ਨਗਰ ਕੌਂਸਲ ਫ਼ਰੀਦਕੋਟ ਨੂੰ ਮਿਲਿਆ ‘ਚੇਂਜ ਮੇਕਰਜ਼ ਕਨਕਲੇਵ- 2024 ਖ਼ਿਤਾਬ’
ਫ਼ਰੀਦਕੋਟ, 21 ਦਸੰਬਰ
ਐੱਸਬੀਐੱਮ 2.0 ਤਹਿਤ ਫ਼ਰੀਦਕੋਟ ਨਗਰ ਕੌਂਸਲ ਨੇ ਰਹਿੰਦ-ਖੂੰਹਦ ਪ੍ਰਬੰਧਨ ਅਤੇ ਵਾਤਾਵਰਨ ਸੰਭਾਲ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ ਜਿਸ ਲਈ ਨਗਰ ਕੌਂਸਲ ਫ਼ਰੀਦਕੋਟ ਨੂੰ ‘ਚੇਂਜ ਮੇਕਰਜ਼ ਕਨਕਲੇਵ- 2024’ ਖ਼ਿਤਾਬ ਮਿਲਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਇਹ ਐਵਾਰਡ ਕੂੜੇ ਤੇ ਰਹਿੰਦ-ਖੂੰਹਦ ਦੇ ਪ੍ਰਬੰਧਨ, ਖਾਦ ਬਣਾਉਣ ਅਤੇ ਰੀ-ਸਾਈਕਲਿੰਗ ਲਈ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਕੂੜੇ ਦੇ ਸਹੀ ਨਿਪਟਾਰੇ ਅਤੇ ਵਾਤਾਵਰਨ ਸੰਭਾਲ ਬਾਰੇ ਜਾਗਰੂਕ ਕੀਤਾ ਹੈ। ਡਿਪਟੀ ਕਮਿਸ਼ਨਰ ਨੇ ਨਗਰ ਕੌਂਸਲ ਦੇ ਪ੍ਰਧਾਨ, ਐੱਮਸੀ ਅਤੇ ਇਸ ਕੰਮ ਵਿੱਚ ਲੱਗੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਸ ਸਫ਼ਲਤਾ ਦੀ ਵਧਾਈ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੂੜਾ ਪ੍ਰਬੰਧਨ ਤੋਂ ਇਲਾਵਾ ਪਾਰਕ ਅਤੇ ਬਗੀਚੇ ਬਣਾਉਣ ਤੇ ਉਨ੍ਹਾਂ ਦੀ ਸੰਭਾਲ ਕਰਨ, ਵਾਤਾਵਰਨ ਸ਼ੁੱਧਤਾ ਵਿਚ ਯੋਗਦਾਨ ਪਾਉਣ ਅਤੇ ਵਾਤਾਵਰਨ ਨੂੰ ਹਰਾ ਬਣਾਉਣ ਆਦਿ ਪਹਿਲਕਦਮੀਆਂ ਦੇ ਮੱਦੇਨਜ਼ਰ ਹੋਏ ਫ਼ਰੀਦਕੋਟ ਨਗਰ ਕੌਂਸਲ ਨੂੰ ਇਹ ਇਨਾਮ ਮਿਲਿਆ ਹੈ, ਜੋ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਹਰ ਰੋਜ਼ ਲਗਭਗ 19 ਟਨ ਕੂੜਾ ਪੈਦਾ ਹੁੰਦਾ ਹੈ। ਫਰੀਦਕੋਟ ਦੀਆਂ ਪਹਿਲਕਦਮੀਆਂ ਕਾਰਨ ਰਹਿੰਦ-ਖੂੰਹਦ ਨੂੰ ਵੱਖ ਕਰਨ ਵਿੱਚ 30 ਪ੍ਰਤੀਸ਼ਤ ਵਾਧਾ ਹੋਇਆ ਹੈ ਜਿਸ ਤਹਿਤ ਲੈਂਡਫਿਲਜ਼ ਨੂੰ ਭੇਜੇ ਜਾਣ ਵਾਲੇ ਕੂੜੇ ਵਿੱਚ 25 ਪ੍ਰਤੀਸ਼ਤ ਕਮੀ ਆਈ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਫਰੀਦਕੋਟ ਦੀ ਤਰਫੋਂ ਤਤਕਾਲੀ ਸੈਨੇਟਰੀ ਇੰਸਪੈਕਟਰ ਦਵਿੰਦਰ ਸਿੰਘ ਨੂੰ ਉਚੇਚੇ ਤੌਰ ’ਤੇ ਰੂਪਾ ਮਿਸ਼ਰਾ, ਸੰਯੁਕਤ ਸਕੱਤਰ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਦੀ ਰਹਿਨੁਮਾਈ ਹੇਠ ਸੀ ਐੱਸ ਈ ਸੈਂਟਰ ਵੱਲੋਂ ਨਵੀਂ ਦਿੱਲੀ ਵਿੱਚ ਸ਼ਹਿਰੀ ਖੇਤਰ ਵਿੱਚ ਸੁਧਾਰ ਲਿਆਉਣ ਬਦਲੇ ਚੇਂਜ ਮੇਕਰ ਦੇ ਸਨਮਾਨ ਨਾਲ ਨਿਵਾਜਿਆ ਗਿਆ ਹੈ।