ਨਗਰ ਨਿਗਮ ਚੋਣਾਂ ਲਈ ਪ੍ਰਚਾਰ ਸਿਖ਼ਰ ’ਤੇ ਪਹੁੰਚਿਆ
ਸਰਬਜੀਤ ਸਿੰਘ ਭੰਗੂ
ਪਟਿਆਲਾ, 18 ਦਸੰਬਰ
ਸ਼ਹਿਰ ਵਿੱਚ ਨਗਰ ਨਿਗਮ ਚੋਣਾਂ ਲਈ ਪ੍ਰਚਾਰ ਸਿਖ਼ਰਾਂ ’ਤੇ ਹੈ ਅਤੇ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਪੂਰੀ ਵਾਹ ਲਾਈ ਹੋਈ ਹੈ। ਇਸ ਦੌਰਾਨ ਇਕੱਤਰਤਾ ਨਹੀਂ ਕੀਤੀ ਜਾ ਸਕੇਗੀ। ਆਮ ਆਦਮੀ ਪਾਰਟੀ ਦੀ ਇਹ ਪਲੇਠੀ ਨਿਗਮ ਚੋਣ ਹੋਣ ਕਰਕੇ ਪਾਰਟੀ ਨੇ ਪੂਰਾ ਜ਼ੋਰ ਲਾਇਆ ਹੋਇਆ ਹੈ। ਅੱਜ ‘ਆਪ’ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਜਿੱਥੇ 30 ਨੰਬਰ ਵਾਰਡ ’ਚ ਕੁੰਦਨ ਗੋਗੀਆ ਤੇ 58 ’ਚ ਗੁਰਜੀਤ ਕੋਹਲੀ ਸਮੇਤ ਕਈ ਹੋਰ ਉਮੀਦਵਾਰਾਂ ਦੇ ਹੱਕ ’ਚ ਪ੍ਰਚਾਰ ਕੀਤਾ ਹੈ, ਉਥੇ ਹੀ ‘ਆਪ’ ਦੇ ਸੂਬਾਈ ਪ੍ਰਧਾਨ ਅਮਨ ਅਰੋੜਾ ਅਤੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਤਾਂ ਦੋ ਫੇਰੀਆਂ ਪਾ ਚੁੱਕੇ ਹਨ। ਅਮਨ ਅਰੋੜਾ ਨੇ ਰਾਤ ਇੱਥੇ ਗਾਂਧੀ ਨਗਰ ’ਚ ਕਈ ਉਮੀਦਵਾਰਾਂ ਦੇ ਹੱੱਕ ’ਚ ਚੋਣ ਰੈਲੀ ਕੀਤੀ। ਵਿਧਾਇਕ ਕੋਹਲੀ ਨੇ ਧੱਕੇਸ਼ਾਹੀ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਇਸੇ ਤਰ੍ਹਾਂ ਅੱੱਜ ਦੇਰ ਸ਼ਾਮ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ‘ਆਪ’ ਦੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਦੇ ਹੱਕ ’ਚ ਰੈਲੀ ਕਰਦਿਆਂ ਕੁਝ ਹੋਰ ਉਮੀਦਵਾਰਾਂ ਦੇ ਹੱਕ ’ਚ ਵੀ ਪ੍ਰਚਾਰ ਕੀਤਾ। ਦੂਜੇ ਪਾਸੇ ਭਾਜਪਾ ਮਹਿਲਾ ਮੋਰਚੇ ਦੀ ਸੂਬਾਈ ਪ੍ਰਧਾਨ ਜੈਇੰੰਦਰ ਕੌਰ, ਸਾਬਕਾ ਅਕਾਲੀ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਤੇ ਜਗਜੀਤ ਕੋਹਲੀ ਸਮੇਤ ਹਲਕਾ ਇੰਚਾਰਜ ਅਮਰਿੰਦਰ ਬਜਾਜ, ਬਿੱਟੂ ਚੱਠਾ, ਸ਼ਹਿਰੀ ਪ੍ਰਧਾਨ ਅਮਿਤ ਰਾਠੀ ਸਮੇਤ ਕਈ ਹੋਰ ਆਗੂ ਵੀ ਆਪਣੇ ਉਮੀਦਵਾਰਾਂ ਦੇ ਹੱਕ ’ਚ ਚੋਣ ਪ੍ਰਚਾਰ ਕਰ ਚੁੱਕੇ ਹਨ।
ਚੋਣਾਂ ’ਚ ਧੱਕੇਸ਼ਾਹੀ ਕਰ ਰਹੀ ਹੈ ‘ਆਪ’: ਪ੍ਰਨੀਤ ਕੌਰ
ਭਾਜਪਾ ਦੀ ਸੀਨੀਅਰ ਆਗੂ ਪ੍ਰਨੀਤ ਕੌਰ ਨੇ ਆਪਣੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ’ਚ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਪ੍ਰਨੀਤ ਕੌਰ ਨੇ ਦੋਸ਼ ਲਾਏ ਕਿ ਨਿਗਮ ਚੋਣਾਂ ਦੌਰਾਨ ਪਟਿਆਲਾ ਸ਼ਹਿਰ ਸਮੇਤ ਆਸੇ ਪਾਸੇ ਵੀ ‘ਆਪ’ ਦੀ ਗੁੰਡਾਗਰਦੀ ਸਿਖਰਾਂ ’ਤੇ ਹੈ। ਪ੍ਰਨੀਤ ਕੌਰ ਨੇ ਇਹ ਵੀ ਕਿਹਾ ਕਿ ‘ਆਪ’ ਵੱਲੋਂ ਭਾਜਪਾ ਉਮੀਦਵਾਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਇੱਥੋਂ ਤੱਕ ਕਿ ਔਰਤਾਂ ਨੂੰ ਵੀ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਨੇ ਭਾਜਪਾ ਉਮੀਦਵਾਰਾਂ ਤੇ ਵਰਕਰਾਂ ਵਿਰੁੱਧ ਝੂਠੀਆਂ ਐਫਆਈਆਰ ਦਰਜ ਕਰਨ ਦੇ ਦੋਸ਼ ਵੀ ਲਾਏ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਪਟਿਆਲਾ ਲਈ ‘ਆਪ’ ਦੀਆਂ ਗਾਰੰਟੀਆਂ ਪਹਿਲਾਂ ਹੀ ਕੇਂਦਰ ਸਰਕਾਰ ਦੀਆਂ ਸਕੀਮਾਂ ਤਹਿਤ ਲਾਗੂ ਕੀਤੀਆਂ ਜਾ ਰਹੀਆਂ ਹਨ।ਮੁੱਖ ਮੰਤਰੀ ਦੀ ਪਟਿਆਲਾ ਫੇਰੀ ਅੱਜ
ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 19 ਦਸੰਬਰ ਨੂੰ ਪਟਿਆਲਾ ਵਿੱਚ ਆ ਰਹੇ ਹਨ। ਇਸ ਦੌਰਾਨ ਉਹ ਨਗਰ ਨਿਗਮ ਚੋਣਾਂ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨਗੇ। ਇਹ ਜਾਣਕਾਰੀ ‘ਆਪ’ ਦੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਨੇ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਸਬੰਧੀ ਪਟਿਆਲਾ ਦੇ ਤ੍ਰਿਪੜੀ ਖੇਤਰ ਵਿੱਚ ਚੋਣ ਜਲਸਾ ਕੀਤਾ ਜਾਵੇਗਾ। -ਖੇਤਰੀ ਪ੍ਰਤੀਨਿਧ