ਧਨਾਸ ’ਚ ਪੁਲੀਸ ਮੁਲਾਜ਼ਮਾਂ ਲਈ ਬਣਾਏ ਜਾਣਗੇ 144 ਨਵੇਂ ਮਕਾਨ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਮਾਰਚ
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਸਰਕਾਰੀ ਮੁਲਾਜ਼ਮਾਂ ਦੇ ਰਹਿਣ ਵਾਸਤੇ ਸਰਕਾਰੀ ਮਕਾਨਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਇਸੇ ਲੜੀ ਵਿੱਚ ਯੂਟੀ ਪ੍ਰਸ਼ਾਸਨ ਨੇ ਧਨਾਸ ਸਥਿਤ ਪੁਲੀਸ ਹਾਊਸਿੰਗ ਕੰਪਲੈਕਸ ਵਿੱਚ ਚੰਡੀਗੜ੍ਹ ਪੁਲੀਸ ਦੇ ਜਵਾਨਾਂ ਲਈ 144 ਹੋਰ ਨਵੇਂ ਮਕਾਨ ਬਣਾਉਣਾ ਦਾ ਫ਼ੈਸਲਾ ਕੀਤਾ ਹੈ।
ਇਨ੍ਹਾਂ 144 ਨਵੇਂ ਮਕਾਨਾਂ ਦੀ ਉਸਾਰੀ ਅਪਰੈਲ 2025 ਤੋਂ ਸ਼ੁਰੂ ਹੋ ਜਾਵੇਗੀ, ਜਿਸ ਨੂੰ 18 ਮਹੀਨਿਆਂ ਵਿੱਚ ਮੁਕੰਮਲ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਸ਼ਾਸਨ ਵੱਲੋਂ 53.56 ਕਰੋੜ ਰੁਪਏ ਦੀ ਲਾਗਤ ਨਾਲ ਇਹ 144 ਨਵੇਂ ਮਕਾਨਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਇਹ ਸਾਰੇ ਮਕਾਨ ਦੋ ਕਮਰਿਆਂ ਵਾਲੇ ਹੋਣਗੇ, ਜਿਸ ਵਿੱਚ ਦੋ ਕਮਰਿਆਂ ਤੋਂ ਇਲਾਵਾ ਡਰਾਇਗ ਰੂਮ, ਰਸੋਈ ਤੇ ਪਖਾਨੇ ਦਾ ਪ੍ਰਬੰਧ ਕੀਤਾ ਗਿਆ ਹੈ।
ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਪੁਲੀਸ ਮੁਲਾਜ਼ਮਾਂ ਦੇ ਰਹਿਣ ਲਈ ਧਨਾਸ ਵਿਖੇ ਪੁਲੀਸ ਹਾਊਸਿੰਗ ਕੰਪਲੈਕਸ ਸਥਾਪਤ ਕੀਤਾ ਗਿਆ ਹੈ। ਇਸ ’ਚ 1152 ਮਕਾਨ ਬਣਾਉਣ ਦਾ ਟੀਚਾ ਮਿਥਿਆ ਸੀ। ਉਸ ’ਤੇ ਪੈਰਵੀ ਕਰਦਿਆਂ ਯੂਟੀ ਪ੍ਰਸ਼ਾਸਨ ਦੇ ਇੰਜਨੀਅਰਿੰਗ ਵਿਭਾਗ ਨੇ ਸਾਲ 2020 ਵਿੱਚ 192 ਘਰ, ਸਾਲ 2021 ਵਿੱਚ 144 ਘਰ, ਸਾਲ 2022 ਵਿੱਚ 216 ਘਰ ਅਤੇ ਸਾਲ 2024 ਵਿੱਚ 240 ਘਰ ਬਣਾ ਦਿੱਤੇ ਹਨ। ਜਦੋਂ ਕਿ ਹੁਣ ਆਖੀਰਲੇ ਗੇੜ ਵਿੱਚ 144 ਹੋਰ ਘਰ ਬਣਾਏ ਜਾ ਰਹੇ ਹਨ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਹਾ ਕਿ ਪੁਲੀਸ ਹਾਉਸਿੰਗ ਕੰਪਲੈਕਸ ਵਿੱਚ ਪਾਰਕਿੰਗ ਤੇ ਸੁਰੱਖਿਆ ਪ੍ਰਬੰਧਾਂ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਨ੍ਹਾਂ ਘਰਾਂ ਨੂੰ ਵੀ ਆਧੁਨਿਕ ਤਕਨੀਕ ਤੇ ਨਵੇਂ ਡਿਜ਼ਾਇਨ ਅਨੁਸਾਰ ਤਿਆਰ ਕੀਤਾ ਜਾਵੇਗਾ।