ਦੋ ਜਣੇ ਹੈਰੋਇਨ ਸਣੇ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਪਠਾਨਕੋਟ, 27 ਅਪਰੈਲ
ਸ਼ਾਹਪੁਰਕੰਢੀ ਦੀ ਪੁਲੀਸ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਇੱਕ ਆਦਮੀ ਅਤੇ ਇੱਕ ਔਰਤ ਨੂੰ 60.22 ਗ੍ਰਾਮ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਖਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸ਼ਾਹਪੁਰਕੰਢੀ ਥਾਣੇ ਦੀ ਐੱਸਐੱਚਓ ਸਬ-ਇੰਸਪੈਕਟਰ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਸ਼ਾਹਪੁਰਕੰਢੀ ਦੇ ਤਿੱਖੇ ਮੋੜ ’ਤੇ ਤਵੀ ਕਾਲਜ ਕੋਲ ਵਾਹਨਾਂ ਦੀ ਚੈਕਿੰਗ ਲਈ ਏਐੱਸਆਈ ਨਰੇਸ਼ ਕੁਮਾਰ ਵੱਲੋਂ ਨਾਕਾ ਲਗਾਇਆ ਗਿਆ ਸੀ ਤਾਂ ਉਸੇ ਸਮੇਂ ਤਵੀ ਕਾਲਜ ਦੇ ਨਾਲ ਲੱਗਦੇ ਇੱਕ ਹੋਟਲ ਦੇ ਉਪਰੀ ਹਿੱਸੇ ’ਤੇ ਇੱਕ ਵਿਅਕਤੀ ਅਤੇ ਇੱਕ ਔਰਤ ਆਪਣੇ ਕਮਰੇ ਦੇ ਬਾਹਰ ਖੜ੍ਹੇ ਸੀ ਤੇ ਜਿਉਂ ਹੀ ਉਕਤ ਦੋਵਾਂ ਨੇ ਪੁਲੀਸ ਪਾਰਟੀ ਨੂੰ ਸਾਹਮਣੇ ਨਾਕੇ ’ਤੇ ਦੇਖਿਆ ਤਾਂ ਘਬਰਾ ਗਏ ਅਤੇ ਤੇਜ਼ੀ ਨਾਲ ਆਪਣੇ ਕਮਰੇ ਵੱਲ ਜਾਣ ਲੱਗੇ।
ਜਾਂਚ ਅਧਿਕਾਰੀ ਨਰੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੋਣ ਤੇ ਉਹ ਹੋਟਲ ਦੇ ਉਪਰਲੇ ਕਮਰੇ ਵਿੱਚ ਗਏ ਅਤੇ ਉੱਥੇ ਇੱਕ ਵਿਅਕਤੀ ਜਿਸ ਦਾ ਨਾਂ ਬਲਵੀਰ ਸਿੰਘ ਉਰਫ ਕਾਲਾ ਆਪਣੇ ਹੱਥ ਵਿੱਚ ਫੜੇ ਹੋਏ ਪਲਾਸਟਿਕ ਦੇ ਲਿਫਾਫੇ ਨੂੰ ਕਮਰੇ ਤੋਂ ਥੱਲ੍ਹੇ ਸੁੱਟਣ ਲੱਗਾ ਜਿਸ ਨੂੰ ਆਪਣੇ ਕਬਜ਼ੇ ਵਿੱਚ ਲਿਆ ਤਾਂ ਉਸ ਵਿੱਚ 30.12 ਗ੍ਰਾਮ ਚਿੱਟਾ ਮਿਲਿਆ। ਉਨ੍ਹਾਂ ਦੱਸਿਆ ਕਿ ਇਸ ਵਿੱਚ ਉਨ੍ਹਾਂ ਵੱਲੋਂ ਕਮਰੇ ਅੰਦਰ ਆਪਣੇ ਬਿਸਤਰੇ ’ਤੇ ਲੇਟੀ ਹੋਈ ਔਰਤ ਜਿਸ ਦਾ ਨਾ ਸਰਬਜੀਤ ਕੌਰ ਉਰਫ ਜੱਸੀ ਵਾਸੀ ਅੰਮ੍ਰਿਤਸਰ ਸੀ, ਨੂੰ ਉੱਠਣ ਲਈ ਕਿਹਾ ਤਾਂ ਉਹ ਨਾ ਉੱਠੀ। ਉਸ ਨੂੰ ਮਹਿਲਾ ਪੁਲੀਸ ਦੀ ਸਹਾਇਤਾ ਨਾਲ ਬਿਸਤਰੇ ਤੋਂ ਉਠਾਇਆ ਗਿਆ ਤਾਂ ਸਰਾਹਣੇ ਥੱਲਿਓਂ 30.10 ਗ੍ਰਾਮ ਚਿੱਟਾ ਮਿਲਿਆ ਜਿਸ ’ਤੇ ਦੋਵਾਂ ਮੁਲਜ਼ਮਾਂ ਨੂੰ ਕੁੱਲ 60.22 ਗ੍ਰਾਮ ਚਿੱਟੇ ਸਮੇਤ ਗ੍ਰਿਫ਼ਤਾਰ ਕਰ ਕੇ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਹੈਰੋਇਨ ਅਤੇ ਡਰੱਗ ਮਨੀ ਸਣੇ ਦੋ ਕਾਬੂ
ਕਾਦੀਆਂ: ਥਾਣਾ ਕਾਦੀਆਂ ਦੀ ਪੁਲੀਸ ਨੇ 6.15 ਮਿਲੀਗ੍ਰਾਮ ਹੈਰੋਇਨ ਅਤੇ 2000 ਰੁਪਏ ਡਰੱਗ ਮਨੀ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਵਿਰੁੱਧ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਹੈ। ਥਾਣਾ ਕਾਦੀਆਂ ਦੇ ਏਐੱਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਗਸ਼ਤ ਕਰਦਿਆਂ ਸ਼ਹਿਰ ਦੀ ਟਕੋਆਣਾ ਰੋਡ ਉਪਰ ਗੁਰਦੁਆਰਾ ਬਾਬਾ ਦਲੇਰ ਸਿੰਘ ਕਾਦੀਆਂ ਨੇੜੇ ਪੁੱਜੇ ਤਾਂ ਸ਼ੱਕ ਦੇ ਆਧਾਰ ’ਤੇ ਦੋ ਨੌਜਵਾਨਾਂ ਨੂੰ ਕਾਬੂ ਕਰ ਕੇ ਤਲਾਸ਼ੀ ਲੈਣ ’ਤੇ ਉਨ੍ਹਾਂ ਕੋਲੋਂ 6.15 ਮਿਲੀਗ੍ਰਾਮ ਹੈਰੋਇਨ ਅਤੇ 2000 ਰੁਪਏ ਡਰੱਗ ਮਨੀ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਠੱਕਰਸੰਧੂ ਥਾਣਾ ਸੇਖਵਾਂ ਅਤੇ ਕਮਲਜੋਤ ਸਿੰਘ ਉਰਫ਼ ਜੋਤ ਵਾਸੀ ਡੱਲਾ ਵਾੜੇ ਹਵੇਲੀਆਂ ਥਾਣਾ ਕਾਦੀਆਂ ਵਜੋਂ ਹੋਈ ਹੈ। -ਨਿੱਜੀ ਪੱਤਰ ਪ੍ਰੇਰਕAdvertisement