‘ਧੁੱਪ ਦੀ ਮਹਿਫਲ’ ਵਿੱਚ ਪੰਜ ਸਾਹਿਤਕਾਰਾਂ ਦਾ ਸਨਮਾਨ
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਫਰਵਰੀ
ਪੰਜਾਬੀ ਸਾਹਿਤ ਸਭਾ ਨੇ ਆਪਣੀ 32ਵੀਂ ‘ਧੁੱਪ ਦੀ ਮਹਿਫ਼ਲ’ ਪਹਿਲਾਂ ਵਾਂਗ ਮਹਿਰੌਲੀ ਸਥਿਤ ਨਵਯੁੱਗ ਫਾਰਮ ਵਿੱਚ ਬਹੁਤ ਹੀ ਖ਼ੂਬਸੂਰਤ ਅੰਦਾਜ਼ ਵਿਚ ਸਜਾਈ। ਪ੍ਰੋਗਰਾਮ ਦੀ ਪ੍ਰਧਾਨਗੀ ਪੰਜਾਬੀ ਤੇ ਪੰਜਾਬੀਅਤ ਲਈ ਫ਼ਿਕਰਮੰਦ ਸਾਬਕਾ ਭਾਰਤੀ ਸੈਨਾ ਮੁਖੀ ਤੇ ਸਾਬਕਾ ਗਵਰਨਰ ਜਨਰਲ ਜੇ.ਜੇ. ਸਿੰਘ ਨੇ ਕੀਤੀ। ਮਹਿਫ਼ਲ ਦੌਰਾਨ ਪੰਜ ਨਾਮਵਰ ਸਾਹਿਤਕਾਰ ਸ਼ਖ਼ਸੀਅਤਾਂ ਡਾ. ਰਘਬੀਰ ਸਿੰਘ, ਡਾ. ਰਾਜਿੰਦਰ ਸਿੰਘ, ਡਾ. ਮਹਿੰਦਰ ਸਿੰਘ, ਡਾ. ਕਰਨਜੀਤ ਸਿੰਘ ਅਤੇ ਕੇ. ਐੱਲ ਗਰਗ ਨੂੰ ਉਨ੍ਹਾਂ ਦੀਆਂ ਸਾਹਿਤਕ ਤੇ ਸਭਿਆਚਾਰਕ ਸੇਵਾਵਾਂ ਬਦਲੇ ਸਨਮਾਨਿਆ ਗਿਆ। ਸਨਮਾਨਿਤ ਕੀਤੇ ਜਾਣ ਦੀ ਰਸਮ ਵਿਚ ਪ੍ਰਧਾਨਗੀ ਮੰਡਲ ‘ਚ ਬੈਠੇ ਜਨਰਲ ਜੇ. ਜੇ. ਸਿੰਘ, ਡਾ. ਰੇਣੁਕਾ ਸਿੰਘ, ਚੇਅਰਪਰਸਨ ਪੰਜਾਬੀ ਸਾਹਿਤ ਸਭਾ, ਪ੍ਰਧਾਨ ਗੁਲਜ਼ਾਰ ਸਿੰਘ ਸੰਧੂ, ਜਨਰਲ ਸਕੱਤਰ ਡਾ. ਕੁਲਜੀਤ ਸ਼ੈਲੀ ਤੇ ਸਕੱਤਰ ਬਚਿੰਤ ਕੌਰ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਸਨਮਾਨ ਵਿਚ ਸ਼ਾਲ, ਸਨਮਾਨ ਚਿੰਨ੍ਹ, ਮਾਣ-ਪੱਤਰ ਤੇ 51-51 ਹਜ਼ਾਰ ਰੁਪਏ ਨਗਦ ਦਿੱਤੇ ਗਏ। ਸਮਾਗਮ ਦੇ ਆਰੰਭ ‘ਚ ਗੁਲਜ਼ਾਰ ਸਿੰਘ ਸੰਧੂ ਨੇ ਆਏ ਲੇਖਕਾਂ ਦਾ ਸਵਾਗਤ ਕੀਤਾ ਤੇ ‘ਧੁੱਪ ਦੀ ਮਹਿਫ਼ਲ’ ਦੇ ਪਿਛੋਕੜ ਬਾਰੇ ਦੱਸਿਆ। ਭਾਰੀ ਗਿਣਤੀ ‘ਚ ਜੁੜੇ ਇਸ ਲੇਖਕ ਮੇਲੇ ਨੂੰ ਸੰਬੋਧਨ ਕਰਦਿਆਂ ਜਨਰਲ ਜੇ. ਜੇ. ਸਿੰਘ ਨੇ ਪੰਜਾਬੀ ਭਾਸ਼ਾ ਦੀ ਮੌਜੂਦਾ ਸਥਿਤੀ ਤੇ ਸਭਿਆਚਾਰ ਬਾਰੇ ਚਰਚਾ ਕੀਤੀ। ਉਨ੍ਹਾਂ ਆਖਿਆ ਕਿ ਆਪਣੇ ਬੱਚਿਆਂ ਰਾਹੀਂ ਪੰਜਾਬੀ ਸਭਿਆਚਾਰ ਨੂੰ ਅੱਗੇ ਤੋਰਨ ਲਈ ਪੰਜਾਬੀ ਸੱਭਿਆਚਾਰ ਤੇ ਪੰਜਾਬੀਅਤ ਨੂੰ ਵੱਡੇ ਪੱਧਰ ‘ਤੇ ਪ੍ਰਚਾਰਿਆ ਜਾਵੇ। ਪੰਜਾਬੀ ਭਵਨ ਦੇ ਡਾਇਰੈਕਟਰ ਬਲਬੀਰ ਮਾਧੋਪੁਰੀ ਨੇ ਮੰਚ ਸੰਚਾਲਨ ਕਰਦਿਆਂ ਸਭਾ ਵਲੋਂ ਚਲਾਈਆਂ ਜਾਂਦੀਆਂ ਦੋ ਸੌ ਲਾਇਬ੍ਰੇਰੀਆਂ, ਲੋੜਵੰਦ ਲੇਖਕਾਂ, ਵਿਦਿਆਰਥੀਆਂ ਨੂੰ ਮਾਲੀ ਸਹਾਇਤਾ ਤੇ ਭਾਪਾ ਪ੍ਰੀਤਮ ਸਿੰਘ ਵਲੋਂ ਪੰਜਾਬੀ ਲੇਖਕਾਂ ਨੂੰ ਤੋਹਫ਼ੇ ਵਜੋਂ ਦਿੱਤੇ ਪੰਜਾਬੀ ਭਵਨ ਦਾ ਚਰਚਾ ਵੀ ਕੀਤਾ। ਇਸ ਮੌਕੇ ਲੇਖਕਾਂ ਨੇ ਪਿਛਲੇ ਦਿਨਾਂ ‘ਚ ਵਿਛੋੜਾ ਦੇ ਗਏ ਸਾਹਿਤਕਾਰਾਂ, ਪੱਤਰਕਾਰਾਂ ਤੇ ਕਲਾਕਾਰਾਂ ਨੂੰ ਸ਼ਰਧਾਂਜਲੀ ਭੇਡ ਕੀਤੀ। ਉਪਰੰਤ ਅਜੀਤ ਕੌਰ ਦੀ ‘ਨੀਲਾ ਘੁਮਿਆਰ’, ਡਾ. ਰੇਣੁਕਾ ਸਿੰਘ ਦੀ ‘ਨਵਾਂ ਸਵੇਰਾ-ਨਵਾਂ ਸੁਨੇਹਾ’, ਡਾ. ਕਰਨਜੀਤ ਸਿੰਘ ਦੀ ‘ਮੇਰੀ ਨਜ਼ਰ ਵਿਚ’, ਬਚਿੰਤ ਕੌਰ ਦੀ ‘ਪਗਡੰਡੀਆਂ’ (ਭਾਗ-ਦੂਜਾ), ਕੇਸਰਾ ਰਾਮ ਦੀ ਅਨੁਵਾਦਤ ‘ਕੱਕੇ ਰੇਤੇ ਵਿਚ ਉੱਗੀਆਂ ਬਾਤਾਂ’, ‘ਰੋਸ਼ਨਾਈ (ਸੱਜਾਦ ਜ਼ਹੀਰ)’ ਅਤੇ ‘ਟਾਪੂ ਨਹੀਂ ਹਾਂ ਮੈਂ’ (ਖ਼ਵਾਜਾ ਅਹਿਮਦ ਅੱਬਾਸ), ਪ੍ਰੋ ਕਰਮ ਸਿੰਘ ਸਿੰਘ ਦੀ ‘ਢੱਡ ਸਾਰੰਗੀ ਵਜਦੀ ਮਾਲਵੇ’ ਤੇ ਬਲਬੀਰ ਮਾਧੋਪੁਰੀ ਦੀ ਉਰਦੂ ਵਿਚ ਅਨੁਵਾਦ ਹੋਈ ‘ਮਿੱਟੀ ਬੋਲ ਪਈ’ ਆਦਿ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ। ਅਖੀਰ ਵਿਚ ਡਾ. ਰੇਣੁਕਾ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।