ਨਗਰ ਪੰਚਾਇਤ ਖਨੌਰੀ ਲਈ ਦੂਜੇ ਦਿਨ ਵੀ ਕੋਈ ਨਾਮਜ਼ਦਗੀ ਨਹੀਂ ਭਰੀ
ਗੁਰਨਾਮ ਸਿੰਘ ਚੌਹਾਨ
ਖਨੌਰੀ, 10 ਦਸੰਬਰ
ਨਗਰ ਪੰਚਾਇਤ ਖਨੌਰੀ ਦੇ 13 ਵਾਰਡਾਂ ਦੀ ਚੋਣ ਲਈ ਪ੍ਰਸ਼ਾਸਨ ਨੇ ਸਾਰੇ ਪ੍ਰਬੰਧ ਪੂਰੇ ਕਰ ਲੈਣ ਦਾ ਦਾਅਵਾ ਕੀਤਾ ਹੈ। ਚੋਣ ਲੜਨ ਦੇ ਚਾਹਵਾਨਾਂ ਨੇ ਨਾਮਜ਼ਦਗੀ ਪੱਤਰ ਪੂਰੇ ਕਰਨ ਲਈ ਨਗਰ ਪੰਚਾਇਤ ਖਨੌਰੀ ਤੋਂ ਐੱਨਓਸੀ ਲੈਣ ਵਾਲਿਆਂ ਦੀ ਭੀੜ ਲੱਗੀ ਰਹੀ। ਇੱਥੇ ਜ਼ਿਕਰਯੋਗ ਹੈ ਕਿ ਕਰੀਬ ਦੋ ਸਾਲ ਪਹਿਲਾਂ ਉਕਤ ਨਗਰ ਪੰਚਾਇਤ ਖਨੌਰੀ ਦਾ ਪ੍ਰਬੰਧ ਪ੍ਰਸ਼ਾਸਨ ਵੱਲੋਂ ਚਲਾਇਆ ਜਾ ਰਿਹਾ ਸੀ। ਖਨੌਰੀ ਦੇ 13 ਵਾਰਡਾਂ ’ਚੋਂ 4 ਜਨਰਲ ਔਰਤਾਂ, 4 ਜਨਰਲ ਮਰਦ, 2 ਐੱਸ ਸੀ ਮਰਦ, 3 ਐੱਸਸੀ ਔਰਤਾਂ ਲਈ 13 ਪੋਲਿੰਗ ਬੂਥ ਬਣਾਏ ਗਏ ਹਨ ਜਿਨ੍ਹਾਂ ਵਿੱਚ 11520 ਵੋਟਰ ਜਾ ਕੇ ਆਪਣੀ ਵੋਟ ਪਾ ਸਕਣਗੇ। ਅਧਿਕਾਰੀਆਂ ਨੇ ਦੱਸਿਆ ਕਿ ਚੋਣ ਲਈ ਸਾਰੇ ਪ੍ਰਬੰਧ ਮੁਕੰਮਲ ਕਰਕੇ ਵੋਟਾਂ ਭੁਗਤਾਉਣ ਲਈ ਪੁਲੀਸ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਜਾ ਚੁੱਕੀ ਹੈ। ਨਾਈਬ ਤਹਸੀਲਦਾਰ ਖਨੌਰੀ ਸਹਾਇਕ ਰਿਟਰਨ ਦਾ ਅਫ਼ਸਰ ਰਾਜੇਸ਼ ਕੁਮਾਰ ਆਹੂਜਾ ਨੇ ਦੱਸਿਆ ਕਿ ਅੱਜ ਦੂਜੇ ਦਿਨ ਵੀ ਕੋਈ ਨਾਮਜ਼ਦਗੀ ਪੇਪਰ ਦਾਖ਼ਲ ਨਹੀਂ ਹੋਇਆ।
ਦੇਵੀਗੜ੍ਹ (ਪੱਤਰ ਪ੍ਰੇਰਕ): ਨਵੀਂ ਬਣੀ ਨਗਰ ਪੰਚਾਇਤ ਦੇਵੀਗੜ੍ਹ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਲਈ 9 ਦਸੰਬਰ ਤੋਂ ਨਾਮਜ਼ਦਗੀਆਂ ਭਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਇੱਥੋਂ ਦੇ ਚੋਣ ਅਫ਼ਸਰ ਕ੍ਰਿਪਾਲਵੀਰ ਸਿੰਘ ਨੇ ਦੱਸਿਆ ਕਿ ਅੱਜ ਦੂਜੇ ਦਿਨ ਵੀ ਕੋਈ ਵੀ ਵਿਅਕਤੀ ਨਾਮਜ਼ਦਗੀ ਕਾਗਜ਼ ਭਰਨ ਨਹੀਂ ਆਇਆ ਪਰ ਲੋਕ ਕਾਗਜ਼ ਤਿਆਰ ਕਰਨ ਵਿੱਚ ਲੱਗੇ ਦੇਖੇ ਗਏ। ਉਨ੍ਹਾਂ ਦੱਸਿਆ ਕਿ ਇਸ ਨਗਰ ਪੰਚਾਇਤ ਵਿੱਚ 9 ਪਿੰਡ ਲਈ 13 ਵਾਰਡਾਂ ਬਣਾਈਆਂ ਗਈਆਂ ਹਨ ਜਿਨ੍ਹਾਂ ਲਈ ਚਾਹਵਾਨ ਆਪਣੇ ਕਾਗਜ਼ 12 ਦਸੰਬਰ ਤੱਕ ਮਾਰਕੀਟ ਕਮੇਟੀ ਦੁੱਧਨਸਾਧਾਂ ਵਿੱਚ ਭਰ ਸਕਦੇ ਹਨ ਅਤੇ ਕਾਗਜ਼ਾਂ ਦੀ ਪੜਤਾਲ 13 ਦਸੰਬਰ ਨੂੰ ਹੋਵੇਗੀ। ਉਮੀਦਵਾਰ 14 ਦਸੰਬਰ ਦੁਪਹਿਰ 3 ਵਜੇ ਤੱਕ ਆਪਣੇ ਕਾਗਜ਼ ਵਾਪਸ ਲੈ ਸਕਦੇ ਹਨ। ਉਮੀਦਵਾਰਾਂ ਲਈ ਕਾਗਜ਼ ਭਰਨ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਇਸ ਚੋਣ ਦੇ ਮੱਦੇਨਜ਼ਰ ਸਾਰੀਆਂ ਵਾਰਡਾਂ ਵਿੱਚ ਨੁੱਕੜ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੈ।