ਦੰਦਾਂ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ
ਫ਼ਤਹਿਗੜ੍ਹ ਸਾਹਿਬ: ਬ੍ਰਹਮ ਗਿਆਨੀ ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਬਰਸੀ ਮੌਕੇ ਜਿੱਥੇ ਵੱਡੇ ਪੱਧਰ ’ਤੇ ਧਾਰਮਿਕ ਦੀਵਾਨ ਸਜਾਏ ਗਏ ਉੱਥੇ ਦੰਦਾਂ ਦਾ ਮੁਫ਼ਤ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ ਡਾ. ਜਸਮੀਨ, ਡਾ. ਨਮੀਸ਼ਾ, ਡਾ. ਮਾਲਵਿੰਦਰ ਕੌਰ ਚੀਮਾ, ਡਾ. ਜਸਪ੍ਰੀਤ ਕੌਰ ਅਤੇ ਅਦਿਤਿਆ ਨੇ ਸੇਵਾਵਾਂ ਦਿੰਦਿਆਂ 150 ਦੇ ਕਰੀਬ ਮਰੀਜ਼ਾਂ ਦਾ ਚੈਕਅੱਪ ਕੀਤਾ। ਇਸ ਮੌਕੇ ਟਰੱਸਟੀ ਰਜਿੰਦਰ ਗਰੇਵਾਲ, ਸਾਧੂ ਰਾਮ ਭੱਟਮਾਜਰਾ, ਮਾਸਟਰ ਤਰਲੋਚਨ ਸਿੰਘ, ਪਿਆਰਾ ਸਿੰਘ, ਅਵਤਾਰ ਸਿੰਘ, ਮਹਿੰਦਰ ਸਿੰਘ, ਸੁਰਿੰਦਰ ਸਿੰਘ ਰੰਧਾਵਾ ਅਤੇ ਹਰਿੰਦਰ ਸਿੰਘ ਰੰਧਾਵਾ ਆਦਿ ਹਾਜ਼ਰ ਸਨ। ਗੱਦੀਨਸ਼ੀਨ ਬਾਬਾ ਪਰਮਜੀਤ ਸਿੰਘ ਨੇ ਕਿਹਾ ਕਿ ਇਹ ਸਾਰਾ ਕੁਝ ਦੇਸ਼-ਵਿਦੇਸ਼ ਦੀ ਸੰਗਤ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। -ਨਿੱਜੀ ਪੱਤਰ ਪ੍ਰੇਰਕ
ਟੀਬੀ ਸਬੰਧੀ ਜਾਗਰੂਕਤਾ ਪ੍ਰੋਗਰਾਮ
ਮੋਰਿੰਡਾ: ਸੈਕਟਰ ਕਾਈਨੌਰ ਅਧੀਨ ਸਿਹਤ ਵਿਭਾਗ ਦੀ ਟੀਮ ਨੇ ਲੋਕਾਂ ਨੂੰ ਟੀਬੀ ਦੀ ਬਿਮਾਰੀ ਸਬੰਧੀ ਜਾਗਰੂਕ ਕੀਤਾ। ਸਿਹਤ ਕਰਮੀ ਬੇਅੰਤ ਸਿੰਘ ਸਿਹਤ ਕਰਮਚਾਰੀ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਟੀਬੀ ਦੀ 100 ਦਿਨਾਂ ਮੁਹਿੰਮ ਦੀ ਸਫਲਤਾ ਲਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਰਵੇਖਣ ਕਰਵਾਇਆ ਜਾ ਰਿਹਾ ਹੈ, ਜਿਸ ਦੌਰਾਨ ਸ਼ੱਕੀ ਮਰੀਜ਼ਾਂ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਟੀਬੀ ਮਰੀਜਾਂ ਦੇ ਐਕਸ-ਰੇਅ ਅਤੇ ਬਲਗਮ ਦੀ ਜਾਂਚ ਕੀਤੀ ਜਾਵੇਗੀ। ਸੀਐੱਚਓ ਗੁਰਜੀਤ ਕੌਰ ਨੇ ਕਿਹਾ ਕਿ ਭਾਰਤ ਨੂੰ ਟੀਬੀ ਮੁਕਤ ਕਰਨ ਲਈ ਮਰੀਜ਼ਾਂ ਦਾ ਇਲਾਜ ਸਮੇਂ ਸਿਰ ਹੋਣਾ ਜ਼ਰੂਰੀ ਹੈ। -ਪੱਤਰ ਪ੍ਰੇਰਕ
ਨੂਰਪੁਰਾ ਵਾਸੀਆਂ ਦੀਆਂ ਮੁਸ਼ਕਲਾਂ ਹੋਣਗੀਆਂ ਹੱਲ: ਬੀਡੀਪੀਓ
ਅਮਲੋਹ: ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ ਅਤੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ, ਇਸੇ ਲੜੀ ਤਹਿਤ ਪਿੰਡ ਨੂਰਪੁਰਾ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਵੀ ਹੱਲ ਕੀਤਾ ਜਾਵੇਗਾ। ਇਹ ਜਾਣਕਾਰੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਅਮਲੋਹ ਮੋਹਿਤ ਕਲਿਆਣ ਨੇ ਦਿੰਦਿਆ ਦੱਸਿਆ ਕਿ ਪਿੰਡ ਨੂਰਪੁਰਾ ਦੇ ਇਕ ਹਿੱਸੇ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੂੰ ਦਰਪੇਸ਼ ਦਿੱਕਤਾਂ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਇਸ ਸਬੰਧੀ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਜੇਈ ਅਤੇ ਪੰਚਾਇਤ ਸਕੱਤਰ ਨੂੰ ਇਸ ਸਬੰਧੀ ਰਿਪੋਰਟ ਦੇਣ ਲਈ ਕਿਹਾ ਹੈ। ਰਿਪੋਰਟ ਮਿਲਦਿਆਂ ਹੀ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। -ਪੱਤਰ ਪ੍ਰੇਰਕ