ਨਿੱਜੀ ਪੱਤਰ ਪ੍ਰੇਰਕਲੁਧਿਆਣਾ, 26 ਦਸੰਬਰਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਹੈਰੋਇਨ, ਨਸ਼ੀਲੀਆਂ ਗੋਲੀਆਂ ਅਤੇ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਹੈ। ਥਾਣਾ ਸਰਾਭਾ ਨਗਰ ਦੇ ਥਾਣੇਦਾਰ ਰਾਜਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਸਬੰਧੀ ਪਿੰਡ ਇਯਾਲੀ ਕਲਾਂ ਤੋਂ ਬਾੜੇਵਾਲ ਵੱਲ ਜਾ ਰਹੀ ਸੀ ਤਾਂ ਸੂਆ ਰੋਡ ’ਤੇ ਸਾਹਮਣੇ ਤੋਂ ਇੱਕ ਸ਼ੱਕੀ ਵਿਅਕਤੀ ਆਉਂਦਾ ਦਿਖਾਈ ਦਿੱਤਾ। ਉਸ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 7 ਗ੍ਰਾਮ ਹੈਰੋਇਨ ਤੇ 270 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਮੁਲਜ਼ਮ ਦੀ ਪਛਾਣ ਸਵਰਨ ਸਿੰਘ ਵਾਸੀ ਪਿੰਡ ਤਲਵੰਡੀ ਨੌ ਆਬਾਦ, ਮੁੱਲਾਂਪੁਰ ਵਜ਼ੋਂ ਦੱਸੀ ਗਈ ਹੈ। ਇਸੇ ਤਰ੍ਹਾਂ ਥਾਣਾ ਮੋਤੀ ਨਗਰ ਦੇ ਥਾਣੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਸਬੰਧੀ ਟਰਾਂਸਪੋਰਟ ਨਗਰ ਕੱਟ ਨੇੜੇ ਤਹਿਸੀਲ ਹਾਜ਼ਰ ਸੀ ਤਾਂ ਸੂਚਨਾ ਮਿਲਣ ’ਤੇ ਬਲਵਿੰਦਰ ਉਰਫ਼ ਘੋੜਾ ਵਾਸੀ ਗਿਆਸਪੁਰਾ ਨੂੰ ਜਲੰਧਰੀਏ ਸ਼ੋਅ ਰਿਪੇਅਰ ਦੀ ਕੰਧ ਦੇ ਨਾਲ ਟਰਾਂਸਪੋਰਟ ਨਗਰ ਤੋਂ ਕਾਬੂ ਕਰ ਕੇ ਉਸ ਕੋਲੋਂ 8 ਕਿਲੋ ਭੁੱਕੀ ਚੂਰਾ ਪੋਸਤ, 150 ਰੁਪਏ ਤੇ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਹੈ।