ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਨਗਰ ਕੀਰਤਨ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 25 ਦਸੰਬਰ
ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਨੀਲਪੁਰ ਸਥਿਤ ਗੁਰਦੁਆਰਾ ਬਾਬਾ ਸੁੱਖਾ ਸਿੰਘ ਦੇ ਪ੍ਰਬੰਧਕਾਂ ਵੱਲੋਂ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਏ ਨਗਰ ਕੀਰਤਨ ਦਾ ਥਾਂ ਥਾਂ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ। ਇਸ ਦੌਰਾਨ ਚਾਹ ਬ੍ਰੈੱਡ, ਦਾਲ ਫੁਲਕਾ ਅਤੇ ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ ਦੇ ਲੰਗਰ ਲਾਏ ਗਏ। ਗੁਰੂ ਦੀਆਂ ਲਾਡਲੀਆਂ ਫ਼ੌਜਾਂ ਨੌਜਵਾਨ ਨਿਹੰਗ ਸਿੰਘਾ ਵੱਲੋਂ ਗਤਕੇ ਦੇ ਜੌਹਰ ਦਿਖਾਏ ਗਏ।
ਨੌਗਾਵਾਂ ਵਿੱਚ ਧਾਰਮਿਕ ਸਮਾਗਮ ਕਰਵਾਇਆ
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਪਿੰਡ ਨੌਗਾਵਾਂ ਵਿੱਚ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਸਾਹਿਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦੋ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬਾਬਾ ਲਖਵਿੰਦਰ ਸਿੰਘ ਬਲਬੇੜ੍ਹਾ ਵਾਲਿਆਂ ਦੇ ਜਥੇ ਨੇ ਸ਼ਹਾਦਤ ਸਬੰਧੀ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਈ। ਉਨ੍ਹਾਂ ਕਿਹਾ ਕਿ ਕਲਗੀਧਰ ਪਿਤਾ ਦੇ ਲਾਲ ਅਤੇ ਸ਼ਹੀਦ ਸਿੰਘਾਂ ਨੇ ਆਪਣੇ ਸੀਸ ਕਟਾਉਣੇ ਮਨਜ਼ੂਰ ਕਰ ਲਏ ਪਰ ਆਪਣਾ ਧਰਮ ਨਹੀਂ ਤਬਦੀਲ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਰਗੀ ਉਦਾਹਰਨ ਦੁਨੀਆਂ ਵਿੱਚ ਹੋਰ ਕਿਤੇ ਵੀ ਨਹੀਂ ਮਿਲਦੀ। ਇਸ ਮੌਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤ ਨੇ ਹਾਜ਼ਰੀ ਭਰੀ।