For the best experience, open
https://m.punjabitribuneonline.com
on your mobile browser.
Advertisement

ਪੰਜਾਬ ਦੇ ਦੋ ਪ੍ਰੋਫੈਸਰ ਰਿਸ਼ਵਤ ਲੈਣ ਦੇ ਦੋਸ਼ ਹੇਠ ਹਿਮਾਚਲ ਵਿੱਚ ਗ੍ਰਿਫ਼ਤਾਰ

09:28 PM Aug 12, 2024 IST
ਪੰਜਾਬ ਦੇ ਦੋ ਪ੍ਰੋਫੈਸਰ ਰਿਸ਼ਵਤ ਲੈਣ ਦੇ ਦੋਸ਼ ਹੇਠ ਹਿਮਾਚਲ ਵਿੱਚ ਗ੍ਰਿਫ਼ਤਾਰ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਧਰਮਸ਼ਾਲਾ, 12 ਅਗਸਤ
ਵਿਜੀਲੈਂਸ ਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਵੱਲੋਂ ਬੀਤੇ ਦਿਨ ਇੱਥੇ ਪੰਜਾਬ ਨਾਲ ਸਬੰਧਤ ਦੋ ਪ੍ਰੋਫੈਸਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਪ੍ਰੋਫੈਸਰ ਭਾਰਤੀ ਫਾਰਮੇਸੀ ਕੌਂਸਲ ਦੇ ਆਧਾਰ ’ਤੇ ਕਾਂਗੜਾ ਜ਼ਿਲ੍ਹੇ ਵਿਚਲੇ ਫਾਰਮੇਸੀ ਕਾਲਜਾਂ ਦਾ ਮੁਲਾਂਕਣ ਕਰਨ ਲਈ ਆਏ ਸਨ।
ਵਿਜੀਲੈਂਸ ਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਦੇ ਐੱਸਪੀ ਬਲਬੀਰ ਠਾਕੁਰ ਨੇ ਦੱਸਿਆ ਕਿ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਐਤਵਾਰ ਨੂੰ ਪੰਜਾਬ ਨੰਬਰ ਦੀ ਇਕ ਕਰੇਟਾ ਕਾਰ ਨੂੰ ਧਰਮਸ਼ਾਲਾ ਦੇ ਰੱਕੜ ਇਲਾਕੇ ਵਿੱਚ ਰੋਕਿਆ। ਇਸ ਦੌਰਾਨ ਗੱਡੀ ਵਿੱਚ ਸਵਾਰ ਪੰਜਾਬ ਦੀਆਂ ਦੋ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਪ੍ਰੋਫੈਸਰਾਂ ਵਜੋਂ ਤਾਇਨਾਤ ਰਾਕੇਸ਼ ਚਾਵਲਾ ਤੇ ਪੁਨੀਤ ਕੁਮਾਰ ਨਾਮ ਦੇ ਦੋ ਵਿਅਕਤੀਆਂ ਨੂੰ ਹਿਰਾਸਤ ’ਚ ਲੈ ਕੇ ਉਨ੍ਹਾਂ ਕੋਲੋਂ 3.5 ਲੱਖ ਰੁਪਏ ਬਰਾਮਦ ਕੀਤੇ ਗਏ। ਇਸ ਰਕਮ ਦਾ ਉਹ ਕੋਈ ਹਿਸਾਬ ਜਾਂ ਵੇਰਵਾ ਨਹੀਂ ਦੇ ਸਕੇ। ਇਨ੍ਹਾਂ ਦੋਹਾਂ ਨੇ ਭਾਰਤੀ ਫਾਰਮੇਸੀ ਕੌਂਸਲ ਵੱਲੋਂ ਸੌਂਪੇ ਗਏ ਕੰਮ ਵਜੋਂ ਹਾਲ ਹੀ ਵਿੱਚ ਪਾਲਮਪੁਰ ’ਚ ਸਥਿਤ ਯੂਨੀਵਰਸਿਟੀ ਇੰਸਟੀਚਿਊਟ ਆਫ ਫਾਰਮਾਸਿਊਟਿਕਲ ਐਜੂਕੇਸ਼ਨ ਐਂਡ ਰਿਸਰਚ ਦਾ ਨਿਰੀਖਣ ਕੀਤਾ ਸੀ। ਉਨ੍ਹਾਂ ਕਿਹਾ ਕਿ ਸ਼ੱਕ ਹੈ ਕਿ ਇਨ੍ਹਾਂ ਮੁਲਜ਼ਮਾਂ ਨੇ ਸੰਸਥਾ ਤੋਂ ਗੈਰ-ਕਾਨੂੰਨੀ ਤੌਰ ’ਤੇ ਲਾਭ ਲਏ ਹਨ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੋਹਾਂ ਮੁਲਜ਼ਮਾਂ ਖ਼ਿਲਾਫ਼ ਧਰਮਸ਼ਾਲਾ ਵਿੱਚ ਸਥਿਤ ਸਟੇਟ ਵਿਜੀਲੈਂਸ ਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਪੁਲੀਸ ਥਾਣੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ, 1988 (2018 ਵਿੱਚ ਸੋਧੇ) ਦੀ ਧਾਰਾ 13(2) ਤਹਿਤ ਇਕ ਕੇਸ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਦੋਹਾਂ ਨੂੰ ਐਤਵਾਰ ਸ਼ਾਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਜਾਂਚ ਜਾਰੀ ਹੈ।

Advertisement
Advertisement
Author Image

Advertisement
×