ਧੁੰਦ ਕਾਰਨ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ
ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਜਨਵਰੀ
ਸੰਘਣੀ ਧੁੰਦ ਕਾਰਨ ਲੰਘੀ ਰਾਤ ਥਾਣਾ ਭਾਦਸੋਂ ਅਧੀਨ ਪਿੰਡ ਦਿੱਤੂਪੁਰ ਵਿੱਚ ਕਾਰ ਟੋਭੇ ’ਚ ਡਿੱਗਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਤੇ ਇਹ ਤਿੰਨੋਂ ਨੌਜਵਾਨ ਆਪੋ-ਆਪਣੇ ਮਾਪਿਆਂ ਦੇ ਇਕਲੌਤੇ ਪੁੱਤਰ ਸਨ। ਇਸ ਦੌਰਾਨ ਨਾ ਸਿਰਫ਼ ਪਿੰਡ ਦਿੱਤੂਪੁਰ, ਬਲਕਿ ਸਮੁੱਚੇ ਭਾਦਸੋਂ ਇਲਾਕੇ ’ਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕਾਂ ਵਿੱਚੋਂ 30 ਸਾਲਾ ਹਰਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਭਾਰਤੀ ਜਲ ਸੈਨਾ ਵਿੱਚ ਨੌਕਰੀ ਕਰਦਾ ਸੀ। ਦੂਜਾ ਨੌਜਵਾਨ 26 ਸਾਲਾ ਇੰਦਰਜੋਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵੇਰਕਾ ਮਿਲਕ ਪਲਾਂਟ ਦਾ ਮੁਲਾਜ਼ਮ ਸੀ, ਜਦਕਿ ਤੀਜਾ ਨੌਜਵਾਨ 18 ਸਾਲਾ ਕਮਲਪ੍ਰੀਤ ਸਿੰਘ ਪੁੱਤਰ ਗੁਰਨਾਮ ਸਿੰਘ ਬਾਰ੍ਹਵੀਂ ਦਾ ਵਿਦਿਆਰਥੀ ਸੀ। ਲੰਘੀ ਰਾਤ ਜਦੋਂ ਪਿੰਡ ਦੇ ਪੰਜ ਨੌਜਵਾਨ ਜ਼ੈੱਨ ਕਾਰ ਪੀਬੀ10ਬੀਯੂ-0981 ਵਿੱਚ ਪਿੰਡ ਵਿੱਚੋਂ ਕਿਧਰੇ ਜਾ ਰਹੇ ਸਨ। ਇਸ ਦੌਰਾਨ ਹਨੇਰੇ ਅਤੇ ਧੁੰਦ ਕਾਰਨ ਰਸਤਾ ਨਾ ਦਿਖਣ ਕਰ ਕੇ ਇਨ੍ਹਾਂ ਵਿੱਚੋਂ ਇੱਕ ਨੌਜਵਾਨ ਕਾਰ ਤੋਂ ਹੇਠਾਂ ਉਤਰ ਕੇ ਮੋਬਾਈਲ ਫੋਨ ਦੀ ਬੈਟਰੀ ਨਾਲ ਚਾਨਣ ਕਰ ਕੇ ਰਸਤਾ ਦਿਖਾਉਣ ਲੱਗਾ ਪਰ ਕਾਰ ਚਾਲਕ ਨੌਜਵਾਨ ਨੂੰ ਰਸਤੇ ਦਾ ਪਤਾ ਨਾ ਲੱਗਣ ਕਾਰਨ ਕਾਰ ਪਿੰਡ ਦਿੱਤੂਪੁਰ ਦੇ ਟੋਭੇ ਵਿੱਚ ਜਾ ਡਿੱਗੀ। ਇਸ ਦੌਰਾਨ ਕਾਰ ਸਣੇ ਟੋਭੇ ਵਿੱਚ ਡਿੱਗੇ ਚਾਰ ਵਿੱਚੋਂ ਇੱਕ ਨੌਜਵਾਨ ਨੂੰ ਤਾਂ ਬਾਹਰ ਕੱਢ ਲਿਆ ਗਿਆ ਪਰ ਬਾਕੀ ਤਿੰਨ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਤਿੰਨੋਂ ਦੀਆਂ ਲਾਸ਼ਾਂ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਰਖਵਾਈਆਂ ਗਈਆਂ ਹਨ।
ਬੱਸ ਟਰੈਕਟਰ-ਟਰਾਲੀ ਨਾਲ ਟਕਰਾਈ; ਕੰਡਕਟਰ ਦੀ ਮੌਤ, 16 ਜ਼ਖ਼ਮੀ
ਮਸਤੂਆਣਾ ਸਾਹਿਬ (ਸਤਨਾਮ ਸਿੰਘ ਸੱਤੀ): ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇਅ ’ਤੇ ਪੈਂਦੇ ਪਿੰਡ ਬਹਾਦਰਪੁਰ ਨੇੜੇ ਪੀਆਰਟੀਸੀ ਚੰਡੀਗੜ੍ਹ ਡਿੱਪੂ ਦੀ ਬੱਸ ਅਤੇ ਟਰੈਕਟਰ-ਟਰਾਲੀ ਵਿਚਾਲੇ ਟੱਕਰ ਹੋ ਗਈ। ਇਸ ਕਾਰਨ ਬੱਸ ਕੰਡਕਟਰ ਦੀ ਮੌਤ ਹੋ ਗਈ ਅਤੇ 16 ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਚੌਕੀ ਬਡਰੁੱਖਾਂ ਦੇ ਇੰਚਾਰਜ ਮਿਹਰ ਸਿੰਘ ਨੇ ਦੱਸਿਆ ਕਿ ਜੇਪੀ ਟਾਇਲ ਫੈਕਟਰੀ ਅੰਦਰੋਂ ਟਰੈਕਟਰ-ਟਰਾਲੀ ਟਾਇਲਾਂ ਲੋਡ ਕਰ ਕੇ ਮੇਨ ਸੜਕ ’ਤੇ ਚੜ੍ਹ ਰਹੀ ਸੀ। ਇਸ ਦੌਰਾਨ ਸੰਗਰੂਰ ਵਾਲੇ ਪਾਸੇ ਤੋਂ ਆ ਰਹੀ ਹੈ ਪੀਆਰਟੀਸੀ ਬੱਸ ਧੁੰਦ ਜ਼ਿਆਦਾ ਹੋਣ ਕਾਰਨ ਟਰੈਕਟਰ-ਟਰਾਲੀ ਨਾਲ ਟਕਰਾਅ ਗਈ। ਇਸ ਹਾਦਸੇ ਦੌਰਾਨ ਬੱਸ ’ਚੋਂ ਸੜਕ ’ਤੇ ਡਿੱਗੇ ਕੰਡਕਟਰ ਦੀ ਮੌਕੇ ’ਤੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੰਡਕਟਰ ਰਮਨਦੀਪ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਘੁਮਿਆਰਾ (ਮਲੋਟ) ਵਜੋਂ ਹੋਈ ਹੈ। ਇਸ ਹਾਦਸੇ ਵਿੱਚ ਬੱਸ ਡਰਾਈਵਰ ਪਲਵਿੰਦਰ ਸਿੰਘ ਵਾਸੀ ਅਨੰਦਪੁਰ ਸਾਹਿਬ ਤੇ 13 ਸਵਾਰੀਆਂ ਜ਼ਖ਼ਮੀ ਹੋ ਗਈਆਂ। ਇਸ ਦੇ ਨਾਲ ਹੀ ਟਰੈਕਟਰ ਟਰਾਲੀ ਡਰਾਈਵਰ ਬਸ਼ੀਰ ਖ਼ਾਨ ਕਾਂਝਲੀ ਅਤੇ ਉਸ ਨਾਲ ਬੈਠਾ ਸਾਥੀ ਅੰਮ੍ਰਿਤਪਾਲ ਸਿੰਘ ਵੀ ਫੱਟੜ ਹੋ ਗਿਆ। ਜ਼ਖ਼ਮੀਆਂ ਨੂੰ ਲੈਣ ਵਾਸਤੇ ਗੁਰਦੁਆਰਾ ਅੰਗੀਠਾ ਸਾਹਿਬ ਮਸਤੂਆਣਾ ਸਾਹਿਬ ਤੋਂ ਆ ਰਹੀ ਐਂਬੂਲੈਂਸ ਵੀ ਹਾਦਸੇ ਦਾ ਸ਼ਿਕਾਰ ਹੋ ਗਈ। ਐਂਬੂਲੈਂਸ ਡਰਾਈਵਰ ਲਵਪ੍ਰੀਤ ਸਿੰਘ ਅਤੇ ਉਸ ਦਾ ਸਾਥੀ ਬਲਕਾਰ ਸਿੰਘ ਮਸਤੂਆਣਾ ਸਾਹਿਬ ਵੀ ਗੰਭੀਰ ਜ਼ਖ਼ਮੀ ਹੋ ਗਏ। ਸੜਕ ਸੁਰੱਖਿਆ ਫੋਰਸ ਦੇ ਨੌਜਵਾਨਾਂ ਵੱਲੋਂ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਸੰਗਰੂਰ ਦੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਚੌਕੀ ਇੰਚਾਰਜ ਮੇਹਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਬੱਸ ਡਰਾਈਵਰ ਪਲਵਿੰਦਰ ਸਿੰਘ ਵਾਸੀ ਅਨੰਦਪੁਰ ਸਾਹਿਬ ਦੇ ਬਿਆਨਾਂ ’ਤੇ ਟਰੈਕਟਰ ਡਰਾਈਵਰ ਬਸ਼ੀਰ ਖਾਨ ਵਾਸੀ ਕਾਂਝਲੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।