ਦੁੱਧ ਚੁਆਈ ਕੌਮੀ ਚੈਂਪੀਅਨਸ਼ਿਪ ਭਲਕ ਤੋਂ
ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀਡੀਐੱਫਏ) ਵੱਲੋਂ ਇਥੋਂ ਦੀ ਪਸ਼ੂ ਮੰਡੀ ਵਿੱਚ 16, 17 ਤੇ 18 ਦਸੰਬਰ ਨੂੰ ਕਰਵਾਈ ਜਾ ਰਹੀ ਤੀਜੀ ਦੁੱਧ ਚੁਆਈ ਨੈਸ਼ਨਲ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਚੈਂਪੀਅਨਸ਼ਿਪ ਦੇ ਅਖੀਰਲੇ ਦਿਨ 18 ਦਸੰਬਰ ਨੂੰ ਡੇਅਰੀ ਕਿੱਤੇ ਵਿੱਚ ਦੇਸ਼ ਦੁਨੀਆਂ ਦੀ ਡੇਅਰੀ ਤਕਨੀਕ ਅਤੇ ਡੇਅਰੀ ਕਿੱਤੇ ਨੂੰ ਲਾਹੇਵੰਦ ਬਣਾਉਣ ਸਬੰਧੀ ਸੈਮੀਨਾਰ ਕਰਵਾਇਆ ਜਾਵੇਗਾ। ਸੈਮੀਨਾਰ ਵਿੱਚ ਚੋਟੀ ਦੇ ਮਾਹਿਰ ਪਸ਼ੂ ਪਾਲਕਾਂ ਅਤੇ ਕਿਸਾਨਾਂ ਨੂੰ ਡੇਅਰੀ ਕਿੱਤੇ ਨੂੰ ਸਫ਼ਲਤਾ ’ਤੇ ਪਹੁੰਚਾਉਣ, ਆਧੁਨਿਕ ਤਕਨੀਕ ਅਪਣਾਉਣ, ਦੁਧਾਰੂ ਪਸ਼ੂਆਂ ਲਈ ਚੰਗੀ ਖੁਰਾਕ ਦੀ ਪਹਿਚਾਣ, ਬਿਮਾਰੀਆਂ ਤੋਂ ਬਚਾਉਣ ਅਤੇ ਹੋਰਾਂ ਵਿਸ਼ਿਆਂ ’ਤੇ ਲਾਹੇਵੰਦ ਜਾਣਕਾਰੀ ਸਾਂਝੀ ਕਰਨਗੇ।
ਪੀਡੀਐੱਫਏ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਦੀ ਅਗਵਾਈ ਹੇਠ ਅੱਜ ਸਮੂਹ ਪ੍ਰਬੰਧਕੀ ਕਮੇਟੀ ਅਤੇ ਮੈਂਬਰਾਂ ਨੇ ਦੁੱਧ ਚੋਆਈ ਚੈਂਪੀਅਨਸ਼ਿਪ ਦੀ ਤਿਆਰੀਆਂ ਨੂੰ ਮੁਕੰਮਲ ਰੂਪ ਦਿੰਦਿਆਂ ਇਸ ਦੀ ਸਫ਼ਲਤਾ ਲਈ ਡਿਊਟੀਆਂ ਵੰਡੀਆਂ ਗਈਆਂ। ਚੈਂਪੀਅਨਸ਼ਿਪ ਲਈ ਇਕ ਦਿਨ ਲਈ ਖੋਲ੍ਹੀ ਗਈ ਰਜਿਸਟਰੇਸ਼ਨ ਫੁੱਲ ਹੋ ਗਈ ਹੈ। ਕਈ ਸੂਬਿਆਂ ਤੋਂ ਪਸ਼ੂ ਪਾਲਕ ਆਪਣੀਆਂ ਮੱਝਾਂ ਅਤੇ ਗਾਵਾਂ ਲੈ ਕੇ ਪੁੱਜ ਗਏ ਹਨ। ਚੈਂਪੀਅਨਸ਼ਿਪ ਵਿੱਚ 50 ਕਿਲੋ ਤੋਂ ਵੱਧ ਦੁੱਧ ਦੇਣ ਵਾਲੀਆਂ ਐੱਚਐੱਫ ਗਾਵਾਂ, ਐੱਚਐੱਫ ਦੋ ਦੰਦ ਗਾਵਾਂ, ਜਰਸੀ ਗਾਵਾਂ, ਮੁਰਹਾ ਮੱਝਾਂ ਅਤੇ ਨੀਲੀ ਰਾਵੀ ਮੱਝਾਂ ਦੇ ਦੁੱਧ ਚੁਆਈ ਮੁਕਾਬਲੇ ਹੋਣਗੇ।