For the best experience, open
https://m.punjabitribuneonline.com
on your mobile browser.
Advertisement

ਦਾਸਤਾਨ ਇੱਕ ਘੁਮੱਕਡ਼ ਸ਼ਹਿਜ਼ਾਦੀ ਦੀ...

12:20 PM Jul 14, 2024 IST
ਦਾਸਤਾਨ ਇੱਕ ਘੁਮੱਕਡ਼ ਸ਼ਹਿਜ਼ਾਦੀ ਦੀ
Advertisement

ਸੁਰਿੰਦਰ ਸਿੰਘ ਤੇਜ

ਇਹ ਘਟਨਾ 1577 ਦੀ ਹੈ। ਤੁਰਕੀ ਦੇ ਅੌਟੋਮਨ (ਇਸਲਾਮੀ ਨਾਮ ‘ਉਸਮਾਨੀ’) ਸੁਲਤਾਨ ਮੁਰਾਦ ਤੀਜੇ ਨੇ ਫ਼ਰਮਾਨ ਜਾਰੀ ਕੀਤਾ ਕਿ ਦੋ ਮੁਕੱਦਸ ਨਗਰਾਂ- ਮੱਕਾ ਤੇ ਮਦੀਨਾ ਵਿੱਚ ਆਈਅਾਂ ਮੁਗ਼ਲ ਬੀਬੀਅਾਂ ਅਤੇ ਹੋਰ ਸਾਰੇ ਹਿੰਦੀਅਾਂ ਨੂੰ ਫ਼ੌਰੀ ਵਤਨ ਪਰਤਣ ਲਈ ਕਿਹਾ ਜਾਵੇ। ਸੁਲਤਾਨ ਨੇ ਇਸ ਫ਼ਰਮਾਨ ਦੀ ਇੱਕ-ਇੱਕ ਨਕਲ ਮੱਕਾ ਤੇ ਮਦੀਨਾ ਦੇ ਨਾਜ਼ਿਮਾਂ ਨੂੰ ਭੇਜ ਕੇ ਇਸ ਨੂੰ ਤੁਰੰਤ ਅਮਲ ਵਿੱਚ ਲਿਆਉਣ ਦੀ ਹਦਾਇਤ ਵੀ ਕੀਤੀ। ਦਰਅਸਲ, ਸੁਲਤਾਨ ਮੁਰਾਦ ਨੂੰ ਮਿਸਰ ਦੇ ਮਮਲੂਕ ਸੁਲਤਾਨ ਤੋਂ ਸ਼ਿਕਾਇਤ ਮਿਲੀ ਸੀ ਕਿ ‘ਹਿੰਦੀ ਜ਼ੁਮਰਾ’ (ਹਿੰਦੋਸਤਾਨੀਅਾਂ ਦਾ ਟੋਲਾ) ਮੁਕੱਦਸ ਨਗਰਾਂ ਵਿੱਚ ਲਗਾਤਾਰ ਖ਼ਰੂਦ ਕਰਦਾ ਆ ਰਿਹਾ ਹੈ ਜਿਸ ਕਾਰਨ ੳੁੱਥੇ ਮੌਜੂਦ ਹੋਰਨਾਂ ਮੁਲਕਾਂ ਦੇ ਸ਼ਰਧਾਲੂਅਾਂ ਨੂੰ ਦਿੱਕਤਾਂ ਪੇਸ਼ ਆ ਰਹੀਅਾਂ ਹਨ। ਸੁਲਤਾਨ ਮੁਰਾਦ ਨੇ ਇਨ੍ਹਾਂ ਸ਼ਿਕਾਇਤਾਂ ਦੀ ਤਾਈਦ ਮੱਕਾ ਤੇ ਮਦੀਨਾ ਦੇ ਨਾਜ਼ਿਮਾਂ ਤੋਂ ਕਰਵਾਈ ਅਤੇ ਫਿਰ ਲੰਮੀ ਸੋਚ-ਵਿਚਾਰ ਤੋਂ ਬਾਅਦ ਉਪਰੋਕਤ ਫ਼ਰਮਾਨ ਜਾਰੀ ਕੀਤਾ। ਹਿੰਦੀ ਜ਼ੁਮਰਾ ਦੀ ਮੁਖੀ ਉੱਚ ਰੁਤਬੇ ਵਾਲੀ ਇੱਕ ਮੁਗ਼ਲ ਸ਼ਹਿਜ਼ਾਦੀ ਸੀ ਅਤੇ ਇਸ ਵਿੱਚ ਵਲੀ-ਇ-ਹਿੰਦ (ਹਿੰਦ ਦੇ ਮੁਹਾਫ਼ਿਜ਼) ਅਕਬਰ ਦੇ ਪਰਿਵਾਰ ਦੀਅਾਂ ਕਈ ਖ਼ਵਾਤੀਨ ਤੋਂ ਇਲਾਵਾ ਉਨ੍ਹਾਂ ਦੀ ਹਿਫ਼ਾਜ਼ਤ ਲਈ ਆਏ ਫ਼ੌਜੀ ਤੇ ਸਫ਼ਾਰਤੀ ਅਫਸਰ ਅਤੇ ਹੋਰ ਮੁਲਾਜ਼ਮ ਸ਼ਾਮਲ ਸਨ। ਦਸ ਮਹੀਨੇ ਪਹਿਲਾਂ ਇਨ੍ਹਾਂ ਸਭਨਾਂ ਦਾ ਜੱਦ੍ਹਾ (ਅਰਬਿਸਤਾਨ ਦੀ ਮੁੱਖ ਬੰਦਰਗਾਹ) ਪੁੱਜਣ ’ਤੇ ਸ਼ਾਹੀ ਮਹਿਮਾਨਾਂ ਵਜੋਂ ਨਿੱਘਾ ਸਵਾਗਤ ਕੀਤਾ ਗਿਆ ਸੀ। ਹੁਣ ਇਨ੍ਹਾਂ ਸਭਨਾਂ ਨੂੰ ਅਰਬਿਸਤਾਨ ਛੱਡ ਜਾਣ ਲਈ ਕਹਿਣਾ ਸੁਲਤਾਨ ਨੂੰ ਨਾਗਵਾਰ ਜਾਪ ਰਿਹਾ ਸੀ। ਇਸੇ ਲਈ ਫ਼ਰਮਾਨ ਦੀ ਭਾਸ਼ਾ ਤਿੱਖੀ ਨਹੀਂ ਸੀ ਅਤੇ ਨਾ ਹੀ ਇਸ ਵਿੱਚ ਕਿਸੇ ਸ਼ਖ਼ਸੀਅਤ ਦਾ ਨਾਮ ਸ਼ਾਮਲ ਸੀ। ਅਸਲੀਅਤ ਤਾਂ ਇਹ ਵੀ ਸੀ ਕਿ ਮੁਗ਼ਲ ਬੀਬੀਅਾਂ ਦਾ ‘ਖ਼ਰੂਦ’ ਵੀ ਰਵਾਇਤੀ ਕਿਸਮ ਦਾ ਨਹੀਂ ਸੀ। ਉਹ ਦਾਨ-ਪੁੰਨ ਏਨਾ ਖੁੱਲ੍ਹ ਕੇ ਕਰਦੀਅਾਂ ਸਨ ਕਿ ਹਰ ਅਸਥਾਨ ’ਤੇ ਉਨ੍ਹਾਂ ਦੀ ਆਮਦ ਵੇਲੇ ਖ਼ੈਰਾਤ ਮੰਗਣ ਵਾਲਿਅਾਂ ਦੀਅਾਂ ਭੀਡ਼ਾਂ ਜੁੱਟ ਜਾਂਦੀਅਾਂ ਸਨ।
ਹਿੰਦੀ ਜ਼ੁਮਰੇ (ਜਾਂ ਅਕਬਰ-ਕਾਲ ਦੇ ਸਰਕਾਰੀ ਤਵਾਰੀਖ਼ਸਾਜ਼ ਅਬੁਲ ਫ਼ਜ਼ਲ ਮੁਤਾਬਿਕ ਮੁਗ਼ਲੀਆ ਵਫ਼ਦ) ਦੀ ਮੁਖੀ ਨੇ ਇਹ ਫ਼ਰਮਾਨ ਨਜ਼ਰਅੰਦਾਜ਼ ਕਰ ਦਿੱਤਾ। ਉਹ, ਉਸ ਦੀਅਾਂ ਸਕੀਅਾਂ ਤੇ ਸਖੀਅਾਂ ਅਤੇ ਵਫ਼ਦ ਦੇ ਹੋਰ ਮੈਂਬਰਾਨ ਅਗਲੇ ਤਿੰਨ ਵਰ੍ਹਿਅਾਂ ਤੱਕ ਅਰਬ-ਭੂਮੀ ’ਤੇ ਹੀ ਟਿਕੇ ਰਹੇ। ਉਨ੍ਹਾਂ ਦੀ ਦੇਖਾ-ਦੇਖੀ ਹੋਰ ਆਮ ਹਿੰਦੋਸਤਾਨੀ ਸ਼ਰਧਾਲੂ, ਜੋ ਇਸੇ ਵਫ਼ਦ ਦੇ ਨਾਲ ਹੀ (ਸ਼ਾਹੀ ਖ਼ੈਰਾਤ ਦੀ ਬਦੌਲਤ) ਮੱਕਾ-ਮਦੀਨਾ ਆਏ ਹੋਏ ਸਨ, ਵੀ ਵਤਨ ਵਾਪਸੀ ਲਈ ਜੱਦ੍ਹਾ ਵੱਲ ਨਹੀਂ ਗਏ। ਮੁਗ਼ਲੀਆ ਵਫ਼ਦ ਤਿੰਨ ਵਾਰ ਹੱਜ ਕਰਨ ਵਰਗੇ ਮਹਾਂ-ਪਾਵਨ ਕਾਰਜ ਮਗਰੋਂ ਹੀ ਵਤਨ ਵੱਲ ਰਵਾਨਾ ਹੋਇਆ, ਉਹ ਵੀ ਵਫ਼ਦ ਦੀ ਮੁਖੀ ਤੇ ਹੋਰਨਾਂ ਬੀਬੀਅਾਂ ਦੀ ਅਰਬ ਜਗਤ ਵਿੱਚੋਂ ਬੇਦਖ਼ਲੀ ਦਾ ਚੌਥਾ ਫ਼ਰਮਾਨ ਜਾਰੀ ਹੋਣ ਤੋਂ ਬਾਅਦ। ਇਸ ਫ਼ਰਮਾਨ ਵਿੱਚ ਸਾਰੀਅਾਂ ਰੁਤਬੇਦਾਰ ਬੀਬੀਅਾਂ ਦੇ ਨਾਮ ਦਰਜ ਸਨ। ਇਸ ਨੂੰ ਮੁਗ਼ਲ ਸ਼ਹਿਨਸ਼ਾਹ ਅਕਬਰ ਨੇ ਹਿੰਦੀਅਾਂ ਦੀ ਬੇਇੱਜ਼ਤੀ ਵਜੋਂ ਲਿਆ। ਆਪਣੀ ਨਾਖ਼ੁਸ਼ੀ ਦਾ ਇਜ਼ਹਾਰ ਕਰਨ ਲਈ ਉਸ ਨੇ ਅਗਲੇ ਸਾਲ ਨਾ ਤਾਂ ਤੁਰਕ ਸੁਲਤਾਨ ਕੋਲ ਹੱਜ ਲਈ ਨਕਦ ਇਮਦਾਦ ਭੇਜੀ ਅਤੇ ਨਾ ਹੀ ਹਾਜੀਅਾਂ ਦੇ ਲੰਗਰਾਂ ਵਾਸਤੇ ਕਣਕ ਤੇ ਹੋਰ ਅਨਾਜਾਂ ਦੀਅਾਂ ਖੇਪਾਂ।
ਇਹ ਸਾਰੀ ਦਾਸਤਾਨ ਅਤੇ ਇਸ ਘਟਨਾਵਲੀ ਦੀ ਮੁੱਖ ਕਿਰਦਾਰ ‘ਨਵਾਬ’ ਗ਼ੁਲਬਦਨ ਬੇਗ਼ਮ ਦੇ ਜੀਵਨ ਤੇ ਕਾਰਨਾਮਿਅਾਂ ਦਾ ਖੁਲਾਸਾ ਪੇਸ਼ ਕਰਦੀ ਹੈ ਇਤਿਹਾਸਕਾਰ ਰੂਬੀ ਲਾਲ ਦੀ ਕਿਤਾਬ ‘ਵੈਗਾਬੌਂਡ ਪ੍ਰਿੰਸੈੱਸ’ (‘ਘੁਮੱਕਡ਼ ਸ਼ਹਿਜ਼ਾਦੀ’; ਜੱਗਰਨੌਟ ਬੁੱਕਸ; 248 ਪੰਨੇ; 699 ਰੁਪਏ)। ਅਕਬਰ ਦੀ ਚਹੇਤੀ ਭੂਅਾ ਸੀ ਗ਼ੁਲਬਦਨ; ਸਿਰਫ਼ ਭੂਆ ਹੀ ਨਹੀਂ, ਮੁੱਖ ਸਲਾਹਕਾਰ ਵੀ। ਸ਼ਾਹੀ ਜ਼ਨਾਨੇ ਦਾ ਪ੍ਰਬੰਧ ਤਾਂ ਉਹ ਸੰਭਾਲਦੀ ਹੀ ਸੀ, ਪ੍ਰਸ਼ਾਸਨਿਕ ਮਾਮਲਿਅਾਂ ਬਾਰੇ ਵੀ ਅਕਬਰ ਅਕਸਰ ਉਸ ਤੋਂ ਸਲਾਹ ਲੈਂਦਾ ਰਹਿੰਦਾ ਸੀ। ਇਨ੍ਹਾਂ ਭੂਮਿਕਾਵਾਂ ਤੋਂ ਇਲਾਵਾ ਉਹ ਮੁਸਲਿਮ ਜਗਤ, ਤੇ ਸ਼ਾਇਦ ਬਾਕੀ ਜਹਾਨ ਦੀ ਵੀ, ਪਹਿਲੀ ਅੌਰਤ ਤਵਾਰੀਖ਼ਸਾਜ਼ ਸੀ। ਉਸ ਵੱਲੋਂ ਰਚਿਤ ਕਿਤਾਬ ‘ਹੁਮਾਯੂੰਨਾਮਾ’ (ਅਹਵਲ ਹੁਮਾਯੂੰ ਪਾਦਸ਼ਾਹ) ਨੂੰ ਭਾਰਤ ਵਿੱਚ ਮੁਗ਼ਲ ਸਾਮਰਾਜ ਦੀ ਪਹਿਲੀ ਪੌਣੀ ਸਦੀ ਦਾ ਬਿਹਤਰੀਨ ਬਿਰਤਾਂਤ ਮੰਨਿਆ ਜਾਂਦਾ ਹੈ। ਇਹ ਕਿਤਾਬ ਉਸ ਨੇ ਅਕਬਰ ਦੇ ਕਹਿਣ ’ਤੇ ਹੀ ਲਿਖੀ। ਅਕਬਰ ਮੁਗ਼ਲ ਕਾਲ ਦੀ ਤਵਾਰੀਖ਼ ਕਲਮਬੰਦ ਕਰਵਾਉਣ ’ਤੇ ਦ੍ਰਿਡ਼੍ਹ ਸੀ। ਉਸ ਨੇ ਇਹ ਕਾਰਜ ਆਪਣੇ ਦਰਬਾਰੀ ਅਬੁਲ ਫ਼ਜ਼ਲ ਨੂੰ ਸੌਂਪਿਆ। ‘ਹੁਮਾਯੂੰਨਾਮਾ’ ਇਸ ਕਾਰਜ (ਅਕਬਰਨਾਮਾ) ਵਾਸਤੇ ਅਹਿਮ ਸਰੋਤ-ਪੁਸਤਕ ਸਾਬਤ ਹੋਈ। ਉਂਜ ਵੀ ਇਹ ਕਿਤਾਬ ਦੂਜੇ ਮੁਗ਼ਲ ਬਾਦਸ਼ਾਹ ਹੁਮਾਯੂੰ ਦੀ ਜੀਵਨੀ ਤੱਕ ਮਹਿਦੂਦ ਨਹੀਂ ਬਲਕਿ ਗ਼ੁਲਬਦਨ ਦੀਅਾਂ ਆਪਣੇ ਪਿਤਾ ਬਾਬਰ ਨਾਲ ਜੁਡ਼ੀਅਾਂ ਯਾਦਾਂ ਦੀ ਤਫ਼ਸੀਲ ਵੀ ਹੈ ਅਤੇ ਮੁਗ਼ਲੀਆ ਹਿੰਦ ਦੇ ਸਮਾਜਿਕ, ਆਰਥਿਕ, ਰਾਜਸੀ ਤੇ ਧਾਰਮਿਕ ਜੀਵਨ ਦਾ ਝਰੋਖਾ ਵੀ। ਪਰ ਇਸ ਕਿਤਾਬ ਦੇ ਆਖ਼ਰੀ ਕਈ ਪੰਨੇ ਗਾਇਬ ਹਨ। ਇਹ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਪੰਨਿਅਾਂ ਵਿੱਚ ਗ਼ੁਲਬਦਨ ਦੀ ਹੱਜ ਯਾਤਰਾ ਦੀ ਕਹਾਣੀ ਪੂਰੀ ਬੇਬਾਕੀ ਨਾਲ ਦਰਜ ਸੀ। ਕਿਉਂਕਿ ਇਸ ਯਾਤਰਾ ਨਾਲ ਜੁਡ਼ੀ ਘਟਨਾਵਲੀ ਮੁਗ਼ਲੀਆ ਸਲਤਨਤ ਵਾਸਤੇ ਨਮੋਸ਼ੀ ਦਾ ਬਾਇਜ਼ ਬਣੀ, ਇਸ ਲਈ ਸ਼ਾਹੀ ਕਿਤਾਬਕਾਰਾਂ ਨੇ (ਬਾਦਸ਼ਾਹ ਅਕਬਰ ਦੀ ਰਜ਼ਾਮੰਦੀ ਨਾਲ) ਇਨ੍ਹਾਂ ਪੰਨਿਅਾਂ ਨੂੰ ਗਾਇਬ ਕਰਨਾ ਹੀ ਮੁਨਾਸਿਬ ਸਮਝਿਆ। ਇਨ੍ਹਾਂ ਪੰਨਿਅਾਂ ਨੂੰ ‘ਸੁਰਜੀਤ’ ਕਰਨ ਦੀ ਚਾਹਤ ਹੀ ਰੂਬੀ ਲਾਲ ਦੇ ਉੱਦਮ ਦਾ ਮੁੱਖ ਮਨੋਰਥ ਬਣੀ। ਉਸ ਨੇ ਗ਼ੁਲਬਦਨ ਦੀ ਹੱਜ ਯਾਤਰਾ ਵਾਲੇ ਵਰ੍ਹਿਅਾਂ ਨਾਲ ਜੁਡ਼ੇ ਅਰਬੀ-ਫ਼ਾਰਸੀ ਦਸਤਾਵੇਜ਼ ਜਿੱਥੋਂ ਵੀ ਮਿਲੇ, ਇਕੱਤਰ ਕੀਤੇ। ਇਸੇ ਤਰ੍ਹਾਂ ਸੋਲ੍ਹਵੀਂ ਤੇ ਸਤਾਰ੍ਹਵੀਂ ਸਦੀਅਾਂ ਦੇ ਅਰਬੀ-ਫ਼ਾਰਸੀ ਤਵਾਰੀਖ਼ਸਾਜ਼ਾਂ ਦੀਅਾਂ ਕਿਤਾਬਾਂ ਘੋਖਣ ’ਤੇ ਵੀ ਚੋਖਾ ਸਮਾਂ ਲਾਇਆ। ਮੱਕਾ ਸ਼ਰੀਫ਼ ਨੂੰ ਛੱਡ ਕੇ ਉਹ ਬਾਕੀ ਉਨ੍ਹਾਂ ਸਾਰੀਅਾਂ ਥਾਵਾਂ ’ਤੇ ਵੀ ਗਈ ਜਿੱਥੇ-ਜਿੱਥੇ ਗ਼ੁਲਬਦਨ ਰੁਕੀ ਰਹੀ ਸੀ ਤਾਂ ਜੋ ਗ਼ੁਲਬਦਨ ਦੇ ਉੱਥੇ ਕਿਆਮ ਦੀ ਜੇਕਰ ਕੋਈ ਨਿਸ਼ਾਨੀ ਬਚੀ ਹੋਵੇ ਤਾਂ ਉਹ ਦੇਖੀ ਜਾ ਸਕੇ। ਸੱਤ ਵਰ੍ਹਿਅਾਂ ਦੀ ਅਜਿਹੀ ਖੋਜ-ਪਡ਼ਤਾਲ ਦੀ ਬਦੌਲਤ ਹੀ ‘ਵੈਗਾਬੌਂਡ ਪ੍ਰਿੰਸੈੱਸ’ ਵਜੂਦ ਵਿੱਚ ਆਈ। ਇਸ ਵਿੱਚ ਗ਼ੁਲਬਦਨ ਦੀ ਹੱਜ-ਯਾਤਰਾ ਦਾ ਜੋ ਬਿਰਤਾਂਤ ਸਿਰਜਿਆ ਗਿਆ ਹੈ, ਉਹ ਸੱਚਮੁੱਚ ਹੀ ਕਾਬਿਲੇ-ਤਾਰੀਫ਼ ਹੈ।
ਐਮੁਰੀ ਯੂਨੀਵਰਸਿਟੀ (ਐਟਲਾਂਟਾ-ਅਮਰੀਕਾ) ਵਿੱਚ ਇਤਿਹਾਸ ਦੀ ਪ੍ਰੋਫੈਸਰ ਹੈ ਰੂਬੀ ਲਾਲ। ‘ਵੈਗਾਬੌਂਡ ਪ੍ਰਿੰਸੈੱਸ’ ਉਸ ਦੀ ਚੌਥੀ ਕਿਤਾਬ ਹੈ। ਪਹਿਲੀਅਾਂ ਤਿੰਨ ਵੀ ਮੁਗ਼ਲ ਇਤਿਹਾਸ ਨਾਲ ਸਬੰਧਤ ਸਨ। ਇਨ੍ਹਾਂ ਤਿੰਨਾਂ ਵਿੱਚੋਂ ਨੂਰਜਹਾਂ ਬਾਰੇ ਕਿਤਾਬ ਜੋ 2017 ਵਿੱਚ ਛਪੀ, ਅੱਜ ਵੀ ਬੈਸਟ ਸੈੱਲਰਾਂ ਵਿੱਚ ਸ਼ੁਮਾਰ ਹੈ। ‘ਵੈਗਾਬੌਂਡ ਪ੍ਰਿੰਸੈੱਸ’ ਦਾ ਧਰਾਤਲ ਨੂਰਜਹਾਂ ਵਾਲੀ ਕਿਤਾਬ ਨਾਲੋਂ ਵੱਧ ਵਿਆਪਕ ਹੈ। ਇਹ ਕਿਤਾਬ ਜਿੰਨੀ ਮੁਗ਼ਲੀਆ ਹਿੰਦ ਬਾਰੇ ਹੈ, ਓਨੀ ਹੀ ਅਰਬ ਜਗਤ ਬਾਬਤ ਵੀ ਹੈ। ਕਿਤਾਬ ਆਮ ਪਾਠਕ ਨੂੰ ਨਾ ਸਿਰਫ਼ ਹੱਜ ਦੀਅਾਂ ਰਹੁ-ਰੀਤਾਂ ਦੀ ਅਹਿਮੀਅਤ ਤੇ ਉਨ੍ਹਾਂ ਦੇ ਇਤਿਹਾਸ ਦੀ ਜਾਣਕਾਰੀ ਪ੍ਰਦਾਨ ਕਰਦੀ ਹੈ ਸਗੋਂ ਮੱਧ-ਯੁੱਗੀ ਅਰਬਿਸਤਾਨ ਤੇ ਮੁਗ਼ਲੀਆ ਹਿੰਦ ਦੇ ਸ਼ਾਹੀ ਜੀਵਨ ਦੀਅਾਂ ਬਾਰੀਕੀਅਾਂ ਤੋਂ ਵੀ ਵਾਕਿਫ਼ ਕਰਵਾਉਂਦੀ ਹੈ। ਇਹ ਇੱਕ ਪਾਸੇ ਇੱਕ ਮੁਗ਼ਲ ਸ਼ਹਿਜ਼ਾਦੀ ਦੀ ਬੇਬਾਕੀ, ਸਾਹਸ ਤੇ ਅੱਖਡ਼ਪੁਣੇ ਦੀ ਕਹਾਣੀ ਹੈ ਅਤੇ ਦੂਜੇ ਪਾਸੇ ਇਸੇ ਸ਼ਹਿਜ਼ਾਦੀ ਦੀ ਨਫ਼ਾਸਤ, ਲਿਆਕਤ ਤੇ ਇਨਸਾਨੀਅਤ ਨੂੰ ਸਿਜਦਾ ਵੀ ਹੈ।
ਚੰਗੇ ਇਤਿਹਾਸਕ ਨਾਵਲ ਨਾਲੋਂ ਵੀ ਵੱਧ ਦਿਲਚਸਪ ਹੈ ਰੂਬੀ ਲਾਲ ਵੱਲੋਂ ਰਚਿਤ ਉਪਰੋਕਤ ਸਾਰਾ ਬਿਰਤਾਂਤ; ਉਹ ਵੀ ਇਤਿਹਾਸਕਾਰੀ ਦੇ ਅਕੀਦਿਅਾਂ ਪ੍ਰਤੀ ਪਾਬੰਦਗੀ ਦੇ ਬਾਵਜੂਦ। ਇਸੇ ਲਈ ਸਲਾਮ ਦੀ ਹੱਕਦਾਰ ਹੈ ‘ਵੈਗਾਬੌਂਡ ਪ੍ਰਿੰਸੈੱਸ’ ੳੁਰਫ਼ ‘ਘੁਮੱਕਡ਼ ਸ਼ਹਿਜ਼ਾਦੀ’।

Advertisement

Advertisement
Author Image

sukhwinder singh

View all posts

Advertisement
Advertisement
×