ਦਲਿਤ ਜਥੇਬੰਦੀਆਂ ਵੱਲੋਂ ਸ਼ਾਹ ਖ਼ਿਲਾਫ਼ ਮੁਜ਼ਾਹਰਾ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 26 ਦਸੰਬਰ
ਇੱਥੇ ਅੰਬੇਡਕਰ ਚੌਕ ਵਿੱਚ ਦਲਿਤ ਸਮਾਜ ਦੀਆਂ ਜਥੇਬੰਦੀਆਂ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੀ ਦਲਿਤ ਵਿਰੋਧੀ ਵਿਚਾਰਧਾਰਾ ਦਾ ਵਿਰੋਧ ਕਰਦਿਆਂ ਮੁਜ਼ਾਹਰਾ ਕੀਤਾ ਗਿਆ ਜਿਸ ਦੀ ਅਗਵਾਈ ਸਫ਼ਾਈ ਸੇਵਕ ਪੰਜਾਬ ਦੇ ਕੌਮੀ ਪ੍ਰਧਾਨ ਹੰਸ ਰਾਜ ਬਨਵਾੜੀ ਅਤੇ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਰਾਜਪੁਰਾ ਦੇ ਪ੍ਰਧਾਨ ਰਾਜਿੰਦਰ ਸਿੰਘ ਚਪੜ ਨੇ ਕੀਤੀ। ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਇਕੱਠ ਨੂੰ ਸਾਂਝੇ ਤੌਰ ’ਤੇ ਸੰਬੋਧਨ ਕਰਦਿਆਂ ਸ੍ਰੀ ਚਪੜ ਨੇ ਕਿਹਾ ਕਿ ਦੇਸ਼ ਆਜ਼ਾਦ ਹੋਣ ਤੋਂ 75 ਸਾਲ ਬਾਅਦ ਵੀ ਸੰਵਿਧਾਨ ਨੂੰ ਬਦਲਣ ਲਈ ਕੋਝੀਆਂ ਚਾਲਾਂ ਚੱਲੀਆਂ ਗਈਆਂ। ਹੁਣ ਵੀ ਡਾ. ਅੰਬੇਡਕਰ ਦਾ ਲੋਕ ਸਭਾ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅਪਮਾਨ ਕੀਤਾ ਗਿਆ ਹੈ। ਦਲਿਤ ਆਗੂ ਹੰਸ ਰਾਜ ਨੇ ਕਿਹਾ ਕਿ ਡਾ. ਅੰਬੇਡਕਰ ਨੇ ਦਲਿਤ ਸਮਾਜ ਨੂੰ ਉਨ੍ਹਾਂ ਦੇ ਹੱਕ ਲੈ ਕੇ ਦਿੱਤੇ। ਡਾ. ਬੀ.ਆਰ. ਅੰਬੇਦਕਰ ਨੇ ਖ਼ੁਦ ਬਹੁਤ ਮੁਸ਼ਕਲਾਂ ਵਿੱਚ ਪੜ੍ਹਾਈ ਲਿਖਾਈ ਕੀਤੀ ਅਤੇ ਸੰਵਿਧਾਨ ਨਿਰਮਾਣ ਵਰਗਾ ਮਹਾਨ ਕਾਰਜ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨੂੰ ਤੁਰੰਤ ਪ੍ਰਭਾਵ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਅਸਤੀਫ਼ਾ ਲੈਣਾ ਚਾਹੀਦਾ ਹੈ। ਇਸ ਮੁਜ਼ਾਹਰੇ ਵਿੱਚ ਐਡਵੋਕੇਟ ਜਸਪਾਲ ਸਿੰਘ, ਰਾਜਿੰਦਰ ਬਾਲਮੀਕਨ, ਸੰਜੇ ਬਨਵਾੜੀ, ਕਮਲ ਕੁਮਾਰ, ਸੰਜੂ ਪ੍ਰਧਾਨ, ਰਾਜਨ ਜੀ ਅਤੇ ਰਮਨ ਆਦਿ ਨੇ ਵੀ ਸੰਬੋਧਨ ਕੀਤਾ।