ਦੁੱਖਾਂ ਦੇ ਬਾਵਜੂਦ ਹੌਸਲੇ ਵਾਲੀ ਸੀ ਮਾਤਾ ਬਲਵੀਰ ਕੌਰ
ਰਾਜਿੰਦਰ ਸਿੰਘ ਮਰਾਹੜ
ਭਾਈ ਰੂਪਾ, 6 ਜਨਵਰੀ
ਬਰਨਾਲਾ ਨੇੜੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਬੱਸ ਦੇ ਹੋਏ ਭਿਆਨਕ ਹਾਦਸੇ ਵਿੱਚ ਇਸ ਜਹਾਨ ਤੋਂ ਕੂਚ ਕਰ ਜਾਣ ਵਾਲੀ ਪਿੰਡ ਕੋਠਾ ਗੁਰੂ ਦੀ ਬਜ਼ੁਰਗ ਮਾਤਾ ਬਲਵੀਰ ਕੌਰ ਦੇ ਜੀਵਨ ਤੇ ਪਰਿਵਾਰ ਦੀ ਕਹਾਣੀ ਬੜੀ ਦੁਖਦਾਈ ਅਤੇ ਰੌਂਗਟੇ ਖੜ੍ਹੇ ਕਰਨ ਵਾਲੀ ਹੈ। 72 ਸਾਲਾਂ ਬਲਵੀਰ ਕੌਰ ਦੀ ਮੌਤ ਨਾਲ ਹੁਣ ਉਸ ਦਾ ਪੂਰਾ ਘਰ ਖ਼ਾਲੀ ਹੋ ਗਿਆ। ਉਸ ਦਾ ਪਤੀ ਅਤੇ ਦੋਨੋਂ ਪੁੱਤਰ ਪਹਿਲਾਂ ਹੀ ਜਹਾਨ ਤੋਂ ਕੂਚ ਕਰ ਚੁੱਕੇ ਹਨ। ਬਲਵੀਰ ਕੌਰ ਨੇ ਆਪਣੀ ਸਾਰੀ ਜ਼ਿੰਦਗੀ ਬੱਸ ਦੁੱਖ ਹੀ ਦੁੱਖ ਦੇਖੇ ਹਨ। ਪਹਿਲਾਂ ਬਲਵੀਰ ਕੌਰ ਦੇ ਪਤੀ ਦੀ ਕੁਦਰਤੀ ਮੌਤ ਹੋ ਗਈ। ਉਸ ਦੇ ਦੋ ਮੁੰਡੇ ਸਨ। ਛੋਟਾ ਘਰ ਦੀ ਆਰਥਿਕ ਤੰਗੀ ਕਾਰਨ ਖੁਦਕੁਸ਼ੀ ਕਰ ਗਿਆ। ਦੂਜਾ ਵੱਡਾ ਲੜਕਾ ਡਰਾਈਵਰ ਸੀ। ਜਿਸ ਦੀ ਇਕ ਹਾਦਸੇ ਵਿੱਚ ਲੱਤ ਕੱਟੀ ਗਈ, ਫਿਰ ਕੈਂਸਰ ਦੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਜਾ ਪਿਆ। ਉਸ ਦੇ ਇਲਾਜ ’ਤੇ ਪਰਿਵਾਰ ਦਾ ਬੜਾ ਖ਼ਰਚ ਆਇਆ। ਜੋ ਥੋੜ੍ਹੀ ਬਹੁਤ ਜ਼ਮੀਨ ਸੀ ਉਹ ਵੀ ਆਰਥਿਕ ਤੰਗੀ ਤੇ ਮਹਿੰਗੇ ਇਲਾਜ ਕਾਰਨ ਵਿਕ ਗਈ। ਘਰ ਦੇ ਤਿੰਨਾਂ ਜੀਆਂ ਦੇ ਤੁਰ ਜਾਣ ਤੋਂ ਬਾਅਦ ਘਰ ਵਿੱਚ ਬੇਬੇ ਇਕੱਲੀ ਰਹਿ ਗਈ। ਪਰ ਇੰਨੇ ਦੁੱਖਾਂ ਦੇ ਬਾਵਜੂਦ ਮਾਤਾ ਬਲਵੀਰ ਕੌਰ ਚੜ੍ਹਦੀ ਕਲਾ ਅਤੇ ਹੌਸਲੇ ਵਾਲੀ ਸੀ। ਉਹ ਬੀ.ਕੇ.ਯੂ (ਉਗਰਾਹਾਂ) ਇਕਾਈ ਕੋਠਾ ਗੁਰੂ ਦੇ ਔਰਤਾਂ ਦੇ ਜਥੇ ਦੀ ਸਰਗਰਮ ਮੈਂਬਰ ਸੀ। ਪਿੰਡ ਦੇ ਨੌਜਵਾਨ ਕਿਸਾਨ ਆਗੂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਤਾ ਨੇ ਦਿੱਲੀ ਕਿਸਾਨ ਮੋਰਚੇ ’ਚ ਵੀ ਦਿੱਲੀ ਰਹਿ ਕੇ ਯੋਗਦਾਨ ਪਾਇਆ।