ਨਗਰ ਪੰਚਾਇਤ ਘੱਗਾ ਦੇ ਪ੍ਰਧਾਨ ਦੀ ਚੋਣ ਲਈ ਜੋੜ-ਤੋੜ ਸ਼ੁਰੂ
ਘੱਗਾ, 6 ਜਨਵਰੀ
ਨਗਰ ਪੰਚਾਇਤ ਘੱਗਾ ਦੀ ਪ੍ਰਧਾਨਗੀ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਵੱਡੇ ਪੱਧਰ ’ਤੇ ਜੋੜ-ਤੋੜ ਹੋਣ ਲੱਗਾ ਹੈ| ਵੇਰਵਿਆਂ ਮੁਤਾਬਿਕ ਭਾਵੇਂ ਇਸ ਨਗਰ ਪੰਚਾਇਤ ’ਤੇ ‘ਆਪ’ ਦਾ ਕਬਜ਼ਾ ਹੋਣਾ ਤੈਅ ਹੈ ਪਰ ਹਾਲੇ ਇਹ ਗੱਲ ਸਾਫ਼ ਨਹੀ ਕਿ ਪ੍ਰਧਾਨਗੀ ਦਾ ਤਾਜ ਕਿਹੜੇ ਕੌਂਸਲਰ ਦੇ ਸਜੇਗਾ| ਇਸ ਦੌਰਾਨ ਕੌਂਸਲਰ ਗੁਰਜੀਤ ਕੌਰ ਖੰਗੂੜਾ ਤੇ ਮਿੱਠੂ ਸਿੰਘ ਪ੍ਰਧਾਨਗੀ ਲਈ ਵੱਡੇ ਦਾਅਵੇਦਾਰਾਂ ’ਚੋਂ ਸਾਹਮਣੇ ਆ ਰਹੇ ਹਨ| ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵੱਲ ਇਨੀਂ ਦਿਨੀਂ ਸਾਰੇ ਕੌਂਸਲਰਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਕਿ ਕਿਹੜੇ ਕੌਂਸਲਰ ’ਤੇ ਵਿਧਾਇਕ ਦਾ ਥਾਪੜਾ ਹੋਵੇਗਾ| ਕਈ ਕੌਂਸਲਰਾਂ ਵੱਲੋਂ ਸਿੱਧੇ ਤੌਰ ’ਤੇ ਵੀ ‘ਆਪ’ ਦੀ ਸਟੇਟ ਤੇ ਕੇਂਦਰੀ ਲੀਡਰਸ਼ਿਪ ਨਾਲ ਰਾਬਤਾ ਬਣਾਇਆ ਜਾ ਰਿਹਾ ਹੈ| ਇਹ ਵੀ ਪਤਾ ਲੱਗਾ ਹੈ ਕਿ ਕੌਂਸਲਰਾਂ ਦਾ ਇੱਕ ਵਫ਼ਦ ਲੰਘੇ ਕੱਲ੍ਹ ਦਿੱਲੀ ਤੱਕ ਵੀ ਗੇੜਾ ਲਗਾ ਕੇ ਆਇਆ ਹੈ| ਇਸ ਨਗਰ ਪੰਚਾਇਤ ’ਚ 13 ’ਚੋਂ 8 ਕੌਂਸਲਰ ‘ਆਪ’ ਦੇ ਜਿੱਤਣ ਕਾਰਨ ਬਹੁਮਤ ‘ਆਪ’ ਕੋਲ ਹੈ| ਜ਼ਿਕਰਯੋਗ ਹੈ ਕਿ ਇਥੇ 4 ਕੌਂਸਲਰ ਆਜ਼ਾਦ ਤੌਰ ’ਤੇ ਜਿੱਤੇ ਸਨ, ਜਿਨ੍ਹਾਂ ’ਚੋਂ ਵਧੇਰੇ ਸੱਤਾ ਧਿਰ ‘ਆਪ’ ’ਚ ਸ਼ਾਮਲ ਹੋ ਚੁੱਕੇ ਹਨ| ਦੱਸਿਆ ਜਾ ਰਿਹਾ ਹੈ ਕਿ ਇੱਕ ਆਜ਼ਾਦ ਕੌਂਸਲਰ ਵੀ ਅਹੁਦਿਆਂ ਦੀ ਦੌੜ ’ਚ ਸ਼ਾਮਲ ਹੈ| ਹਲਕਾ ਵਿਧਾਇਕ ਬਾਜ਼ੀਗਰ ਨੂੰ ਵੀ ਇਸ ਕਮੇਟੀ ’ਚ ਵੋਟਿੰਗ ਦਾ ਅਧਿਕਾਰ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਪੂਰੀ ਚੋਣ ਪ੍ਰਣਾਲੀ ਸਰਬਸੰਮਤੀ ਨਾਲ ਸਿਰੇ ਚੜੇਗੀ, ਕਿਉਂਕਿ ਸੱਤਾ ਧਿਰ ‘ਆਪ’ ਕੋਲ ਪੂਰਨ ਬਹੁਮਤ ਹੈ|
ਜਨਰਲ ਕੈਟਾਗਰੀ ’ਚੋਂ ਚੁਣਿਆ ਜਾਵੇਗਾ ਪ੍ਰਧਾਨ: ਵਿਧਾਇਕ
ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਦੱਸਿਆ ਕਰੀਬ ਇਸ ਹਫਤੇ ਹੀ ਕੌਂਸਲਰਾਂ ਨੂੰ ਸਹੁੰ ਚੁਕਾਈ ਜਾ ਰਹੀ ਹੈ ਤੇ ਅਜਿਹੀ ਪ੍ਰਕਿਰਿਆ ਦੌਰਾਨ ਹੀ ਪ੍ਰਧਾਨ ਤੇ ਹੋਰ ਆਹੁਦਿਆਂ ਦੀ ਬਹੁਮਤ ਆਧਾਰ ’ਤੇ ਚੋਣ ਕਰਵਾਈ ਜਾਵੇਗੀ| ਪੁੱਛਣ ’ਤੇ ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਪ੍ਰਧਾਨ ਦਾ ਅਹੁਦਾ ਜਨਰਲ ਕੈਟਾਗਰੀ ’ਚੋਂ ਚੁਣਿਆ ਜਾਏਗਾ ਤੇ ਬਾਕੀ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਬਾਰੇ ਸਥਿਤੀ ਇੱਕ ਦੋ ਦਿਨਾਂ ਨੂੰ ਸਪਸ਼ਟ ਹੋਵੇਗੀ ਕਿ ਕਿਹੜੀ ਕੈਟਾਗਿਰੀ ’ਚੋਂ ਇਹ ਅਹੁਦੇ ਭਰਨੇ ਹਨ| ਵਿਧਾਇਕ ਬਾਜ਼ੀਗਰ ਨੇ ਇਹ ਵੀ ਸਾਫ ਕੀਤਾ ਕਿ ਪ੍ਰਧਾਨ ਤੇ ਬਾਕੀ ਅਹੁਦੇ ਪਾਰਟੀ ਦੀ ਟਿਕਟ ’ਤੇ ਜਿੱਤੇ ਕੌਂਸਲਰਾਂ ’ਚੋਂ ਹੀ ਚੁਣੇ ਜਾਣਗੇ|