ਧਰਤੀ ਹੇਠਲੇ ਬੌਲਦ
ਕੰਵਲਜੀਤ ਖੰਨਾ
ਗੱਲ ਚਾਰ ਕੁ ਵਰ੍ਹੇ ਪਹਿਲਾਂ ਦੀ ਹੈ। ਵਿਦੇਸ਼ੋਂ ਪਰਤਿਆ ਪਰਵਾਸੀ ਮਿੱਤਰ ਘਰੇ ਮਿਲਣ ਆਇਆ। ਚਾਹ ਪੀਂਦਿਆਂ ਗੱਲਾਂ ਬਾਤਾਂ ਕਰਦਿਆਂ ਪੁੱਛਣ ਲੱਗਾ, “ਕਿੱਥੇ ਕੁ ਖੜ੍ਹੈ ਥੋਡਾ ਇਨਕਲਾਬ।” ਫਿਰ ਕਹਿੰਦਾ, “ਛੱਡ ਯਾਰ, ਕੁਝ ਨੀ ਬਨਣਾ ਥੋਡਾ, ਹੁਣ ਤੂੰ ਬੁੱਢਾ ਹੋ ਚਲਿਐਂ! ਬੱਸ ਕਰ, ਬਹੁਤ ਹੋ ਗਿਆ। ਪੂਰੀ ਜਿ਼ੰਦਗੀ ਲਾ ਲੀ ਪਰ ਗੱਲ ਤਾਂ ਅੱਗੇ ਭੋਰਾ ਵੀ ਨੀ ਤੁਰੀ। ਛੱਡ ਪਰੇ, ਆਰਾਮ ਕਰ ਹੁਣ।” ਮੈਂ ਕਿਹਾ, “ਚਲ ਠੀਕ ਐ ਪਰ 2014 ਦੀ ਆਹ ਘਟਨਾ ਸੁਣ ਤੇ ਫਿਰ ਦੱਸੀਂ ਕਿ ਘਰੇ ਬਹਿ ਜਾਈਏ ਕਿ...?” ਕਹਿੰਦਾ, “ਸੁਣਾ।” ਮੈਂ ਕਿਹਾ, “ਲੈ ਸੁਣ ਫਿਰ।...”
... ਤੂੰ ਜਾਣਦਾ ਹੀ ਹੈਂ, ਮੇਰੇ ਜਗਰਾਓਂ ਸ਼ਹਿਰ ਦਾ ਅਨਾਰਕਲੀ ਬਾਜ਼ਾਰ, ਮੇਲਾ ਰੋਸ਼ਨੀਆਂ ਦਾ ਸ਼ਹਿਰ। ਜਿੱਥੇ ਮੇਲਾ ਰੋਸ਼ਨੀ ਲੱਗਦਾ, ਉਹ ਖਾਨਗਾਹ ਚੌਕ (ਹੁਣ ਕਮਲ ਚੌਕ), ਸਦਨ ਮਾਰਕੀਟ ਤੇ ਕਮੇਟੀ ਪਾਰਕ ਇੱਕੋ ਲਾਈਨ ’ਚ ਹਨ। ਅਨੇਕਾਂ ਸ਼ਹਿਰ ਵਾਸੀ ਰਾਤ ਸਮੇਂ ਰੋਟੀ ਖਾ ਕੇ ਅਕਸਰ ਹੀ ਰੋਟੀ ਹਜ਼ਮ ਕਰਨ ਟਹਿਲਣ ਨਿਕਲਦੇ ਹਨ। ਕਮੇਟੀ ਪਾਰਕ ਤੱਕ ਤਫ਼ਰੀਹ ਕਰਦੇ ਤੇ ਮੁੜ ਜਾਂਦੇ।
‘ਓਏ ਜਿਹੜਾ ਸਭ ਤੋਂ ਪਹਿਲਾਂ ਜਨਾਨੀ ਦੀ ਸਲੈਕਸ ਲਾਹੇਗਾ, ਸ਼ਰਤ ਲੱਗ’ਗੀ- ਦਾਰੂ ਦੀ ਬੋਤਲ ਇਨਾਮ।” ਬੰਦ ਹੋਈਆਂ ਦੁਕਾਨਾਂ ਦੇ ਫੱਟਿਆਂ ’ਤੇ ਬੈਠੀ ਮੰਡੀਹਰ; 6-7 ਜਣਿਆਂ ’ਚ ਹੋੜ ਲੱਗ ਗਈ। ਉਹ ਔਰਤ ਆਪਣੇ ਘਰਵਾਲੇ ਅਤੇ ਉਂਗਲ ਲੱਗੇ ਬੱਚੇ ਨਾਲ ਸੜਕ ’ਤੇ ਟਹਿਲਣ ਆਈ ਸੀ। ਕਮਲ ਚੌਕ ’ਚ ਅਜੇ ਰੇਹੜੀਆਂ ਵਾਲੇ, ਕੁਲਫੀਆਂ, ਆਈਸਕਰੀਮ, ਗੋਲਗੱਪੇ ਵੇਚਣ ਵਾਲੇ ਖੜ੍ਹੇ ਗਾਹਕਾਂ ਨੂੰ ਰਿਝਾ ਰਹੇ ਸਨ। ਰਾਤ ਦੇ ਨੌਂ ਕੁ ਵਜੇ ਸਨ। ਉਸ ਜੋੜੇ ਨਾਲ ਆਇਆ ਬੱਚਾ ਆਈਸਕਰੀਮ ਦੀ ਮੰਗ ਕਰਨ ਲੱਗਾ ਤਾਂ ਉਸ ਦਾ ਪਾਪਾ ਉਸ ਨੂੰ ਆਈਸਕਰੀਮ ਵਾਲੀ ਰੇਹੜੀ ’ਤੇ ਲੈ ਕੇ ਖੜ੍ਹ ਗਿਆ। ਸੜਕ ਦੇ ਦੂਜੇ ਕੰਡੇ ਔਰਤ ਖੜ੍ਹੀ ਉਨ੍ਹਾਂ ਦਾ ਇੰਤਜ਼ਾਰ ਕਰ ਰਹੀ ਸੀ। ਇੰਨੇ ਨੂੰ ਮੰਡੀਹਰ ਵਿਚੋਂ ਇਕ ਭੱਜ ਕੇ ਗਿਆ ਤੇ ਔਰਤ ਦੀ ਸਲੈਕਸ ਖਿੱਚ ਦਿੱਤੀ। ਦੂਰ ਚੌਕ ’ਚ ਬੈਠੀ ਬਾਕੀ ਮੰਡੀਹਰ ਨੇ ਉੱਚੀ ਹਾਸੜ ਪਾ ਕਿਲਕਾਰੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਰੌਲਾ ਪੈ ਗਿਆ, ਇਕੱਠ ਹੋ ਗਿਆ ਤੇ ਮੰਡੀਹਰ ਬਿੰਦ ਝੱਟ ’ਚ ਛੂ-ਮੰਤਰ। ਮੌਕੇ ’ਤੇ ਕਿਸੇ ਨੇ ਫੋਨ ਕਰ ਕੇ ਪੁਲੀਸ ਸੱਦੀ ਗਈ। ਮੌਕਾ ਦੇਖਿਆ, ਗੱਲਬਾਤ ਕੀਤੀ ਤੇ ਪਰਿਵਾਰ ਨੂੰ ਸਵੇਰੇ ਸਾਝਰੇ ਥਾਣੇ ਆਉਣ ਲਈ ਕਹਿ ਕੇ ਪੁਲੀਸ ਖਾਨਾਪੂਰਤੀ ਕਰ ਅਹੁ ਗਈ, ਅਹੁ ਗਈ; ਜਿਵੇਂ ਕੋਈ ਸਾਧਾਰਨ ਘਟਨਾ ਵਾਪਰੀ ਹੋਵੇ।
ਇਹ ਘਟਨਾ ਰਾਤੋ-ਰਾਤ ਵਾਇਰਲ ਹੋ ਗਈ। ਮੈਨੂੰ ਬਰਨਾਲੇ ਤੋਂ ਸਾਥੀ ਨਰੈਣ ਦੱਤ ਦਾ ਫੋਨ ਆਇਆ, “ਖੰਨਾ, ਤੇਰੇ ਸ਼ਹਿਰ ’ਚ ਸੰਗੀਨ ਹਾਦਸਾ ਵਾਪਰਿਐ, ਆਪਾਂ ਨੂੰ ਨੋਟਿਸ ਲੈਣਾ ਚਾਹੀਦੈ।”
ਉਸੇ ਸਮੇਂ ਸਵੇਰੇ ਸਾਥੀ ਵਰਕਰ ਇਕੱਠੇ ਕੀਤੇ। ਸ਼ਹਿਰ ਦੇ ਅਨਾਰਕਲੀ ਬਾਜ਼ਾਰ ਦੇ ਇੱਕ ਘੁੱਗ ਵਸਦੇ ਪੁਰਾਣੇ ਮੁਹੱਲੇ ’ਚ ਉਸ ਪਰਿਵਾਰ ਦੇ ਘਰੇ ਗਏ, ਪੁੱਛ-ਗਿੱਛ ਕੀਤੀ, ਹਮਦਰਦੀ ਜ਼ਾਹਿਰ ਕਰਦਿਆਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਪੀੜਤ ਨੂੰ ਨਾਲ ਲੈ ਕੇ ਥਾਣੇ ਗਏ, ਬਿਆਨ ਦਰਜ ਹੋਏ। ਪੀੜਤ ਨੇ ਦੱਸਿਆ ਕਿ ਉਹ ਦੋਸ਼ੀਆਂ ਨੂੰ ਪਛਾਣਦੀ ਹੈ। ਜਨਤਕ ਜਥੇਬੰਦੀਆਂ ਦੇ ਵਫ਼ਦ ਨੇ ਉਸੇ ਵਕਤ ਪੁਲੀਸ ਅਧਿਕਾਰੀਆਂ ਨੂੰ ਮਿਲ ਕੇ ਤੁਰੰਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਅਗਲੇ ਹੀ ਦਿਨ ਲੋਕ ਰੋਹ ਲਾਮਬੰਦ ਕਰਨ ਲਈ ਕੱਚਾ ਕਿਲ੍ਹਾ ਗੁਰਦੁਆਰੇ ’ਚ ਸ਼ਹਿਰ ਦੇ ਆਮ ਲੋਕਾਂ ਦਾ ਇਕੱਠ ਹੋਇਆ। ਲੰਮੀ ਵਿਚਾਰ ਚਰਚਾ ਤੋਂ ਬਾਅਦ ਕੇਸ ਦੀ ਪੈਰਵਾਈ ਲਈ ਸਾਂਝੀ ਕਮੇਟੀ ਬਣਾਈ ਗਈ। ਸ਼ਹਿਰ ’ਚ ਜ਼ੋਰਦਾਰ, ਰੋਹ ਭਰਪੂਰ ਮਾਰਚ ਕਰ ਕੇ ਔਰਤਾਂ ਪ੍ਰਤੀ ਸਮਾਜ ਦੇ ਇਸ ਮਰਦ ਪ੍ਰਧਾਨ ਨਜ਼ਰੀਏ ਖਿਲਾਫ, ਔਰਤਾਂ ’ਤੇ ਹੁੰਦੇ ਜਬਰ, ਗੁੰਡਾਗਰਦੀ ਦੇ ਖਿਲਾਫ ਲੋਕਾਂ ਨੂੰ ਸੁਚੇਤ ਕੀਤਾ ਗਿਆ। ਘਟਨਾ ਨੇ ਪੂਰੇ ਸ਼ਹਿਰ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਹਰ ਘਰ, ਹਰ ਦੇਹਲੀ ’ਤੇ ਚਰਚਾ ਚਲ ਰਹੀ ਸੀ- ‘ਸ਼ਹਿਰ ’ਚ ਧੀ ਭੈਣ ਹੁਣ ਸੜਕ ’ਤੇ ਅਜਿਹੀ ਗੁੰਡਾਗਰਦੀ ਦਾ ਸ਼ਿਕਾਰ ਹੋਵੇਗੀ ਤਾਂ ਸਮਾਜ ਦਾ ਕੀ ਬਣੂ?’
ਜ਼ੋਰਦਾਰ ਪੈਰਵਾਈ ਦਾ ਸਿੱਟਾ ਇਹ ਨਿਕਲਿਆ ਕਿ ਇੱਕ ਇੱਕ ਕਰ ਕੇ ਸਾਰੇ ਦੋਸ਼ੀ ਫੜੇ ਗਏ। ਕਮੇਟੀ ਨੇ ਇਸ ਘਟਨਾ ਨੂੰ ਲੈ ਕੇ ਸ਼ਹਿਰ ’ਚ ਮੁਹੱਲਾ ਮੀਟਿੰਗਾਂ ਕੀਤੀਆਂ ਗਈਆਂ। ਪੁਲੀਸ ਦੇ ਚਲਾਨ ਪੇਸ਼ ਹੋਣ ’ਤੇ ਪੀੜਤ ਨੇ ਅਦਾਲਤ ’ਚ ਠੋਕ ਕੇ ਬਿਆਨ ਦਿੱਤੇ। ਸਮਝੌਤੇ ਲਈ ਵੀ ਕਈ ਚੌਧਰੀਆਂ ਨੇ ਕੋਸ਼ਿਸ਼ ਕੀਤੀ ਕਿਉਕਿ ਦੋਸ਼ੀਆਂ ਵਿਚੋਂ ਇਕ ਨੌਜਵਾਨ ਸਾਬਕਾ ਨਗਰ ਕੌਂਸਲਰ ਦਾ ਭਤੀਜਾ ਸੀ। ਸਾਰੇ 6 ਦੋਸ਼ੀਆਂ ਨੂੰ ਤਿੰਨ ਤਿੰਨ ਸਾਲ ਦੀ ਸਜ਼ਾ ਹੋਈ।
ਮੌਜੂਦਾ ਦੌਰ ’ਚ ਔਰਤ ਪ੍ਰਤੀ ਅਤਿਅੰਤ ਖ਼ਤਰਨਾਕ ਵਤੀਰੇ ਦੀ ਇਹ ਦਿਲ ਕੰਬਾਊ ਘਟਨਾ ਸੀ ਜਿਸ ਨੇ ਆਮ ਲੋਕਾਂ ’ਚ ਡਰ ਤੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ। ਔਰਤਾਂ ਨੂੰ ਦੂਜੇ ਦਰਜੇ ਦਾ ਸ਼ਹਿਰੀ ਮੰਨਣ, ਪੈਰ ਦੀ ਜੁੱਤੀ ਸਮਝਣ, ਸਿਰਫ ਭੋਗਣ ਦੀ ਵਸਤ ਸਮਝਣ ਦੀ ਇਸ ਮਰਦ ਪ੍ਰਧਾਨ ਸੋਚ ਨੇ ਸ਼ਾਮ ਨੂੰ ਹਨੇਰਾ ਹੋਣ ਤੋਂ ਬਾਅਦ ਔਰਤਾਂ ਦਾ ਘਰੋਂ ਬਾਹਰ ਨਿਕਲਣਾ ਵਰਜਿਤ ਕੀਤਾ ਹੋਇਆ ਹੈ। ਜਿਸ ਸਮਾਜ ’ਚ ਔਰਤਾਂ ਦਿਨ ਸਮੇਂ ਵੀ ਸੁਰੱਖਿਅਤ ਨਾ ਹੋਣ,
ਇਥੋਂ ਤੱਕ ਕਿ ਘਰਾਂ ’ਚ ਵੀ ਸੁਰੱਖਿਅਤ ਨਾ ਹੋਣ, ਜਿੱਥੇ ਛੇੜਛਾੜ, ਬਲਾਤਕਾਰ, ਤਲਾਕ, ਔਰਤ ਤੇ ਘਰੇਲੂ ਹਿੰਸਾ ਆਮ ਵਰਤਾਰਾ ਹੋਵੇ ਤਾਂ ਸਮਝਿਆ ਜਾ ਸਕਦਾ ਹੈ ਕਿ ਲੋਕ ਪੱਖੀ ਸ਼ਕਤੀਆਂ ਸਾਹਮਣੇ ਕਿੱਡਾ ਪਹਾੜ ਜਿੱਡਾ ਕਾਰਜ ਹੈ।...
ਪਰਦੇਸੀ ਮਿੱਤਰ ਨੂੰ ਇਹ ਘਟਨਾ ਸੁਣਾ ਕੇ ਘੜੀ ਦੀ ਘੜੀ ਮੈਂ ਚੁੱਪ ਕਰ ਗਿਆ। ਉਹ ਸਾਰਾ ਸਮਾਂ ਸਾਰੀ ਗੱਲ ਬੜੇ ਧਿਆਨ ਨਾਲ ਸੁਣਦਾ ਅਚਾਨਕ ਇਕ ਦਮ ਭਾਵੁਕ ਹੋ ਮੈਨੂੰ ਚਿੰਬੜ ਗਿਆ, “ਸੌਰੀ ਵੀਰੇ ਸੌਰੀ... ਤੁਸੀਂ ਤਾਂ ਸੱਚਮੁੱਚ ਧਰਤੀ ਹੇਠਲੇ ਬੌਲਦ ਹੋ।”
ਸੰਪਰਕ: 94170-67344