ਦੋ ਰੋਜ਼ਾ ‘ਦਿ ਟ੍ਰਿਬਿਊਨ ਰੀਅਲ ਐਸਟੇਟ ਐਕਸਪੋ’ ਦਾ ਆਗਾਜ਼
ਗਗਨਦੀਪ ਅਰੋੜਾ
ਲੁਧਿਆਣਾ, 3 ਮਈ
ਇੱਥੇ ਪਹਿਲੀ ਵਾਰ ਰੀਅਲ ਐਸਟੇਟ ਸੈਕਟਰ ਦੀਆਂ ਵੱਡੀਆਂ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਲੋਕ ਇੱਕੋ ਛੱਤ ਹੇਠ ਇਕੱਠੇ ਮਿਲ ਸਕੇ। ਦਰਅਸਲ, ‘ਦਿ ਟ੍ਰਿਬਿਊਨ’ ਵੱਲੋਂ ਇੱਥੇ ਪਹਿਲੀ ਵਾਰ ‘ਦਿ ਟ੍ਰਿਬਿਊਨ ਰੀਅਲ ਐਸਟੇਟ ਐਕਸਪੋ 2025’ ਲਗਾਇਆ ਗਿਆ ਹੈ। ਦੋ ਰੋਜ਼ਾ ਐਕਸਪੋ ਦਾ ਆਗਾਜ਼ ਅੱਜ ਹੋਟਲ ਪਾਰਕ ਪਲਾਜ਼ਾ ਵਿੱਚ ਹੋਇਆ। ਇਸ ਦਾ ਉਦਘਾਟਨ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਕੀਤਾ ਅਤੇ ਉੱਥੇ ਮੌਜੂਦ ਰੀਅਲ ਐਸਟੇਟ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ। ਐਕਸਪੋ ਵਿੱਚ 22 ਦੇ ਕਰੀਬ ਵੱਡੀਆਂ ਰੀਅਲ ਐਸਟੇਟ ਕੰਪਨੀਆਂ ਨੇ ਹਿੱਸਾ ਲਿਆ। ਪਹਿਲੇ ਦਿਨ ਦੀ ਸ਼ੁਰੂਆਤ ਦੌਰਾਨ ਕੰਪਨੀਆਂ ਨੂੰ ਲੁਧਿਆਣਾ ਵਾਸੀਆਂ ਵੱਲੋਂ ਚੰਗਾ ਹੁੰਗਾਰਾ ਮਿਲਿਆ। ਵੱਡੀ ਗਿਣਤੀ ਵਿੱਚ ਆਏ ਸ਼ਹਿਰ ਵਾਸੀਆਂ ਨੇ ਐਕਸਪੋ ਵਿੱਚ ਸ਼ਹਿਰ ਵਿੱਚ ਆਉਣ ਵਾਲੇ ਨਵੇਂ ਪ੍ਰਾਜੈਕਟਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਹ ਐਕਸਪੋ 4 ਮਈ ਨੂੰ ਸਵੇਰੇ 11 ਤੋਂ ਸ਼ਾਮ 7 ਵਜੇ ਤੱਕ ਹੋਟਲ ਵਿੱਚ ਜਾਰੀ ਰਹੇਗਾ।
ਐਕਸਪੋ ਦੀ ਸ਼ੁਰੂਆਤ ਦੌਰਾਨ ‘ਦਿ ਟ੍ਰਿਬਿਊਨ’ ਦੇ ਜਨਰਲ ਮੈਨੇਜਰ ਅਮਿਤ ਸ਼ਰਮਾ ਤੇ ਸੰਜੀਵ ਬਰਿਆਣਾ ਨੇ ਮੁੱਖ ਮਹਿਮਾਨ ਨੂੰ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ। ‘ਦਿ ਟ੍ਰਿਬਿਊਨ’ ਵੱਲੋਂ ਪਹਿਲੀ ਵਾਰ ਅਜਿਹਾ ਐਕਸਪੋ ਲਗਾਇਆ ਗਿਆ ਹੈ, ਜਿਸ ਨੂੰ ਲੁਧਿਆਣਾ ਵਾਸੀਆਂ ਨੇ ਚੰਗਾ ਹੁੰਗਾਰਾ ਦਿੱਤਾ। ਸ਼ਹਿਰ ਦੇ ਲੋਕਾਂ ਦਾ ਕਹਿਣਾ ਹੈ ਕਿ ‘ਦਿ ਟ੍ਰਿਬਿਊਨ’ ਵੱਲੋਂ ਇਹ ਰੀਅਲ ਐਸਟੇਟ ਐਕਸਪੋ ਲਗਾਇਆ ਗਿਆ ਹੈ, ਇਸ ਕਰਕੇ ਇਸ ’ਤੇ ਲੋਕਾਂ ਨੂੰ ਜ਼ਿਆਦਾ ਭਰੋਸਾ ਹੋ ਰਿਹਾ ਹੈ। ਇਸ ਦੌਰਾਨ ਸ਼ਹਿਰ ਦੇ ਜਿੰਨੇ ਵੀ ਵੱਡੇ ਪ੍ਰਾਜੈਕਟ ਹਨ, ਉਨ੍ਹਾਂ ਦੇ ਸਾਰੇ ਹੀ ਨੁਮਾਇੰਦੇ ਇੱਥੇ ਮੌਜੂਦ ਸਨ, ਜਿਨ੍ਹਾਂ ਨੇ ਕਾਫ਼ੀ ਵਧੀਆ ਢੰਗ ਨਾਲ ਪ੍ਰਾਜੈਕਟ ਬਾਰੇ ਜਾਣਕਾਰੀ ਸਾਂਝੀ ਕੀਤੀ।
ਐਕਸਪੋ ਲਈ ਮੇਨ ਸਪਾਂਸਰ ਵਜੋਂ ਹੈਪਟਨ ਸਕਾਈ ਰਿਐਲਿਟੀ, ਸਹਿ ਸਪਾਂਸਰ ਵੱਜੋਂ ਏਜੀਆਈ ਇੰਫਰਾ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਐਕਸਪੋ ਵਿੱਚ ਦਿ ਵਿਲਕੇਨ ਹਾਈਟਸ, ਵਿਮਾਨਾ ਗਰੁੱਪ, ਜੀਕੇ ਅਸਟੇਟ, ਐੱਸਬੀਪੀ, ਅਤੁੱਲਯਮ, ਬੀਲੇਅਰ, ਲੁਧਿਆਣਾ ਹਾਈਟਸ, ਓਮੈੱਕਸ, ਐਲਡੀਕੋ, ਕੈਮਬੀਅਮ, ਦਾਸ ਐਸੋਸੀਏਟ, ਓਮੇਰਾ, ਵੈਸਟਰਨ ਲਿਵਿੰਗ, ਆਰਆਈਪੀਐੱਸਐੱਸ, ਇਵੋਕ, ਮੈਜੀਕਿਊ ਕੰਪਨੀ ਨੇ ਆਪਣੇ ਪ੍ਰੋਡਕਟਾਂ ਦੀ ਨੁਮਾਇਸ਼ ਲਾਈ।