ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦਿੱਲੀ-ਕਟੜਾ ਐੱਕਸਪ੍ਰੈੱਸਵੇਅ: ਲੁਧਿਆਣਾ ਤੇ ਗੁਰਦਾਸਪੁਰ ਵਿੱਚ ਸਭ ਤੋਂ ਵੱਧ ਕੰਮ ਪ੍ਰਭਾਵਿਤ

08:53 AM Aug 12, 2024 IST
ਲੁਧਿਆਣਾ ਵਿੱਚ ਅਧੂਰਾ ਪਿਆ ਦਿੱਲੀ-ਕਟੜਾ ਐੱਕਸਪ੍ਰੈੱਸਵੇਅ ਦਾ ਕੰਮ।

ਗਗਨਦੀਪ ਅਰੋੜਾ
ਲੁਧਿਆਣਾ, 11 ਅਗਸਤ
ਦਿੱਲੀ-ਕਟੜਾ ਐੱਕਸਪ੍ਰੈੱਸਵੇਅ ਦੀ ਕੁੱਲ ਲੰਬਾਈ 670 ਕਿਲੋਮੀਟਰ ਹੈ ਜਿਸ ’ਚੋਂ 339 ਕਿਲੋਮੀਟਰ ਪੰਜਾਬ ’ਚ ਬਣਨਾ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੀ ਗਈ ਚਿੱਠੀ ਮਗਰੋਂ ਇਹ ਮਾਮਲਾ ਕਾਫੀ ਭਖ ਗਿਆ ਹੈ। ਵੇਰਵਿਆਂ ਅਨੁਸਾਰ ਪਟਿਆਲਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 5 ਕਿਲੋਮੀਟਰ ਇਹ ਕੌਮੀ ਮਾਰਗ ਬਣ ਕੇ ਤਿਆਰ ਹੋ ਗਿਆ ਹੈ ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਇਸ ਐੱਕਸਪ੍ਰੈੱਸਵੇਅ ਦਾ ਨਿਰਮਾਣ ਲਗਪਗ ਅੱਧੇ ਤੋਂ ਵੱਧ ਅਧੂਰਾ ਹੈ। ਇਨ੍ਹਾਂ ’ਚੋਂ ਲੁਧਿਆਣਾ ਅਤੇ ਗੁਰਦਾਸਪੁਰ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹਨ। ਲੁਧਿਆਣਾ ਵਿੱਚ 20 ਅਤੇ ਗੁਰਦਾਸਪੁਰ ਵਿੱਚ 27 ਕਿਲੋਮੀਟਰ ਲਈ ਜ਼ਮੀਨ ਐਕੁਆਇਰ ਕੀਤੀ ਜਾਣੀ ਬਾਕੀ ਹੈ।
ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਨੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ ਗ੍ਰੀਨਫੀਲਡ ਪ੍ਰਾਜੈਕਟ ਸ਼ੁਰੂ ਕੀਤਾ ਸੀ। ਇਹ ਪ੍ਰਾਜੈਕਟ ਸੂਬੇ ਦੇ 7 ਜ਼ਿਲ੍ਹਿਆਂ ਲੁਧਿਆਣਾ, ਸੰਗਰੂਰ, ਗੁਰਦਾਸਪੁਰ, ਮਾਲੇਰਕੋਟਲਾ, ਪਟਿਆਲਾ, ਜਲੰਧਰ ਅਤੇ ਕਪੂਰਥਲਾ ’ਚੋਂ ਲੰਘਣਾ ਹੈ। ਇਸ ਪ੍ਰਾਜੈਕਟ ਤਹਿਤ ਜਲੰਧਰ ਵਿੱਚ 72 ਕਿਲੋਮੀਟਰ, ਲੁਧਿਆਣਾ ਵਿੱਚ 38.95 ਕਿਲੋਮੀਟਰ, ਗੁਰਦਾਸਪੁਰ ਵਿੱਚ 43, ਮਾਲੇਰਕੋਟਲਾ ਵਿੱਚ 27, ਸੰਗਰਰ ਵਿੱਚ 47, ਪਟਿਆਲਾ ਵਿੱਚ 5 ਤੇ ਕਪੂਰਥਲਾ ਵਿੱਚ 28 ਕਿਲੋਮੀਟਰ ਦਾ ਕੰਮ ਹੋਣਾ ਹੈ। ਇਸ ਵਿੱਚ ਪਟਿਆਲਾ ਨੂੰ ਛੱਡ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ 40 ਤੋਂ 50 ਫੀਸਦ ਕੰਮ ਬਾਕੀ ਹੈ। ਜਾਣਕਾਰੀ ਅਨੁਸਾਰ ਲੁਧਿਆਣਾ ਵਿੱਚ 38.95 ’ਚੋਂ 20 ਕਿਲੋਮੀਟਰ ਅਤੇ ਗੁਰਦਾਸਪੁਰ ਵਿੱਚ 43 ’ਚੋਂ 27 ਕਿਲੋਮੀਟਰ ਲਈ ਜ਼ਮੀਨ ਐਕੁਆਇਰ ਕੀਤੀ ਜਾਣੀ ਬਾਕੀ ਹੈ। ਇਸੇ ਤਰ੍ਹਾਂ ਜਿੱਥੇ ਜ਼ਮੀਨ ਐਕੁਆਇਰ ਕਰ ਲਈ ਗਈ ਹੈ ਉਥੇ ਹਾਲੇ ਕਬਜ਼ਾ ਨਹੀਂ ਮਿਲਿਆ।
ਜਾਣਕਾਰੀ ਅਨੁਸਾਰ ਪੰਜਾਬ ’ਚੋਂ ਲੰਘਣ ਵਾਲੇ 339 ਕਿਲੋਮੀਟਰ ਲੰਮੇ ਇਸ ਪ੍ਰਾਜੈਕਟ ’ਚੋਂ ਤਕਰੀਬਨ 190 ਕਿਲੋਮੀਟਰ ਦਾ ਕੰਮ ਸਿਰਫ਼ ਇੱਕ ਹੀ ਕੰਪਨੀ ਕੋਲ ਹੈ। ਇਸੇ ਕੰਪਨੀ ਦੇ ਦਫ਼ਤਰ ’ਤੇ ਬੀਤੇ ਦਿਨੀਂ ਹੋਏ ਹਮਲੇ ਤੋਂ ਬਾਅਦ ਕੰਪਨੀ ਨੇ ਕੰਮ ਬੰਦ ਕਰ ਦਿੱਤਾ ਹੈ। ਕੰਪਨੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਸ ਦੇ ਮੁਲਾਜ਼ਮਾਂ ਲਈ ਸੁਰੱਖਿਆ ਦੇ ਪ੍ਰਬੰਧ ਨਾ ਕੀਤੇ ਗਏ ਤਾਂ ਉਸ ਵੱਲੋਂ ਕੰਮ ਨਹੀਂ ਕੀਤਾ ਜਾਵੇਗਾ।
ਪੁਲੀਸ ਨੇ ਇਸ ਸਬੰਧੀ ਮਾਮੂਲੀ ਧਾਰਾਵਾਂ ਲਗਾ ਕੇ ਕੇਸ ਦਰਜ ਕੀਤਾ ਹੈ ਜਿਸ ਕਰਕੇ ਉਸਾਰੀ ਕਰਨ ਵਾਲੇ ਕੰਪਨੀ ਦੇ ਮੁਲਾਜ਼ਮ ਸਹਿਮੇ ਹੋਏ ਹਨ। ਕੰਪਨੀ ਨੇ ਫਿਲਹਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜੇ ਇਹ ਕੰਮ ਦੁਬਾਰਾ ਸ਼ੁਰੂ ਨਾ ਹੋਇਆ ਤਾਂ ਵੱਡਾ ਨੁਕਸਾਨ ਹੋਵੇਗਾ।

Advertisement

ਧਮਕੀਆਂ ਮਿਲਣ ਤੋਂ ਬਾਅਦ ਕੰਮ ਬੰਦ ਕੀਤਾ: ਪ੍ਰਾਜੈਕਟ ਡਾਇਰੈਕਟਰ

ਪ੍ਰਾਜੈਕਟ ਦੇ ਡਾਇਰੈਕਟਰ ਪ੍ਰਸ਼ਾਂਤ ਮਹਾਜਨ ਨੇ ਦੱਸਿਆ ਕਿ ਮੁੱਲਾਂਪੁਰ ਸਥਿਤ ਉਸਾਰੀ ਵਾਲੇ ਠੇਕੇਦਾਰ ਦੇ ਦਫ਼ਤਰ ਵਿੱਚ ਕੁੱਝ ਲੋਕ ਦਾਖ਼ਲ ਹੋ ਗਏ ਸਨ। ਉਨ੍ਹਾਂ ਕੰਮ ਬੰਦ ਕਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਕੰਮ ਬੰਦ ਨਾ ਕਰਨ ’ਤੇ ਠੇਕੇਦਾਰ ਦੇ ਦਫ਼ਤਰ ਨੂੰ ਤਾਲਾ ਲਾਉਣ ਦੀ ਚਿਤਾਵਨੀ ਦਿੱਤੀ। ਉਨ੍ਹਾਂ ਦੱਸਿਆ ਕਿ ਉਸ ਦਿਨ ਤੋਂ ਬਾਅਦ ਕੰਮ ਬੰਦ ਹੈ।

ਕਿਸਾਨ ਕਿਸੇ ਪ੍ਰਾਜੈਕਟ ਦੇ ਵਿਰੋਧੀ ਨਹੀਂ: ਸੌਦਾਗਰ ਸਿੰਘ

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੌਦਾਗਰ ਸਿੰਘ ਨੇ ਕਿਹਾ ਕਿ ਕਿਸਾਨ ਕਿਸੇ ਵੀ ਪ੍ਰਾਜੈਕਟ ਦੇ ਵਿਰੋਧੀ ਨਹੀਂ ਹਨ। ਕਿਸਾਨ ਤਾਂ ਸਿਰਫ਼ ਆਪਣੀਆਂ ਜ਼ਮੀਨਾਂ ਦਾ ਸਹੀ ਮੁੱਲ ਮੰਗ ਰਹੇ ਹਨ। ਜਿਹੜੇ ਹਮਲੇ ਹੋ ਰਹੇ ਹਨ, ਉਹ ਕਿਸਾਨ ਨਹੀਂ ਬਲਕਿ ਅਣਪਛਾਤੇ ਬੰਦੇ ਕਰ ਰਹੇ ਹਨ। ਕਿਸਾਨਾਂ ਨੂੰ ਬਿਨਾਂ ਵਜ੍ਹਾ ਬਦਨਾਮ ਕੀਤਾ ਜਾ ਰਿਹਾ ਹੈ। ਕਿਸਾਨ ਹਰ ਵਿਰੋਧ ਸ਼ਾਂਤਮਈ ਢੰਗ ਨਾਲ ਕਰਦੇ ਹਨ।

Advertisement

Advertisement
Advertisement