਦਕਾ ਸੀਵਰੇਜ ਬੋਰਡ ਦੇ ਐੱਸਡੀਓ ਨਗਰ ਪੰਚਾਇਤ ਦੇ ਅਧਿਕਾਰੀਆਂ ਅਤੇ ਯੂਨੀਅਨ ਆਗੂਆਂ ਵਿਚਕਾਰ ਚੱਲੀ ਲੰਬੀ ਗੱਲਬਾਤ ਹੋਈ ਜੋ ਮਾਮਲੇ ਦੇ ਨਿਪਟਾਰੇ ਖਾਤਰ ਚੰਗਾ ਕਦਮ ਮੰਨੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਸੀ ਕਿ ਸੀਵਰੇਜ ਬੋਰਡ ਦੇ ਉੱਚ ਅਫ਼ਸਰ (ਸੀਈਓ) ਦੇ ਦਫ਼ਤਰ ਪ੍ਰਵਾਨਗੀ ਵਾਸਤੇ ਫਾਈਲ ਭੇਜੀ ਜਾ ਚੁੱਕੀ ਹੈ ਅਤੇ ਮਨਜ਼ੂਰੀ ਮਿਲਦੇ ਸਾਰੇ ਹੀ ਪਾਈਪਾਂ ਵਿਛਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਹੈ ਕਿ ਫੰਡਾਂ ਦੀ ਕੋਈ ਕਮੀ ਨਹੀਂ ਹੈ। ਦੂਜੇ ਪਾਸੇ ਯੂਨੀਅਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਉਹ ਪਹਿਲਾਂ ਵੀ ਅਧਿਕਾਰੀਆਂ ਦੇ ਕਈ ਵਾਰ ਅਜਿਹੇ ਝੂਠੇ ਵਾਅਦਿਆਂ ’ਚ ਆ ਕੇ ਸਮੱਸਿਆ ਦਾ ਹੱਲ ਕਰਵਾਉਣ ’ਚ ਪਛੜ ਗਏ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਗੰਦੇ ਪਾਣੀ ਦੀ ਨਿਕਾਸੀ ਲਈ ਪਾਈਪਾਂ ਵਿਛਾਉਣ ਅਤੇ ਪੱਕੇ ਪ੍ਰਬੰਧ ਵਾਸਤੇ ਕੰਮ ਚਾਲੂ ਨਹੀਂ ਕੀਤੇ ਜਾਂਦੇ ਉਦੋਂ ਤੱਕ ਇਹ ਧਰਨਾ ਲਗਾਤਾਰ ਜਾਰੀ ਰਹੇਗਾ। ਕਿਸਾਨ ਆਗੂ ਹੁਸ਼ਿਆਰ ਸਿੰਘ, ਰਾਮਰਤਨ ਸਿੰਘ, ਜਸਵੰਤ ਸਿੰਘ ਗੋਰਾ, ਲਖਵੀਰ ਸਿੰਘ, ਗੁਰਮੇਲ ਸਿੰਘ, ਅਵਤਾਰ ਸਿੰਘ, ਕਮਲਜੀਤ ਕੌਰ ਅਤੇ ਪਰਮਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਵੱਲੋਂ ਪਾਣੀ ਦੀ ਨਿਕਾਸੀ ਲਈ ਹੁਣ ਤੱਕ ਦਿੱਤੇ ਗਏ ਭਰੋਸੇ ਲਾਰੇ ਸਾਬਤ ਹੋਏ ਹਨ ਜਿਸ ਕਰਕੇ ਉਹ ਆਮ ਲੋਕਾਂ ਦੀ ਸਹਿਮਤੀ ਅਤੇ ਸਮਰਥਨ ਅਨੁਸਾਰ ਧਰਨਾ ਲਗਾਤਾਰ ਜਾਰੀ ਰੱਖਣਗੇ।