ਖੇਤੀ ਖਰੜਾ ਕਿਸਾਨੀ ਹਿੱਤਾਂ ਲਈ ਰੱਦ ਕੀਤਾ: ਖੁੱਡੀਆਂ
ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 10 ਜਨਵਰੀ
ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਇੱਥੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਮੰਡੀਕਰਨ ਪ੍ਰਬੰਧ ਦਾ ਨਿੱਜੀਕਰਨ ਕਰਨਾ ਚਾਹੁੰਦੀ ਸੀ। ਇਸ ਲਈ ਕੇਂਦਰ ਵੱਲੋਂ ਭੇਜਿਆ ਗਿਆ ਖੇਤੀ ਸਬੰਧੀ ਖਰੜਾ ਪੰਜਾਬ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖਰੜਾ ਕਿਸਾਨੀ ਹਿੱਤਾਂ ਲਈ ਰੱਦ ਕਰਨਾ ਜ਼ਰੂਰੀ ਸੀ। ਸ੍ਰੀ ਖੁੱਡੀਆਂ ਇੱਥੇ ਡੇਅਰੀ ਵਿਕਾਸ ਵਿਭਾਗ ਵੱਲੋਂ ਕਰਵਾਏ ਸਮਾਗਮ ’ਚ ਪੁੱਜੇ ਹੋਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮੰਡੀਕਰਨ ਢਾਂਚਾ ਸਮੁੱਚੇ ਏਸ਼ੀਆ ’ਚੋਂ ਅੱਵਲ ਹੈ। ਹਜ਼ਾਰਾਂ ਏਕੜ ਵਿੱਚ ਬਣੀਆਂ ਮੰਡੀਆਂ ’ਤੇ ਅਰਬਾਂ ਰੁਪਏ ਖ਼ਰਚ ਹੋਏ ਹਨ। ਇਨ੍ਹਾਂ ਮੰਡੀਆਂ ਸਦਕਾ ਲੱਖਾਂ ਮਜ਼ਦੂਰਾਂ ਦਾ ਘਰ ਚੱਲਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਖਰੜੇ ਵਿੱਚ ਫ਼ਸਲਾਂ ਦੀ ਐੱਮਐੱਸਪੀ ਦਾ ਕੋਈ ਜ਼ਿਕਰ ਹੀ ਨਹੀਂ ਕੀਤਾ ਗਿਆ ਸੀ। ਮੰਤਰੀ ਖੁੱਡੀਆਂ ਨੇ ਦਾਅਵਾ ਕੀਤਾ ਕਿ ਖਰੜੇ ਦੇ ਉੱਤਰ ਵਿੱਚ ਉਨ੍ਹਾਂ ਕਿਸਾਨਾਂ ਦੀ ਭਲਾਈ ਸਬੰਧੀ ਯੋਜਨਾ ਬਣਾ ਕੇ ਕੇਂਦਰ ਨੂੰ ਭੇਜੀ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਬਾਰੇ ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਕਿਸਾਨੀ ਦੇ ਇੰਨੇ ਵੱਡੇ ਸੰਘਰਸ਼ ਦੇ ਬਾਵਜੂਦ ਕੇਂਦਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਪੰਜਾਬ ਸਰਕਾਰ ਡੱਲੇਵਾਲ ਦੀ ਸਿਹਤ ਪ੍ਰਤੀ ਪੂਰੀ ਚੌਕਸ ਹੈ। ਇਸ ਮੌਕੇ ਵਿਭਾਗੀ ਅਧਿਕਾਰੀ ਅਤੇ ਪਾਰਟੀ ਆਗੂ ਸ਼ਾਮਲ ਸਨ।