ਦਹਿਸ਼ਤ ਦੇ ਬਾਵਜੂਦ ਸਰਹੱਦੀ ਪਿੰਡਾਂ ’ਚ ਲੋਕਾਂ ਦੇ ਹੌਸਲੇ ਬੁਲੰਦ
ਗੁਰਬਖਸ਼ਪੁਰੀ
ਤਰਨ ਤਾਰਨ, 7 ਮਈ
ਦੇਸ਼ ਦੀ ਆਜ਼ਾਦੀ ਪ੍ਰਾਪਤੀ ਦੌਰਾਨ ਹੋਏ ਉਜਾੜੇ ਤੋਂ ਲੈ ਕੇ ਭਾਰਤ-ਪਾਕਿ ਦਰਮਿਆਨ ਹੁੰਦੀਆਂ ਰਹੀਆਂ ਲੜਾਈਆਂ ਕਰਕੇ ਚੋਖਾ ਨੁਕਸਾਨ ਸਹਿੰਦੇ ਆ ਰਹੇ ਤਰਨ ਤਾਰਨ ਦੇ ਵਾਸੀਆਂ ਨੂੰ ਇਕ ਵਾਰ ਫਿਰ ਤੋਂ ਭਾਰੀ ਮਾਨਸਿਕ ਪ੍ਰੇਸ਼ਾਨੀ ਵਿੱਚੋਂ ਲੰਘਣਾ ਪੈ ਰਿਹਾ ਹੈ। ਇਲਾਕੇ ਦੇ ਪਿੰਡ ਆਸਲ ਉਤਾੜ ਦਾ ਵਾਸੀ ਅਵਤਾਰ ਸਿੰਘ (75) 1965 ਤੇ 1971 ਦੀ ਹਿੰਦ-ਪਾਕਿ ਯੁੱਧਾਂ ਦੌਰਾਨ ਹੋਏ ਉਜੜੇ ਨੂੰ ਆਪਣੇ ਕਲੇਜੇ ਨਾਲ ਲਗਾਈ ਬੈਠਾ ਹੈ।
ਉਸ ਨੇ ਕਿਹਾ ਕਿ ਉਹ ਦਿਨ ਸਨ ਕਿ ਸਰਹੱਦੀ ਖੇਤਰ ਦੇ ਲੋਕਾਂ ਦੇ ਜੀਵਨ ਵਿੱਚ ਖੁਸ਼ਹਾਲੀ ਦਾ ਨਾਂ ਤੱਕ ਵੀ ਨਹੀਂ ਸੀ ਜਿਸ ਕਰਕੇ ਉਨ੍ਹਾਂ ਨੂੰ ਆਪਣੇ ਘਰ ਛੱਡਣ ਲੱਗਿਆਂ ਤਕਲੀਫ਼ ਨਹੀਂ ਸੀ ਹੁੰਦੀ। ਉਸ ਨੇ ਦੱਸਿਆ ਕਿ 1965 ਦੀ ਲੜਾਈ ਸ਼ਾਮ ਵੇਲੇ ਲੱਗੀ ਸੀ ਅਤੇ ਉਸ ਦੀ ਹਵੇਲੀ ਕਾਫੀ ਵੱਡੀ ਹੋਣ ਕਰਕੇ ਉਸ ਦੇ ਆਸ-ਪਾਸ ਦੀਆਂ ਬਹਿਕਾਂ ਦੇ 45 ਦੇ ਕਰੀਬ ਕਿਸਾਨਾਂ ਨੂੰ ਆਪਣੀ ਹਵੇਲੀ ਰਾਤ ਰਹਿਣ ਲਈ ਬੁਲਾ ਲਿਆ। ਉਸ ਮੌਕੇ ਦੀਆਂ ਘਟਨਾਵਾਂ ਨੂੰ ਯਾਦ ਕਰਦਿਆਂ ਅਵਤਾਰ ਸਿੰਘ ਨੇ ਕਿਹਾ ਕਿ ਅੱਗ ਵਰ੍ਹਾਉਂਦੇ ਬੰਬ ਉਨ੍ਹਾਂ ਦੇ ਕੋਲੋਂ ਦੀ ਲੰਘਦੇ ਰਹੇ ਪਰ ਉਹ ਕਿਸੇ ਜਾਨੀ ਨੁਕਸਾਨ ਤੋਂ ਬਚ ਜਾਂਦੇ ਰਹੇ।
ਉਸ ਨੇ 1965 ਦੀ ਲੜਾਈ ਵੇਲੇ ਪਾਕਿਸਤਾਨੀ ਫੌਜਾਂ ਦੇ ਆਪਣੇ ਪਿੰਡ ਆਸਲ ਉਤਾੜ ਤੱਕ ਆ ਜਾਣ ਤੇ ਹਵਾਲਦਾਰ ਅਬਦੁਲ ਹਮੀਦ ਵਲੋਂ ਪਾਕਿਸਤਾਨ ਦੇ ਕਈ ਟੈਂਕਾਂ ਨੂੰ ਬੰਬਾਂ ਨਾਲ ਤਬਾਹ ਕਰਨ ਦੀ ਵੀ ਗੱਲ ਯਾਦ ਕੀਤੀ। ਅਵਤਾਰ ਸਿੰਘ ਨੇ ਕਿਹਾ ਕਿ ਸਰਹੱਦੀ ਖੇਤਰ ਦੇ ਲੋਕਾਂ ਅੰਦਰ ਵਰਤਮਾਨ ਦੀਆਂ ਹਾਲਤਾਂ ਦੇ ਚਲਦਿਆਂ ਦਹਿਸ਼ਤ ਤਾਂ ਜ਼ਰੂਰ ਹੈ ਪਰ ਉਹ ਆਪਣੇ ਘਰ ਛੱਡ ਕੇ ਕਿਧਰੇ ਜਾਣ ਦਾ ਵਿਚਾਰ ਨਹੀਂ ਰੱਖਦੇ। ਆਸਲ ਉਤਾੜ ਤੋਂ ਭੱਠਾ ਚਲਾਉਂਦੇ ਇਕ ਕਾਰੋਬਾਰੀ ਅੰਮ੍ਰਿਤਬੀਰ ਸਿੰਘ ਨੇ ਕਿਹਾ ਕਿ ਇਲਾਕੇ ਅੰਦਰ ਲੋਕਾਂ ਦੇ ਹੌਸਲੇ ਪੂਰੇ ਬੁਲੰਦ ਹਨ।
ਸਰਹੱਦੀ ਖੇਤਰ ਦੇ ਕਸਬਾ ਖਾਲੜਾ, ਖੇਮਕਰਨ, ਭਿੱਖੀਵਿੰਡ, ਵਲਟੋਹਾ, ਰਾਜੋਕੇ, ਰੱਤੋਕੇ, ਸਰਾਏ ਅਮਾਨਤ ਖਾਂ ਅਤੇ ਨੌਸ਼ਹਿਰਾ ਢਾਲਾ ਦੀਆਂ ਦੁਕਾਨਾਂ ਆਮ ਵਾਂਗ ਖੁੱਲ੍ਹੀਆਂ ਰਹੀਆਂ। ਨੌਸ਼ਹਿਰਾ ਢਾਲਾ ਪਿੰਡ ਦੇ ਵਾਸੀ ਅਤੇ ਮੈਡੀਕਲ ਪ੍ਰੈਕਟਿਸ ਕਰਦੇ ਆ ਰਹੇ ਹਰਵਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਸਰਹੱਦੀ ਪਿੰਡਾਂ ਦੇ ਲੋਕ ਆਪਣੇ ਘਰਾਂ ਨੂੰ ਛੱਡਣ ਨੂੰ ਤਿਆਰ ਨਹੀਂ ਹਨ।