ਦਫ਼ਤਰੀ ਕਰਮਚਾਰੀਆਂ ਦੀ ਹੜਤਾਲ 31ਵੇਂ ਦਿਨ ਵੀ ਰਹੀ ਜਾਰੀ
ਦਫ਼ਤਰੀ ਕਰਮਚਾਰੀਆਂ ਦੀ ਮੰਗਾਂ ਨੂੰ ਲੈ ਕੇ ਚੱਲ ਰਹੀ ਹੜਤਾਲ 31ਵੇਂ ਦਿਨ ਵੀ ਜਾਰੀ ਰਹੀ। ਇਸ ਦੌਰਾਨ ਕਰਮਚਾਰੀਆਂ ਨੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਦਫ਼ਤਰੀ ਕਰਮਚਾਰੀਆਂ ਦੀ ਹਾਜ਼ਰੀ ਲਗਾਉਣ ਤੋਂ ਰੋਕਣ ਦਾ ਵਿਰੋਧ ਕੀਤਾ। ਇਸ ਕਾਰਵਾਈ ਕਾਰਨ ਰੋਹ ਵਿੱਚ ਆਏ ਕਰਮਚਾਰੀਆਂ ਨੇ ਸਬੰਧਤ ਅਧਿਕਾਰੀਆਂ ਦਾ ਘਿਰਾਓ ਵੀ ਕੀਤਾ। ਮੁਲਾਜ਼ਮਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਹਾਜ਼ਰੀ ਲਗਾਉਣ ਦਾ ਮਸਲਾ ਹੱਲ ਨਾ ਕੀਤਾ ਗਿਆ ਤਾਂ ਦਫ਼ਤਰਾਂ ਦੇ ਗੇਟ ਬੰਦ ਕਰ ਦਿੱਤੇ ਜਾਣਗੇ।
ਆਗੂਆਂ ਨੇ ਦੱਸਿਆ ਕਿ ਵਿੱਤ ਮੰਤਰੀ ਨੇ 26 ਦਸੰਬਰ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਤੁਰੰਤ ਹੱਲ ਕਰਨ ਲਈ ਉੱਚ ਅਧਿਕਾਰੀਆਂ ਨੂੰ ਸਪੱਸ਼ਟ ਹੁਕਮ ਦਿੱਤੇ ਸਨ। ਵਿੱਤ ਮੰਤਰੀ ਨੇ ਅਧਿਕਾਰੀਆਂ ਨੂੰ ਦਫ਼ਤਰੀ ਕਰਮਚਾਰੀਆਂ ਨੂੰ 8886 ਅਧਿਆਪਕਾਂ ਦੀ ਤਰਜ਼ ’ਤੇ ਰੈਗੂਲਰ ਕਰਨ ਲਈ ਤੁਰੰਤ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਸਨ ਤੇ ਮਿੱਡ-ਡੇਅ ਮੀਲ ਅਤੇ ਸਮੱਗਰੀ ਕਰਮਚਾਰੀਆਂ ਦੀ ਤਨਖਾਹ ਵਾਧੇ ਸਬੰਧੀ ਫਾਈਲਾਂ ’ਤੇ ਕਾਰਵਾਈ ਕਰਨ ਦੇ ਹੁਕਮ ਵੀ ਜਾਰੀ ਕੀਤੇ।
ਸਰਵ ਸਿੱਖਿਆ ਅਭਿਆਨ ਅਤੇ ਮਿੱਡ-ਡੇਅ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਦੇ ਆਗੂ ਸੰਜੀਵ ਕੁਮਾਰ, ਗੁਰਵਿੰਦਰ ਸਿੰਘ, ਪ੍ਰਦੀਪ ਕੁਮਾਰ, ਚੇਤਨ, ਦਿਨੇਸ਼ ਕੁਮਾਰ, ਮੁਕੇਸ਼ ਬਾਸੀ, ਕੰਜਨ ਅਤੇ ਅੰਜੂ ਸੈਣੀ ਨੇ ਐਲਾਨ ਕੀਤਾ ਕਿ ਜੇਕਰ 7 ਜਨਵਰੀ ਦੀ ਮੀਟਿੰਗ ਸਬੰਧੀ ਸਰਕਾਰ ਵੱਲੋਂ ਕੋਈ ਪੱਤਰ ਜਾਰੀ ਨਾ ਹੋਇਆ ਤਾਂ 9 ਜਨਵਰੀ ਨੂੰ ਸਿੱਖਿਆ ਭਵਨ ਮੁਹਾਲੀ ਦੇ ਬਾਹਰ ਕਰਮਚਾਰੀ ਵੱਡਾ ਮੁਜ਼ਾਹਰਾ ਕਰਨਗੇ ਅਤੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ਵੱਲ ਮਾਰਚ ਕਰਨਗੇ।