ਦੁਕਾਨ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦਾ ਸਾਮਾਨ ਤੇ ਨਕਦੀ ਚੋਰੀ
ਸ਼ਹਿਰ ਵਿੱਚ ਵੱਖ-ਵੱਖ ਥਾਈਂ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆਈਆਂ। ਇਥ ਥਾਂ ’ਤੇ ਕੁੱਝ ਲੋਕ ਦੁਕਾਨ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੇ ਸਾਮਾਨ ਤੇ ਨਕਦੀ ਚੋਰੀ ਕਰ ਕੇ ਲੈ ਗਏ ਹਨ, ਜਦਕਿ ਇੱਕ ਹੋਰ ਮਾਮਲੇ ਵਿੱਚ ਅਣਪਛਾਤੇ ਵਿਅਕਤੀ ਇੱਕ ਟਰੱਕ ਵਿੱਚ ਲੱਦੀਆਂ ਦਾਲਾਂ ਦੇ ਬੋਰੇ ਚੋਰੀ ਕਰ ਕੇ ਲੈ ਗਏ ਹਨ। ਥਾਣਾ ਡਵੀਜ਼ਨ ਨੰਬਰ 5 ਦੀ ਪੁਲੀਸ ਨੂੰ ਬਸੰਤ ਐਵੇਨਿਉ ਵਾਸੀ ਰਿਸ਼ੀ ਰਾਜ ਗੁਲਾਟੀ ਨੇ ਦੱਸਿਆ ਕਿ ਹਰਮਿੰਦਰ ਸਿੰਘ, ਉਸ ਦੇ ਭਰਾ ਸਰਬਜੋਤ ਸਿੰਘ ਵਾਸੀਆਨ ਸੈਕਟਰ 3, ਗੁਰੂ ਗਿਆਨ ਵਿਹਾਰ ਜੱਵਦੀ ਤੇ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਰਾਤ ਨੂੰ ਦੁਕਾਨ ਦਾ ਤਾਲਾ ਤੋੜ ਕੇ ਦੁਕਾਨ ਅੰਦਰ ਪਿਆ ਮਾਲ ਜਿਸ ਦੀ ਕੀਮਤ 30 ਲੱਖ ਰੁਪਏ ਦੇ ਕਰੀਬ ਹੈ ਤੋਂ ਇਲਾਵਾ 3800 ਰੁਪਏ ਨਕਦ ਅਤੇ ਚਾਂਦੀ ਦੀਆਂ ਦੋ ਮੂਰਤੀਆਂ ਚੋਰੀ ਕਰਕੇ ਲੈ ਗਏ ਹਨ। ਪੁਲੀਸ ਨੇ ਕੇਸ ਦਰਜ ਕਰ ਕੇ ਕਾਰਵਾਈ ਆਰੰਭ ਦਿੱਤੀ ਹੈ।
ਇਸੇ ਤਰ੍ਹਾਂ ਥਾਣਾ ਜੋਧੇਵਾਲ ਦੀ ਪੁਲੀਸ ਨੂੰ ਨਿਊ ਨੰਦਾ ਕਲੋਨੀ ਨੇੜੇ ਵੇਦ ਵਿੱਦਿਆ ਮੰਦਰ ਸਕੂਲ ਕੈਲਾਸ਼ ਨਗਰ ਰੋਡ ਵਾਸੀ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਸੁਰੇਸ਼ ਕੁਮਾਰ ਵਾਸੀ ਟਿੱਬਾ ਨੰਗਲ, ਨੂਰਪੁਰ ਬੇਦੀ ਦਾ ਟਰੱਕ ਚਲਾਉਂਦਾ ਹੈ। ਟਰੱਕ ਵਿੱਚ 600 ਗੱਟੂ ਵੱਖ-ਵੱਖ ਤਰ੍ਹਾਂ ਦੀਆਂ ਦਾਲਾਂ ਲੱਦ ਕੇ ਉਸ ਨੇ ਟਰੱਕ ਆਪਣੇ ਘਰ ਨੇੜੇ ਕੈਲਾਸ਼ ਨਗਰ ਰੋਡ ਸੜਕ ਕੰਢੇ ਖੜ੍ਹਾਇਆ ਸੀ ਜਿਸ ਵਿੱਚੋਂ ਕੋਈ ਵਿਅਕਤੀ ਦਾਲਾਂ ਦੇ ਗੱਟੂ ਚੋਰੀ ਕਰਕੇ ਲੈ ਗਿਆ ਹੈ। ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।